ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਨੇੜੇ ਪੁੱਜੀ, 13 ਯੂਨਿਟ ਕਰ ਰਹੇ ਨੇ ਬਿਜਲੀ ਉਤਪਦਾਨ

Electricity

ਸ਼ਹਿਰੀ ਤੇ ਦਿਹਾਤੀ ਖੇਤਰਾਂ ’ਚ ਲੱਗ ਰਹੇ ਨੇ Electricity ਦੇ ਕੱਟ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦਾ ਦੂਜਾ ਗੇੜ ਸ਼ੁਰੂ ਹੋਣ ਤੋਂ ਬਾਅਦ ਬਿਜਲੀ (Electricity) ਦੀ ਮੰਗ 12 ਹਜਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਉਂਜ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਦੇ ਕੱਟ ਸ਼ੁਰੂ ਹੋ ਗਏ ਹਨ। ਇੱਧਰ ਪਾਵਰਕੌਮ ਦੇ 15 ਯੂਨਿਟਾਂ ਚੋਂ 13 ਯੂਨਿਟ ਚਾਲੂ ਹਨ ਅਤੇ ਝੋਨੇ ਦਾ ਤੀਜਾ ਗੇੜ 19 ਜੂਨ ਤੋਂ ਸ਼ੁਰੂ ਹੋ ਰਿਹਾ ਹੈ।

ਇਕੱਤਰ ਕੀਤੇ ਵੇਰਵਿਆ ਅਨੁਸਾਰ ਅੱਜ ਬਿਜਲੀ ਦੀ ਮੰਗ 11800 ਮੈਗਾਵਾਟ ਤੇ ਪੁੱਜ ਗਈ ਹੈ ਅਤੇ ਝੋਨੇ ਦਾ ਦੂਜਾ ਗੇੜ 16 ਜੂਨ ਤੋਂ ਸ਼ੁਰੂ ਹੋ ਗਿਆ ਹੈ। ਬਿਜਲੀ ਦੀ ਮੰਗ ਲਗਾਤਾਰ ਉਤਾਂਹ ਜਾ ਰਹੀ ਹੈ, ਭਾਵੇਂ ਕਿ ਅੱਜ ਦੁਪਹਿਰ ਤੋਂ ਬਾਅਦ ਬੱਦਲਵਾਈ ਵਰਗਾ ਮੌਸਮ ਬਣਿਆ ਰਿਹਾ, ਪਰ ਗਰਮੀ ਆਪਣਾ ਰੰਗ ਦਿਖਾ ਰਹੀ ਸੀ। ਪਟਿਆਲਾ ਸ਼ਹਿਰ ਅੰਦਰ ਅੱਜ ਬਿਜਲੀ ਕੱਟ ਲੱਗਦੇ ਰਹੇ, ਜਿਸ ਕਾਰਨ ਸ਼ਹਿਰ ਅੰਦਰ ਜਰਨੇਟਰਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਜੇਕਰ ਬਿਜਲੀ ਉਤਪਾਦਨ ਦੀ ਗੱਲ ਕੀਤੀ ਜਾਵੇ ਤਾ ਪ੍ਰਾਈਵੇਟ ਥਰਮਲਾਂ ਵੱਲੋਂ 3345 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ।

ਪੰਜਾਬ ਅੰਦਰ ਝੋਨੇ ਦੇ ਦੋ ਗੇੜਾਂ ਦਾ ਕੰਮ ਚਾਲੂ

ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਵੱਲੋਂ 1802 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ, ਜਦੋਂਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1327 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਇੱਕ ਯੂਨਿਟ ਵੱਲੋਂ ਸਿਰਫ਼ 217 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ, ਜਦੋਂਕਿ ਇਸ ਥਰਮਲ ਦਾ ਇੱਕ ਯੂਨਿਟ ਬੰਦ ਪਿਆ ਹੈ। ਸਰਕਾਰੀ ਥਰਮਲ ਪਲਾਟ ਰੋਪੜ ਦੇ ਚਾਰੇ ਯੂਨਿਟਾਂ ਤੋਂ 658 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਜਦੋਂਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇਨ੍ਹਾਂ ਤੋਂ 629 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ।

ਇਸ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਪਿਛਲੇ ਇੱਕ ਸਾਲ ਤੋਂ ਬੰਦ ਪਿਆ ਹੈ ਅਤੇ ਅਜੇ ਤੱਕ ਪਾਵਰਕੌਮ ਵੱਲੋਂ ਇਸ ਨੂੰ ਦਰੁੱਸਤ ਨਹੀਂ ਕੀਤਾ ਗਿਆ। ਇਸ ਵਾਰ ਕੁਝ ਦਿਨ ਗਰਮੀ ਰਹਿਣ ਤੋਂ ਬਾਅਦ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਵਰਕੌਮ ਦੀ ਸਥਿਤੀ ਚੰਗੀ ਬਣੀ ਹੋਈ ਹੈ ਅਤੇ ਇਸ ਦੇ ਨਾਲ ਹੀ ਝੋਨੇ ਦੇ ਚਾਰ ਗੇੜ ਹੋਣ ਕਾਰਨ ਇਕੱਠਾ ਲੋਡ ਪੈਦਾ ਨਹੀਂ ਹੋ ਰਿਹਾ। ਦਿਹਾਤੀ ਖੇਤਰਾਂ ਵਿੱਚ ਗਾਹੇ-ਵਗਾਹੇ ਬਿਜਲੀ ਕੱਟ ਲੱਗ ਰਹੇ ਹਨ ਪਰ ਪਾਵਰਕੌਮ ਅਜਿਹੇ ਕੱਟਾਂ ਤੋਂ ਇਨਕਾਰੀ ਹੋ ਰਿਹਾ ਹੈ।

ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟਾਂ ’ਚ ਕੋਲੇ ਦੀ ਕਮੀ

ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋਂ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅੰਦਰ ਕੋਲੇ ਦੀ ਘਾਟ ਪਾਈ ਜਾ ਰਹੀ ਹੈ। ਤਲਵੰਡੀ ਸਾਹਿਬ ਥਰਮਲ ਪਲਾਂਟ ਕੋਲ 6.5 ਦਿਨਾਂ ਦਾ ਕੋਲਾ ਹੈ ਜਦੋਂ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ 3.3 ਦਿਨਾਂ ਦਾ ਕੋਲਾ ਹੈ। ਇਨ੍ਹਾਂ ਥਰਮਲਾਂ ਵਿੱਚ ਕੋਲੇ ਦਾ ਭੰਡਾਰ ਘੱਟ ਜਮਾਂ ਹੋ ਰਹੇ ਹਨ। ਸਰਕਾਰੀ ਥਮਰਲ ਪਲਾਟਾਂ ਸਮੇਤ ਰਾਜਪੁਰਾ ਥਰਮਲ ਪਲਾਂਟ ਅੰਦਰ ਕੋਲੇ ਦੀ ਸਥਿਤੀ ਬਿਹਤਰ ਬਣੀ ਹੋਈ ਹੈ।

ਝੋਨੇ ਦਾ ਤੀਜਾ ਪੜਾਅ 19 ਜੂਨ ਤੋਂ | Electricity

ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਤੀਜਾ ਪੜਾਅ 19 ਜੂਨ ਤੋਂ ਸੱਤ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਰਿਹਾ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਰੂਪਨਗਰ, ਐੱਸਏਐੱਸ ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮਿ੍ਰਤਸਰ ਜ਼ਿਲ੍ਹੇ ਸ਼ਾਮਲ ਹਨ। ਜਦੋਂਕਿ ਬਾਕੀ ਦੇ 9 ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ਵਿੱਚ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਵੇਗੀ। 21 ਜੂਨ ਤੋਂ ਬਾਅਦ ਪਾਵਰਕੌਮ ਸਿਰ ਲੋਡ ਵਧੇਗਾ।