ਕੁਝ ਦਿਨ ਪਹਿਲਾਂ ਉਡੀਸਾ ਵਿੱਚ ਹੋਏ ਰੇਲ ਹਾਦਸੇ (Train Accident) ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਤੇ ਸੈਂਕੜੇ ਹੋਰ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ਵਿੱਚ ਕੁਝ ਵਿਚਲਿਤ ਕਰਨ ਵਾਲੇ ਵੀਡੀਉ ਘੁੰਮ ਰਹੇ ਹਨ, ਜਿਨ੍ਹਾਂ ਵਿੱਚ ਇਸ ਹਾਦਸੇ ਕਾਰਨ ਮਾਰੇ ਗਏ ਬਦਨਸੀਬਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਵਾਂਗ ਚੁੱਕ-ਚੁੱਕ ਟੈਂਪੂਆਂ ਵਿੱਚ ਸੁੱਟਿਆ ਜਾ ਰਿਹਾ ਹੈ। ਜਦੋਂ ਵੀ ਮੈਂ ਕਦੇ ਰੇਲ ਹਾਦਸਿਆਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ 26 ਨਵੰਬਰ 1998 ਵਾਲੇ ਦਿਨ ਖੰਨੇ ਦੇ ਨਜ਼ਦੀਕ ਹੋਏ ਪੰਜਾਬ ਦੇ ਸਭ ਤੋਂ ਵੱਡੇ ਕੌੜੀ ਰੇਲ ਹਾਦਸੇ ਦੇ ਦਿ੍ਰਸ਼ ਯਾਦ ਆ ਜਾਂਦੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਐਨੀਆਂ ਲਾਸ਼ਾਂ ਅਤੇ ਜ਼ਖਮੀ ਨਹੀਂ ਵੇਖੇ ਤੇ ਨਾ ਹੀ ਅਜਿਹਾ ਭਿਆਨਕ ਹਾਦਸਾ ਵੇਖਿਆ ਹੈ।
ਉਸ ਸਮੇਂ ਮੈਂ ਪਾਇਲ ਸਬ ਡਵੀਜ਼ਨ ਵਿੱਚ ਬਤੌਰ ਡੀ. ਐਸ. ਪੀ. ਤਾਇਨਾਤ ਸੀ। ਇਹ ਹਾਦਸਾ ਸਵੇਰੇ ਤਿੰਨ ਵਜੇ ਦੇ ਕਰੀਬ ਹੋਇਆ ਸੀ ਤੇ ਪੁਲਿਸ, ਜੀ ਆਰ ਪੀ, ਰੇਲਵੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸ਼ਨ ਸਿਰਫ ਅੱਧੇ ਪੌਣੇ ਘੰਟੇ ਵਿੱਚ ਹੀ ਮੌਕੇ ‘ਤੇ ਪਹੁੰਚ ਗਏ ਸਨ। ਉਹ ਖੌਫਨਾਕ ਮੰਜ਼ਰ ਅੱਜ 25 ਸਾਲ ਬੀਤ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਰੇਲ ਦੇ ਡੱਬੇ ਇਸ ਤਰ੍ਹਾਂ ਤਬਾਹ ਹੋਏ ਸਨ ਜਿਵੇਂ ਕਿਸੇ ਬੱਚੇ ਨੇ ਗੁੱਸੇ ਵਿੱਚ ਆ ਕੇ ਮਾਚਿਸ ਦੀ ਡੱਬੀ ਮਰੋੜੀ ਹੋਵੇ। ਇੱਕ ਟਰੇਨ ਦਾ ਇੰਜਣ ਦੂਸਰੀ ਟਰੇਨ ਦੇ ਡੱਬਿਆਂ ਨੂੰ ਤੋਪ ਦੇ ਗੋਲੇ ਵਾਂਗ ਪਾੜ ਕੇ ਵਿੱਚੋਂ ਦੀ ਲੰਘ ਗਿਆ ਸੀ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦਾ ਵਧਦਾ ਰੁਝਾਨ
ਸੁੱਤੇ ਪਏ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਮੌਤ ਨੇ ਉਨ੍ਹਾਂ ਨੂੰ ਆਪਣੇ ਖੂਨੀ ਪੰਜਿਆਂ ਵਿੱਚ ਜਕੜ ਲਿਆ ਹੈ। ਇਹ ਹਾਦਸਾ ਮਨੱਖੀ ਗਲਤੀ ਕਾਰਨ ਸਿਆਲਦਾ ਐਕਸਪ੍ਰੈਸ ਦੇ ਫਰੰਟੀਅਰ ਮੇਲ ਦੇ ਲੀਹੋਂ ਲੱਥੇ ਤਿੰਨ ਡੱਬਿਆਂ ਨਾਲ ਟਕਰਾਉਣ ਕਾਰਨ ਹੋਇਆ ਸੀ। ਸਿਆਲਦਾ ਐਕਸਪ੍ਰੈਸ ਜੰਮੂ ਤੋਂ ਦਿੱਲੀ ਜਾ ਰਹੀ ਸੀ ਤੇ ਫਰੰਟੀਅਰ ਮੇਲ ਦਿੱਲੀ ਤੋਂ ਲੁਧਿਆਣਾ ਵੱਲ। ਖੰਨੇ ਤੋਂ ਪੰਜ ਕਿਲੋਮੀਟਰ ਦੂਰ ਕੌੜੀ ਪਿੰਡ ਦੇ ਨਜ਼ਦੀਕ ਫਰੰਟੀਅਰ ਮੇਲ ਦੇ ਤਿੰਨ ਡੱਬੇ ਠੀਕ ਤਰ੍ਹਾਂ ਨਾ ਜੋੜੇ ਹੋਣ ਕਾਰਨ ਟਰੇਨ ਤੋਂ ਵੱਖ ਹੋ ਕੇ ਸਿਆਲਦਾ ਐਕਸਪ੍ਰੈਸ ਵਾਲੀ ਪਟੜੀ ’ਤੇ ਜਾ ਡਿੱਗੇ ਸਨ। ਇਸ ਤੋਂ ਪਹਿਲਾਂ ਕਿ ਮੁਸਾਫਿਰ ਡੱਬਿਆਂ ਵਿੱਚੋਂ ਬਾਹਰ ਨਿੱਕਲ ਸਕਦੇ, 110 ਕਿ.ਮੀ. ਦੀ ਸਪੀਡ ਨਾਲ ਆ ਰਹੀ ਸਿਆਲਦਾ ਐਕਸਪ੍ਰੈਸ ਇਨ੍ਹਾਂ ਨਾਲ ਆ ਟਕਰਾਈ ਤੇ ਟਰੈਕ ਤੋਂ ਉੱਤਰ ਕੇ ਬੁਰੀ ਤਰ੍ਹਾਂ ਪਲਟੀਆਂ ਖਾ ਗਈ।
ਸਿਆਲਦਾ ਦੇ ਚਾਰ ਤੇ ਫਰੰਟੀਅਰ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਦੋਵਾਂ ਟਰੇਨਾਂ ਵਿੱਚ ਕਰੀਬ 2500 ਮੁਸਾਫਰ ਸਵਾਰ ਸਨ, ਜਿਨ੍ਹਾਂ ਵਿੱਚੋਂ 212 ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਹਾਦਸਾ ਐਨਾ ਜ਼ਬਰਦਸਤ ਸੀ ਕਿ ਸਿਆਲਦਾ ਦਾ ਇੰਜਣ ਟੀਨ ਦੇ ਡੱਬੇ ਵਾਂਗ ਮਰੁੰਡਿਆ ਗਿਆ ਸੀ ਤੇ ਡਰਾਈਵਰ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ ਸਨ। ਇਸ ਦਰਦਨਾਕ ਹਾਦਸੇ ਦਾ ਸਭ ਤੋਂ ਵਰਨਣਯੋਗ ਪੱਖ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆਂ ਵੱਲੋਂ ਵਿਖਾਈ ਗਈ ਮਿਸਾਲੀ ਤੇ ਗਾਥਾਮਈ ਸੇਵਾ ਭਾਵਨਾ ਸੀ। ਹਾਦਸੇ ਵਾਲੀ ਜਗ੍ਹਾ ਖੇਤਾਂ ਵਿੱਚ ਹੋਣ ਕਾਰਨ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਸਾਰੇ ਪਾਸੇ ਜ਼ਖਮੀਆਂ ਦਾ ਚੀਕ-ਚਿਹਾੜਾ ਪਿਆ ਹੋਇਆ ਸੀ ਤੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ।
ਇਹ ਵੀ ਪੜ੍ਹੋ : ਮੇਰੇ ’ਤੇ ਲੋਕਾਂ ਦੀ ਮੁਹੱਬਤ ਦਾ ‘ਪਾਗਲਪਣ’ ਸਵਾਰ : ਮੁੱਖ ਮੰਤਰੀ ਭਗਵੰਤ ਮਾਨ
ਪਰ ਖਬਰ ਫੈਲਦੇ ਸਾਰ ਦੂਰ ਨੇੜੇ ਦੇ ਪਿੰਡਾਂ ਅਤੇ ਖੰਨੇ ਤੋਂ ਸੈਂਕੜੇ ਲੋਕ ਫੌਰਨ ਮੱਦਦ ਲਈ ਪਹੁੰਚ ਗਏ। ਰੌਸ਼ਨੀ ਦਾ ਪ੍ਰਬੰਧ ਕਰਨ ਲਈ ਕਿਸਾਨਾਂ ਨੇ ਹਾਦਸੇ ਵਾਲੀ ਥਾਂ ਦੇ ਦੋਵੇਂ ਪਾਸੇ ਦਰਜ਼ਨਾਂ ਟਰੈਕਟਰ ਖੜ੍ਹੇ ਕਰ ਦਿੱਤੇ ਤੇ ਉਨ੍ਹਾਂ ਦੀਆਂ ਲਾਈਟਾਂ ਜਗਾ ਕੇ ਦਿਨ ਚੜ੍ਹਾ ਦਿੱਤਾ। ਕਿਸੇ ਨੇ ਡੀਜ਼ਲ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਪ੍ਰਸ਼ਾਸਨ ਕੋਲੋਂ ਮੰਗਿਆ। ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਦਾਨਵੀਰਾਂ ਨੇ ਸੈਂਕੜੇ ਸਟਰੇਚਰ, ਮੰਜੀਆਂ, ਕੰਬਲ ਅਤੇ ਦਵਾਈਆਂ ਪੱਟੀਆਂ ਆਦਿ ਜਰੂਰੀ ਵਸਤਾਂ ਮੌਕੇ ’ਤੇ ਪਹੁੰਚਾ ਦਿੱਤੀਆਂ ਸਨ। ਕਿਸੇ ਵੀ ਵਸਤੂ ਲਈ ਅਧਿਕਾਰੀ ਇੱਕ ਅਵਾਜ਼ ਮਾਰਦੇ ਤਾਂ ਸੌ ਬੰਦਾ ਹਾਜ਼ਰ ਹੋ ਜਾਂਦਾ ਸੀ।
ਸੈਂਕੜੇ ਲੋਕ ਸਰਕਾਰੀ ਹਸਪਤਾਲ ਵਿੱਚ ਖੂਨਦਾਨ ਕਰਨ ਲਈ ਪਹੰੁਚ ਗਏ ਸਨ। ਰਾਤ ਤੋਂ ਹੀ ਚਾਹ ਪ੍ਰਸ਼ਾਦਿਆਂ ਦਾ ਲੰਗਰ ਚਾਲੂ ਹੋ ਗਿਆ ਸੀ ਤੇ ਲੋਕਾਂ ਨੇ ਪੀੜਤਾਂ ਦੇ ਵਾਰਸਾਂ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਜਦੋਂ ਦਿੱਲੀ ਤੋਂ ਰੇਲਵੇ ਦੇ ੳੱੁਚ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਲੋਕਾਂ ਵੱਲੋਂ ਕੀਤੇ ਪ੍ਰਬੰਧ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇੱਕ ਅਫਸਰ ਨੇ ਦੱਸਿਆ ਕਿ ਕਈ ਸੂਬੇ ਤਾਂ ਅਜਿਹੇ ਹਨ, ਜਿੱਥੇ ਜੇ ਐਕਸੀਡੈਂਟ ਹੋ ਜਾਵੇ ਤਾਂ ਲੋਕ ਮੱਦਦ ਕਰਨ ਦੀ ਬਜਾਏ ਮਿ੍ਰਤਕਾਂ ਅਤੇ ਜ਼ਖ਼ਮੀਆਂ ਦਾ ਸਾਮਾਨ ਲੁੱਟਣਾ ਸ਼ੁਰੂ ਕਰ ਦੇਂਦੇ ਹਨ। ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਲ ਲਾਸ਼ਾਂ ਨੂੰ ਉਨ੍ਹਾਂ ਦੇ ਪਤੇ-ਟਿਕਾਣਿਆਂ ’ਤੇ ਪਹੁੰਚਾਉਣ ਵਿੱਚ ਆਈ ਸੀ। ਮਿ੍ਰਤਕਾਂ ਦੇ ਸਾਰੇ ਵਾਰਿਸ ਐਨੇ ਅਮੀਰ ਨਹੀਂ ਸਨ ਕਿ ਦਿੱਲੀ-ਦੱਖਣ ਤੱਕ ਕਿਰਾਏ ਦੀਆਂ ਗੱਡੀਆਂ ਕਰ ਸਕਦੇ।
ਪੰਜਾਬੀਆਂ ਦੀ ਭਾਈ ਘਨ੍ਹੱਈਆ ਜੀ ਵਾਲੀ ਸੇਵਾ ਭਾਵਨਾ ਸਾਹਮਣੇ ਆਈ
ਇੱਥੇ ਫਿਰ ਪੰਜਾਬੀਆਂ ਦੀ ਭਾਈ ਘਨ੍ਹੱਈਆ ਜੀ ਵਾਲੀ ਸੇਵਾ ਭਾਵਨਾ ਸਾਹਮਣੇ ਆਈ। ਖੰਨੇ ਦੇ ਦਾਨੀਆਂ ਨੇ ਭਾਰਤ ਦੇ ਹਰ ਕੋਨੇ ਵਿੱਚ ਲਾਸ਼ਾਂ ਪਹੁੰਚਾਉਣ ਲਈ ਆਪਣੇ ਖਰਚੇ ’ਤੇ ਟੈਕਸੀਆਂ ਕਰਕੇ ਦਿੱਤੀਆਂ ਤੇ ਗਰੀਬ ਵਾਰਿਸਾਂ ਨੂੰ ਰਸਤੇ ਦੇ ਖਰਚੇ ਵਾਸਤੇ ਪੈਸੇ ਵੀ ਦਿੱਤੇ। ਇਸ ਦੌਰਾਨ ਇੱਕ ਬੇਹੱਦ ਘਟੀਆ ਹਰਕਤ ਵੀ ਵਾਪਰੀ ਸੀ। ਜਦੋਂ ਸਾਰੇ ਲੋਕ ਨਿਰਸਵਾਰਥ ਭਾਵਨਾ ਨਾਲ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਸਨ, ਇੱਕ ਸਰਕਾਰੀ ਕਰਮਚਾਰੀ ਮਿ੍ਰਤਕਾਂ ਦੇ ਗਹਿਣੇ ਅਤੇ ਪੈਸੇ ਚੋਰੀ ਕਰਦਾ ਹੋਇਆ ਰੈੱਡ ਕਰਾਸ ਵਾਲਿਆਂ ਨੇ ਰੰਗੇ ਹੱਥੀਂ ਪਕੜ ਲਿਆ। ਉਸ ਦੀ ਘਟੀਆ ਹਰਕਤ ਕਾਰਨ ਲੋਕਾਂ ਨੇ ਉਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਤੇ ਕੁੱਟ-ਮਾਰ ਕੇ ਉੱਥੋਂ ਭਜਾ ਦਿੱਤਾ। ਹੁਣ ਵੀ ਜਦੋਂ ਕਿਸੇ ਰੇਲ ਹਾਦਸੇ ਦੀ ਖਬਰ ਆਉਂਦੀ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ। ਇਨਸਾਨੀ ਗਲਤੀ ਤੇ ਅਣਗਹਿਲੀ ਕਾਰਨ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਜਾਂਦੇ ਹਨ।
ਪਰ ਵਾਰ-ਵਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਵੀ ਪਹਿਲਾਂ ਵਾਲੀਆਂ ਗਲਤੀਆਂ ਸੁਧਾਰੀਆਂ ਨਹੀਂ ਜਾ ਰਹੀਆਂ। ਹਾਦਸਿਆਂ ਤੋਂ ਬਾਅਦ ਕੀਤੀਆਂ ਪੜਤਾਲਾਂ ਵਿੱਚ ਭਿ੍ਰਸ਼ਟ, ਨਾਅਹਿਲ ਤੇ ਕੰਮਚੋਰ ਸਰਕਾਰੀ ਅਧਿਕਾਰੀਆਂ ਦੀਆਂ ਗਲਤੀਆਂ ਸਾਹਮਣੇ ਆਉਂਦੀਆਂ ਹਨ। ਪਰ ਕੀ ਫਾਇਦਾ, ਮਰਨ ਵਾਲੇ ਤਾਂ ਵਾਪਸ ਨਹੀਂ ਆਉਣੇ। ਇਸ ਲਈ ਚਾਹੀਦਾ ਹੈ ਕਿ ਹਰ ਪੱਧਰ ’ਤੇ ਰੇਲਵੇ ਸਿਸਟਮ ਵਿੱਚ ਸੁਧਾਰ ਲਿਆਂਦਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ। ਕਿਸੇ ਮੰਤਰੀ ਜਾਂ ਉੱਚ ਅਧਿਕਾਰੀ ਦੇ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਨਾਲ ਕੋਈ ਫਰਕ ਨਹੀਂ ਪੈਣਾ।