ਕਾਰਡ ਬਦਲ ਕੇ ਠੱਗੀ ਮਾਰਨ ਵਾਲਾ ਕਾਬੂ | Sirsa News
ਸਰਸਾ (ਸੁਨੀਲ ਵਰਮਾ)। ਠੱਗੀਆਂ ਮਾਰਨ ਵਾਲੇ ਗਿਰੋਹ ਰੋਜ਼ਾਨਾ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਹਨ। ਇਸ ਤਹਿਤ ਹੁਣ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤੁਸੀਂ ਆਮ ਤੌਰ ’ਤੇ ਹੀ ਏਟੀਐੱਮ ਮਸ਼ੀਨ ਤੋਂ ਰੁਪਏ ਕਢਵਾਉਣ ਜਾਂਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਮਸ਼ੀਨ ਤੋਂ ਰੁਪਏ ਕਢਵਾਉਣ ਮੌਕੇ ਵੀ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਜੀ ਹਾਂ! ਸਾਵਧਾਨ ਰਹੋ, ਚੌਕਸ ਰਹੋ! ਤੁਹਾਡੇ ਨਾਲ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੀ ਠੱਗੀ। ਨੌਸਰਬਾਜ਼ ਏਟੀਐੱਮ ਮਸ਼ੀਨਾਂ ਦੇ ਆਲੇ-ਦੁਆਲੇ ਘੁੰਮਣ ਲੱਗੇ ਹਨ। ਜਿਵੇਂ ਹੀ ਕੋਈ ਅਨਜਾਣ ਵਿਅਕਤੀ ਉਨ੍ਹਾਂ ਦੇ ਜਾਲ ਵਿੱਚ ਫਸਦਾ ਹੈ ਤਾਂ ਉਸ ਨੂੰ ਠੱਗ ਲੈਂਦੇ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਸਰਸਾ ਜ਼ਿਲ੍ਹੇ (Sirsa News) ਦੀ ਮੰਡੀ ਡੱਬਵਾਲੀ ਤੋਂ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਥਾਣਾ ਸਿਟੀ ਡੱਬਵਾਲੀ ਦੀ ਪੁਲਿਸ ਨੇ ਮੰਡੀ ਡੱਬਵਾਲੀ ਇਲਾਕੇ ਵਿੱਚ ਏਟੀਐਮ ਮਸ਼ੀਨ ਵਿੱਚ ਏਟੀਐਮ ਕਾਰਡ ਬਦਲ ਕੇ ਪੰਜਾਬ ਦੇ ਇੱਕ ਵਿਅਕਤੀ ਤੋਂ 88 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਥਾਣਾ ਡੱਬਵਾਲੀ ਦੇ ਇੰਚਾਰਜ ਸਬ-ਇੰਸਪੈਕਟਰ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਸੇਵਕ ਉਰਫ ਸੇਵਕ ਪੁੱਤਰ ਬਲਵੀਰ ਸਿੰਘ ਵਾਸੀ ਘੁਮਿਆਰਾ ਥਾਣਾ ਮਲੋਟ, ਪੰਜਾਬ ਅਤੇ ਗੁਰਪਿਆਰ ਸਿੰਘ ਉਰਫ ਜੱਸਾ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਸੁਖਨਾ ਅਬਲੂ, ਥਾਣਾ ਕੋਟਭਾਈ, ਪੰਜਾਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਉਦਾਸੀਨਤਾ ਦੀ ਬਜਾਏ ਹਮਦਰਦੀ ਦੀ ਲੋੜ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਬਾਂਡੀ, ਜ਼ਿਲ੍ਹਾ ਬਠਿੰਡਾ, ਪੰਜਾਬ ਦੀ ਸ਼ਿਕਾਇਤ ’ਤੇ ਥਾਣਾ ਡੱਬਵਾਲੀ ਵਿਖੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।