ਖੌਫ਼ਨਾਕ ਖੋਜ਼ : ਪੈਸਟੀਸਾਈਡ ਦਾ ਖਤਰਾ ਸਭ ਤੋਂ ਪਹਿਲਾਂ ਕਿਸਾਨਾਂ ਨੂੰ

Pesticide

ਵੱਟਾਂ ਤੋਂ ਘਾਹ ਫੂਕਣਾ ਵੀ ਸਿਹਤ ਲਈ ਮਹਿੰਗਾ | Pesticide

ਪੰਜਾਬ, ਹਰਿਆਣਾ ’ਚ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਨ ਵਾਲਿਆਂ ਲਈ ਨਵੀਂ ਚੁਣੌਤੀ ਸਾਹਮਣੇ ਆ ਗਈ ਹੈ। ਡਾ. ਇਕਬਾਲ ਸਿੰਘ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਹੈ, ਨੇ ਆਪਣੀ ਖੋਜ ’ਚ ਇਹ ਦਾਅਵਾ ਕੀਤਾ ਹੈ ਕਿ ਫਸਲਾਂ ’ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਰਿਹਾ ਹੈ। ਉਨ੍ਹਾਂ ਦਾ ਸਿੱਧਾ ਜਿਹਾ ਮਤਲਬ ਕਿ ਜਿਹੜੇ ਕਿਸਾਨ ਤੇਜ਼ ਕੀੜੇਮਾਰ ਦਵਾਈਆਂ ਦੀ ਸਪਰੇਅ ਕਰਦੇ ਹਨ ਤੇ ਖੇਤ ਘੰੁਮਦੇੇ-ਫਿਰਦੇ ਹਨ ਇਸ ਦੇ ਸੰਪਰਕ ਕਾਰਨ ਉਨ੍ਹਾਂ ਦੇ ਫੇਫੜਿਆਂ ’ਤੇ ਮਾੜਾ ਅਸਰ ਹੁੰਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਜੈਵਿਕ (ਆਰਗੈਨਿਕ) ਖੇਤੀ ਕਰਦੇ ਹਨ ਉਨ੍ਹਾਂ ’ਤੇ ਕੋਈ ਮਾੜਾ ਅਸਰ ਨਜ਼ਰ ਨਹੀਂ ਆਇਆ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਜਿਸ ਖੇਤ ਵਿੱਚ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ ਉੱਥੇ ਤਖਤੀ ਲਿਖ ਕੇ ਲਾਈ ਜਾਵੇ ਕਿ ਇੱਥੇ ਛਿੜਕਾਅ ਕੀਤਾ ਹੋਇਆ ਹੈ ਤਾਂ ਕਿ ਲੋਕ ਉਸ ਖੇਤ ਵੱਲ ਨਾ ਜਾਣ।

ਸਪਰੇਅ ਵਾਲੀ ਫਸਲ ਦੇ ਕੋਲੋਂ ਲੰਘਣ ਵਾਲਾ ਵਿਅਕਤੀ ਵੀ ਪ੍ਰਭਾਵਿਤ ਹੋ ਜਾਂਦਾ ਹੈ ਤਾਂ ਇਹ ਬੇਹੱਦ ਚਿੰਤਾ ਵਾਲੀ ਸਥਿਤੀ ਹੈ। ਕਿਸਾਨਾਂ ਨੂੰ ਇਸ ਸਬੰਧੀ ਜਾਗਣਾ ਹੀ ਪੈਣਾ ਹੈ। ਜ਼ਿੰਦਗੀ ਦੀ ਕੀਮਤ ’ਤੇ ਵੱਧ ਝਾੜ ਲੈਣ ਦੀ ਸੋਚ ਤਿਆਗਣੀ ਹੀ ਪੈਣੀ ਹੈ। ਜੇਕਰ ਕੈਂਸਰ ਵਰਗੀ ਬਿਮਾਰੀ ਹੋ ਗਈ ਤਾਂ ਪੈਸਾ ਕਿਸ ਕੰਮ ਦਾ। ਜ਼ਰੂਰੀ ਹੈ ਕਿ ਸੂਬਾ ਸਰਕਾਰ ਸਮੇਂ-ਸਮੇਂ ’ਤੇ ਕਿਸਾਨਾਂ ਦੇ ਖੂਨ ਦੀ ਜਾਂਚ ਕਰਵਾਏ ਤਾਂ ਕਿ ਕਿਸੇ ਗੰਭੀਰ ਸਥਿਤੀ ਨੂੰ ਪਹਿਲਾਂ ਹੀ ਭਾਂਪਿਆ ਜਾਵੇ। ਭਾਵੇਂ ਤਾਜ਼ਾ ਖੋਜ ਵੱਡੇ ਖੁਲਾਸੇ ਕਰ ਰਹੀ ਹੈ ਪਰ ਇਹ ਤੱਥ ਤਾਂ ਦੋ ਦਹਾਕੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਕਿ ਪੰਜਾਬ ਕੈਂਸਰ ਦਾ ਘਰ ਬਣਦਾ ਜਾ ਰਿਹਾ ਹੈ। ਬੀਕਾਨੇਰ ਜਾਂਦੀ ਰੇਲ ਨੂੰ ਕੈਂਸਰ ਐਕਸਪ੍ਰੈਸ ਦੇ ਤੌਰ ’ਤੇ ਜਾਣਿਆ ਜਾਣ ਲੱਗਾ ਸੀ ਪੰਜਾਬ ਦੇ ਵੱਡੇ ਸ਼ਹਿਰਾਂ ’ਚ ਹਸਪਤਾਲਾਂ ਦੀ ਭਰਮਾਰ ਤੇ ਹਸਪਤਾਲਾਂ ਵਿਚਲੀ ਭੀੜ ਹਕੀਕਤ ਬਿਆਨ ਕਰ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ ਨਿਗਮ ’ਚ ਜੰਮ ਕੇ ਹੋਇਆ ਹੰਗਾਮਾ, ਮਾਰਸ਼ਲ ਨਾਲ ਵੀ ਹੋਈ ਝੜਪ

ਪਿੰਡ-ਪਿੰਡ ਕੈਂਸਰ ਦੇ ਮਰੀਜ਼ ਹਨ। ਬਿਮਾਰੀ ਦੀ ਸਮੱਸਿਆ ਦਾ ਹੱਲ ਸਿਰਫ਼ ਸਸਤਾ ਇਲਾਜ ਜਾਂ ਹਸਪਤਾਲਾਂ ਦਾ ਨਿਰਮਾਣ ਨਹੀਂ ਸਗੋਂ ਬਿਮਾਰੀ ਦੇ ਕਾਰਨਾਂ ਨੂੰ ਦੂਰ ਕਰਨਾ ਹੈ। ਅੱਜ ਵੀ ਕਿਸਾਨ ਤੇਜ਼ ਤੋਂ ਤੇਜ਼ ਕੀੜੇਮਾਰ ਦਵਾਈ ਖਰੀਦਣ ’ਚ ਦਿਲਚਸਪੀ ਵਿਖਾਉਂਦੇ ਹਨ। ਕਦੇ ਗੋਡੀ ਹੀ ਨਦੀਨਾਂ ਦੇ ਖਾਤਮੇ ਲਈ ਕਾਫੀ ਹੰੁਦੀ ਸੀ। ਇਸੇ ਤਰ੍ਹਾਂ ਖਾਲਾਂ ਦੀ ਸਫਾਈ ਕਹੀਆਂ ਨਾਲ ਕੀਤੀ ਜਾਂਦੀ ਸੀ ਹੁਣ ਵੱਟਾਂ-ਬੰਨਿਆਂ ਨੂੰ ਛਾਂਗਣ ਦੀ ਬਜਾਇ ਸਪਰੇਅ ਨਾਲ ਘਾਹ ਸਾੜਿਆ ਜਾ ਰਿਹਾ ਹੈ ਜੋ ਜ਼ਮੀਨ ਤੇ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਹਨ। ਅਸਲ ’ਚ ਰਵਾਇਤੀ ਖੇਤੀ ਨੂੰ ਕਿਸੇ ਨਾ ਕਿਸੇ ਰੂਪ ’ਚ ਅਪਣਾਅ ਕੇ ਖੇਤੀ ਨੂੰ ਜ਼ਹਿਰ ਮੁਕਤ ਬਣਾਉਣਾ ਜ਼ਰੂਰੀ ਹੈ।

ਤਾਜ਼ਾ ਖੋਜ ਮੁਤਾਬਕ ਸਬਜ਼ੀ ਫਲ ਖਾਣ ਵਾਲੇ ਹੀ ਬਿਮਾਰ ਨਹੀਂ ਹੋ ਰਹੇ ਸਗੋਂ ਫਸਲ ਕੋਲੋਂ ਲੰਘਣ ਵਾਲਾ ਕਿਸਾਨ ਹੀ ਸਭ ਤੋਂ ਪਹਿਲਾਂ ਕੈਂਸਰ ਦੀ ਮਾਰ ਹੇਠ ਆ ਰਿਹਾ ਹੈ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਮਾਹਿਰਾਂ ਦੀਆਂ ਰਿਪੋਰਟਾਂ ਸਿਰਫ ਅਲਮਾਰੀਆਂ ’ਚ ਰੱਖਣ ਵਾਸਤੇ ਨਹੀਂ ਸਗੋਂ ਮਿਹਨਤ ਤੇ ਚੰਗਾ ਪੈਸਾ ਖਰਚ ਕੇ ਕੀਤੀਆਂ ਜਾ ਰਹੀਆਂ ਖੋਜਾਂ ਤੋਂ ਲੋਕ ਭਲਾਈ ਦਾ ਕੰਮ ਲਿਆ ਜਾਵੇ। ਸਰਕਾਰਾਂ ਇਨ੍ਹਾਂ ਰਿਪੋਰਟਾਂ ’ਤੇ ਗੌਰ ਕਰਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਵੀ ਅੱਗੇ ਆਉਣ। ਗਿਆਨ ਤੇ ਖੋਜ ਦਾ ਮਕਸਦ ਪੂਰਾ ਹੋਣਾ ਜ਼ਰੂਰੀ ਹੈ ਤੇ ਇਹ ਸਰਕਾਰਾਂ ਦੀ ਜਿੰਮੇਵਾਰੀ ਤੇ ਨੈਤਿਕ ਫਰਜ਼ ਵੀ ਹੈ।