ਸਰਵਿਸ ਵੋਟਰਾਂ ਲਈ ਪਹਿਲੀ ਵਾਰ ਇਸਤੇਮਾਲ ਹੋਵੇਗਾ ਇਲੈਕਟ੍ਰਾਨਿਕ ਸਿਸਟਮ

ਮੁੱਖ ਚੋਣ ਦਫ਼ਤਰ ਵੱਲੋਂ ਸਬੰਧਿਤ ਦੋ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਚਾਰ ਰਿਟਰਨਿੰਗ ਅਫਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਚੰਡੀਗੜ੍ਹ, ਸੱਚ ਕਹੂੰ ਨਿਊਜ਼. 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੂਬੇ ਵਿਚ ਪਹਿਲੀ ਵਾਰ ਚਾਰ ਵਿਧਾਨ ਸਭਾ ਹਲਕਿਆਂ ਵਿਚ ਮੁਲਾਜ਼ਮ ਵੋਟਰਾਂ (Voters) ਲਈ ਇਲੈਕਟ੍ਰੋਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਰਾਂਹੀ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਸੈਕਟਰ 17 ਸਥਿੱਤ ਮੁੱਖ ਚੋਣ ਦਫਤਰ, ਪੰਜਾਬ ਵਿਖੇ ਸਬੰਧਤ 4 ਵਿਧਾਨ ਸਭਾ ਹਲਕੇ, ਜਿਨ੍ਹਾਂ ਵਿਚ ਆਤਮ ਨਗਰ, ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਤੇ ਜਲੰਧਰ ਪੱਛਮੀ (ਰਾਖਵਾਂ) ਸ਼ਾਮਲ ਹਨ, ਦੇ ਰਿਟਰਨਿੰਗ ਅਫਸਰਾਂ ਅਤੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਸ੍ਰੀ ਵੀ ਕੇ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਸੇਵਾ ਨਿਭਾਉਂਦੇ ਅਫਸਰਾਂ/ਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਪਹਿਲੀ ਵਾਰ ਆਨਲਾਈਨ ਵੋਟਾਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਲੈਕਟ੍ਰਾਨਿਕਲੀ ਟਰਾਂਸਮਿਸ਼ਨ ਪੋਸਟਲ ਬੈਲਟ ਸਿਸਟਮ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਧੀ ਸੁਰੱਖਿਅਤ ਅਤੇ ਇਸ ਦੀਆਂ ਪੰਜ ਪੱਧਰੀ ਸਕਿਊਰਟੀ ਪਰਤਾਂ ਹਨ।

ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ

ਉਨਾਂ ਦਸਿਆ ਕਿ ਇਸ ਨਾਲ ਇਨ੍ਹਾਂ ਚਾਰ ਹਲਕਿਆਂ ਦੇ ਸਬੰਧਿਤ ਸਰਵਿਸ ਵੋਟਰ ਆਪਣੀਆਂ-ਆਪਣੀਆਂ ਥਾਵਾਂ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਸਬੰਧੀ ਅੱਜ ਇਨ੍ਹਾਂ ਚਾਰ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਤੇ ਜ਼ਿਲ੍ਹਾ ਅਫਸਰਾਂ ਨੂੰ ਵਿਸਤਾਰ ਵਿਚ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੇਣ ਲਈ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ (ਆਈ ਟੀ) ਵੀ ਐਨ ਸ਼ੁਕਲਾ ਅਤੇ ਉਨਾਂ ਦੀ ਤਿੰਨ ਮੈਂਬਰੀ ਟੀਮ ਉੱਚੇਚੇ ਤੌਰ ‘ਤੇ ਆਈ। ਮੁੱਖ ਚੋਣ ਅਫਸਰ ਨੇ ਵਿਸਤਾਰ ਵਿਚ ਜਾਣਕਾਰੀ ਦਿੰਦੇ ਦਸਿਆ ਕਿ ਇਸ ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ ਪਰੰਤੁ ਉਸਦੀ ਵਾਪਸੀ ਪਹਿਲਾਂ ਵਾਂਗ ਪੋਸਟਲ ਸਿਸਟਮ ਨਾਲ ਹੋਵੇਗੀ। ਉਨਾਂ ਦਸਿਆ ਕਿ ਅਗਲੇ ਪੜਾਅ ਵਿਚ ਚੋਣ ਕਮਿਸ਼ਨ ਦਾ ਇਹ ਟੀਚਾ ਹੈ ਕਿ ਦੋਵਾਂ ਪਾਸਿਓਂ ਇਲੈਕਟ੍ਰਨਿਕਲੀ  ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ।

ਇਸ ਟ੍ਰੇਨਿੰਗ ਦੌਰਾਨ ਵਧੀਕ ਮੁੱਖ ਚੋਣ ਅਫਸਰ ਸਿਬਨ ਸੀ, ਵਧੀਕ ਮੁੱਖ ਚੋਣ ਅਫਸਰ ਡੀ ਲਾਕੜਾ, ਲਧਿਆਣਾ ਦੇ ਜਿਲਾ ਚੋਣ ਅਫਸਰ ਰਵੀ ਭਗਤ, ਜਲੰਧਰ ਜਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ, ਆਤਮ ਨਗਰ ਦੇ ਰਿਟਰਨਿੰਗ ਅਫਸਰ ਸ਼ਿਖਾ ਭਗਤ, ਲੁਧਿਆਣਾ ਪੁਰਵੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਸੁਰਭੀ ਮਲਿਕ, ਲੁਧਿਆਣਾ ਉੱਤਰੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਲਵਜੀਤ ਕੌਰ ਕਲਸੀ ਅਤੇ ਜਲੰਧਰ ਪੱਛਮੀ ਦੇ ਰਿਟਰਨਿੰਗ ਅਫਸਰ ਹਰਵੀਰ ਸਿੰਘ ਸ਼ਾਮਲ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ