43 ਡਿਗਰੀ ਨਾਲ ਬਠਿੰਡਾ ਰਿਹਾ ਦੂਜੇ ਸਥਾਨ ’ਤੇ (Summer Fury)
(ਸੁਖਜੀਤ ਮਾਨ) ਬਠਿੰਡਾ। ਜੇਠ ਮਹੀਨੇ ਦੀ ਗਰਮੀ ਨੇ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਗਰਮੀ ਦਾ ਅਸਰ ਆਮ ਜਨ ਜੀਵਨ ਤੋਂ ਇਲਾਵਾ ਖੇਤੀ ਸੈਕਟਰ ’ਤੇ ਵੀ ਪੈ ਰਿਹਾ ਹੈ ਆਉਣ ਵਾਲੇ ਕੁੱਝ ਦਿਨਾਂ ’ਚ ਕਿਤੇ-ਕਿਤੇ ਹਲਕੇ ਮੀਂਹ ਨਾਲ ਤਾਪਮਾਨ ’ਚ ਕੁੱਝ ਹੱਦ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ ਉਂਝ ਧੂੜ ਭਰੀਆਂ ਹਨੇਰੀਆਂ ਹਾਲੇ ਵਗ੍ਹਦੀਆਂ ਰਹਿਣਗੀਆਂ। (Summer Fury)
ਵੇਰਵਿਆਂ ਮੁਤਾਬਿਕ ਇੰਨ੍ਹੀਂ ਦਿਨੀਂ ਪੰਜਾਬ ’ਚ ਭਾਰੀ ਗਰਮੀ ਪੈ ਰਹੀ ਹੈ ਗਰਮੀ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤੀ ਸੈਕਟਰ ਅਤੇ ਬੇਸਹਾਰਾ ਪਸ਼ੂ ਵੀ ਗਰਮੀ ਦਾ ਕਹਿਰ ਝੱਲ ਰਹੇ ਹਨ ਖੇਤਾਂ ’ਚ ਇੰਨ੍ਹੀਂ ਦਿਨੀਂ ਉੱਗਦੇ ਹੋਏ ਨਰਮੇ ਅਤੇ ਮੱਕੀ ਤੋਂ ਇਲਾਵਾ ਸਬਜ਼ੀਆਂ ਆਦਿ ਨੂੰ ਗਰਮੀ ਭੁੰਨ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਨਵ-ਨਿਯੁਕਤ ਕਰਮੀਆਂ ਨੂੰ ਨਿਯੁਕਤੀ ਪੱਤਰ ਵੰਡੇ
ਕਿਸਾਨਾਂ ਵੱਲੋਂ ਮੱਕੀ ਆਦਿ ਨੂੰ ਲਗਾਤਾਰ ਪਾਣੀ ਲਗਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਬੀਤੇ 24 ਘੰਟਿਆਂ ’ਚ ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ 43.2 ਡਿਗਰੀ ਸੈਲਸੀਅਸ ਨਾਲ ਪੰਜਾਬ ਦਾ ਸਭ ਤੋਂ ਵੱਧ ਗਰਮ ਸ਼ਹਿਰ ਰਿਹਾ ਜਦੋਂਕਿ 43 ਡਿਗਰੀ ਨਾਲ ਬਠਿੰਡਾ ਦੂਜੇ ਸਥਾਨ ’ਤੇ ਰਿਹਾ ਇਸ ਤੋਂ ਇਲਾਵਾ ਅੰਮਿ੍ਰਤਸਰ ਤੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ, ਪਟਿਆਲਾ ’ਚ 41.2 ਡਿਗਰੀ, ਪਠਾਨਕੋਟ 41 ਡਿਗਰੀ, ਫਰੀਦਕੋਟ 40.6 ਡਿਗਰੀ, ਗੁਰਦਾਸਪੁਰ 39.5 ਡਿਗਰੀ, ਬਰਨਾਲਾ 41.3 ਡਿਗਰੀ, ਫਤਿਹਗੜ੍ਹ ਸਾਹਿਬ 41.1 ਡਿਗਰੀ, ਫਿਰੋਜ਼ਪੁਰ 40.4 ਡਿਗਰੀ, ਹੁਸ਼ਿਆਰਪੁਰ 41.3 ਡਿਗਰੀ, ਮੋਹਾਲੀ 39.6 ਡਿਗਰੀ ਅਤੇ ਸ੍ਰੀ ਮੁਕਤਸਰ ਸਾਹਿਬ 41.4 ਡਿਗਰੀ ਰਿਹਾ।
ਹਲਕਾ ਮੀਂਹ ਤੇ ਤੇਜ਼ ਹਵਾਵਾਂ ਦੀਆਂ ਸੰਭਾਵਨਾਵਾਂ (Summer Fury)
ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਸਬੰਧੀ ਸੰਭਾਵਿਤ ਮੌਸਮ ਬਾਰੇ ਦੱਸਿਆ ਹੈ ਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ’ਚ ਗਰਮ-ਚਮਕ ਵਾਲਾ ਮੌਸਮ ਹੋਣ ਕਰਕੇ ਕਿਤੇ-ਕਿਤੇ ਹਲਕਾ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗ੍ਹ ਸਕਦੀਆਂ ਹਨ।
ਖੇਤੀ ਤੇ ਸਿਹਤ ਮਾਹਿਰਾਂ ਦੀ ਸਲਾਹ
ਖੇਤੀ ਮਾਹਿਰਾਂ ਨੇ ਫਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਸ਼ਿਸ਼ ਕਰੋ ਕਿ ਘਰ ਤੋਂ ਬਾਹਰ ਦੇ ਜ਼ਿਆਦਾ ਕੰਮ ਦਿਨ ਦੇ ਠੰਢੇ ਸਮੇਂ ਜਿਵੇਂ ਸਵੇਰੇ ਜਾਂ ਸ਼ਾਮ ਵੇਲੇ ਕੀਤੇ ਜਾਣ ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਓ, ਤਲੇ ਹੋਏ ਅਤੇ ਬਾਸੀ ਭੋਜਨ ਤੋਂ ਪ੍ਰਹੇਜ਼ ਕਰੋ ਇਸ ਤੋਂ ਇਲਾਵਾ ਸਿੱਧੀ ਧੁੱਪ ਤੋਂ ਬਚਣ ਲਈ ਸਿਰ ਨੂੰ ਢਕਣ ਲਈ ਪੱਗ, ਛੱਤਰੀ, ਟੋਪੀ, ਦੁਪੱਟੇ ਜਾਂ ਤੌਲੀਏ ਦੀ ਵਰਤੋਂ ਕਰੋ।