ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲ ਦੀ ਹੋ ਰਹੀ ਐ ਸਿੱਧੀ ਅਦਾਇਗੀ

Subsidy on Machinery
ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ. ਸੇਨੂੰ ਦੁੱਗਲ ਆਈ.ਏ.ਐੱਸ.

ਫਾਜਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ (Farmers) ਦੀ ਸੁਵਿਧਾ ਲਈ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਦਾ ਕੰਮ ਚਲਾਇਆ ਜਾ ਰਿਹਾ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਲੱਖ 33 ਹਜ਼ਾਰ 664 ਮੀਟ੍ਰਿਕ ਟਨ ਕਣਕ ਪੁੱਜੀ ਸੀ, ਜਿਸ ਵਿੱਚੋਂ ਸਾਰੀ ਦੀ ਸਾਰੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। 48 ਘੰਟੇ ਪਹਿਲਾਂ ਤੱਕ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਦੀ ਰਕਮ 1500.05 ਕਰੋੜ ਰੁਪਏ ਦੀ ਬਣਦੀ ਹੈ ਇਸ ਵਿਚੋਂ 1480.497 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਹੋ ਗਏ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਖ੍ਰੀਦ ਕੀਤੀ ਗਈੇ ਕਣਕ ਵਿੱਚੋਂ 79.44 ਫ਼ੀਸਦੀ ਲਿਫ਼ਟਿੰਗ ਵੀ ਮੁਕੰਮਲ ਕਰਵਾਈ ਜਾ ਚੁੱਕੀ ਹੈ। ਸਾਰੀਆਂ ਮੰਡੀਆਂ ਵਿੱਚ ਯੋਗ ਬਾਰਦਾਨਾ, ਪਾਣੀ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਕਣਕ ਦੀ ਖਰੀਦ ਦਾ ਸੀਜ਼ਨ ਪੂਰੀ ਤੇਜ਼ ਗਤੀ ਨਾਲ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਬੰਧਤ ਵਿਭਾਗਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਮੁਕੰਮਲ ਹੋਣ ਹੀ ਵਾਲਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ ਕਿਉਂਕਿ ਇਸ ਉਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਪਾਬੰਦੀ ਲਗਾਈ ਗਈ ਹੈ। (Farmers)

ਡਿਪਟੀ ਕਮਿਸ਼ਨਰ ਨੇ ਕਣਕ ਦੀ ਖ੍ਰੀਦ ਦਾ ਏਜੰਸੀਵਾਈਜ਼ ਵੇਰਵਾ ਸਾਂਝ ਕਰਦਿਆਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵੱਲੋ 200718 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 200502 ਮੀਟ੍ਰਿਕ ਟਨ, ਪਨਸਪ ਵੱਲੋ 195716 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 8867 ਮੀਟ੍ਰਿਕ ਟਨ, ਪੰਜਾਬ ਵੇਅਰਹਾਊਸ ਵੱਲੋ 111177 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 16684 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਨਾੜ ਨਾ ਸਾੜਨ ਦੀ ਅਪੀਲ | Farmers

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਜਾਂ ਹੋਰ ਰਹਿੰਦ ਖੁਹੰਦ ਨੂੰ ਸਾੜਨ ਨਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦੇਣ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਖੇਤੀ ਰਹਿੰਦ ਖੁਹੰਦ ਸਾੜਨ ਨਾਲ ਜਿੱਥੇ ਸਾਡੀ ਜਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਉਥੇ ਹੀ ਇਸ ਨਾਲ ਵਾਤਾਵਰਨ ਵੀ ਪ੍ਰਦੁਸਿ਼ਤ ਹੁੰਦਾ ਹੈ ਅਤੇ ਕਈ ਵਾਰ ਇਸਦਾ ਧੂੰਆ ਅਤੇ ਅੱਗ ਹਾਦਸਿਆਂ ਦੀ ਕਾਰਨ ਵੀ ਬਣਦਾ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਕੁਦਰਤ ਦਾ ਸੱਚਾ ਦੋਸਤ ਹੈ ਅਤੇ ਪੂਰੀਆਂ ਦੁਨੀਆਂ ਦਾ ਪੇਟ ਭਰਨ ਵਾਲਾ ਕਿਸਾਨ ਪ੍ਰਦੁਸ਼ਨ ਪੈਦਾ ਕਰਨ ਵਾਲਾ ਨਹੀਂ ਅਖਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪੁਰੇ ਸਮਾਜ ਲਈ ਸਤਿਕਾਰਤ ਹੈ ਅਤੇ ਪੂਰੇ ਸਮਾਜ ਵੱਲੋਂ ਉਸਨੂੰ ਕਣਕ ਦੀ ਨਾੜ ਨਾ ਸਾੜਨ ਦੀ ਅਪੀਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੁਸ਼ਨ ਨਾਲ ਵਾਤਾਵਰਨ ਵਿਚ ਆ ਰਹੇ ਬਦਲਾਵਾਂ ਦੇ ਅਸਰ ਸਭ ਤੋਂ ਵੱਧ ਸਾਡੀ ਖੇਤੀ ਤੇ ਹੀ ਹੁੰਦੇ ਹਨ ਅਤੇ ਅਸੀਂ ਵੇਖਿਆ ਹੈ ਕਿ ਪਿੱਛਲੇ ਦਿਨੀ ਬੇਰੁੱਤੀਆਂ ਬਰਸਾਤਾਂ ਨੇ ਕਿਸਾਨਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਕੀਤਾ ਸੀ। ਇਸ ਲਈ ਸਾਨੂੰ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜੇ ਗੱਠਜੋੜ ਨਾ ਟੁੱਟਦਾ ਤਾਂ ਅਕਾਲੀ-ਭਾਜਪਾ ਪੁੱਜ ਗਏ ਸੀ ਜਿੱਤ ਦੇ ਨੇੜੇ

ਓਧਰ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਨਾੜ ਦੀ ਤੂੜੀ ਬਣਵਾਉਣ ਕਿਉਂਕਿ ਤੁੜੀ ਦੀ ਇਸ ਵੇਲੇ ਚੰਗੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਤੁੜੀ ਬਣਵਾਉਣ ਤੋਂ ਬਾਅਦ ਕੁਝ ਕਿਸਾਨ ਪਿੱਛੇ ਬਚੀ ਰਹਿੰਦ ਖੁਹੰਦ ਨੂੰ ਅੱਗ ਲਗਾ ਦਿੰਦੇ ਹਨ ਜ਼ੋ ਕਿ ਕਿਸੇ ਵੀ ਤਰਾਂ ਨਾਲ ਜਾਇਜ ਨਹੀਂ ਹੈ ਸਗੋਂ ਇਸ ਰਹਿੰਦ ਖੁਹੰਦ ਨੂੰ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ ਜਿਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਖੇਤਾਂ ਵਿਚ ਲੱਗੇ ਰੁੱਖ ਵੀ ਮੱਚ ਜਾਂਦੇ ਹਨ ਅਤੇ ਪੰਛੀਆਂ ਲਈ ਵੀ ਇਹ ਅੱਗ ਘਾਤਕ ਸਿੱਧ ਹੁੰਦੀ ਹੈ।

ਇਹ ਵੀ ਪੜ੍ਹੋ : ਕੌਮੀ ਪਾਰਟੀ ਬਣਨ ਮਗਰੋਂ ‘AAP’ ਦੀ ਪਹਿਲੀ ਸੀਟ ਨਾਲ Lok Sabha ’ਚ ਐਂਟਰੀ