Lok Sabha ’ਚ ਆਮ ਆਦਮੀ ਪਾਰਟੀ ਦਾ ‘ਸੋਕਾ’ ਖ਼ਤਮ, 13 ਸਾਲਾਂ ਪਿੱਛੋਂ ‘ਆਪ’ ਨੂੰ ਮਿਲਿਆ ਸੀ ਕੌਮੀ ਪਾਰਟੀ ਦਾ ਦਰਜਾ
ਸੰਗਰੂਰ (ਗੁਰਪ੍ਰੀਤ ਸਿੰਘ)। ਆਖ਼ਰ ਜਲੰਧਰ ਲੋਕ ਸਭਾ (Lok Sabha) ਦੀ ਜ਼ਿਮਨੀ ਚੋਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਾਤੇ ਚਲੀ ਗਈ ਹੈ। ਭਾਵੇਂ ਆਮ ਆਦਮੀ ਪਾਰਟੀ ਨੂੰ ਮਹਿਜ ਛੇ ਮਹੀਨੇ ਹੀ ਇਸ ਕੁਰਸੀ ਦਾ ਜੱਸ ਹਾਸਲ ਹੋਵੇਗਾ ਪਰ ਇਸ ਜ਼ਿਮਨੀ ਚੋਣ ਨੇ ਨਵੀਂ-ਨਵੀਂ ਕੌਮੀ ਪਾਰਟੀ ਬਣੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਖਾਤੇ ਵਿੱਚੋਂ ਸਿਫ਼ਰ ਹਟਾ ਦਿੱਤੀ ਹੈ ਕਿਉਂਕਿ ਬੇਸ਼ੱਕ ਆਮ ਆਦਮੀ ਪਾਰਟੀ ਕੌਮੀ ਪਾਰਟੀ ਤਾਂ ਬਣ ਗਈ ਸੀ ਪਰ ਉਸ ਕੋਲ ਲੋਕ ਸਭਾ ਵਿੱਚ ਇੱਕ ਵੀ ਸੰਸਦ ਮੈਂਬਰ ਨਹੀਂ ਸੀ। ਆਮ ਆਦਮੀ ਪਾਰਟੀ ਦੇ ਨਵੇਂ ਸੰਸਦ ਮੈਂਬਰ ਆਪਣੀ ਪਾਰਟੀ ਦੀਆਂ ਨੀਤੀਆਂ ਲੋਕ ਸਭਾ ਵਿੱਚ ਚੁੱਕਣਗੇ।
ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਚਹੁੰ ਕੋਣੇ ਮੁਕਾਬਲੇ ਵਿੱਚੋਂ ਜਿੱਤ ਲਈ ਹੈ। ਇਸ ਜਿੱਤ ਨਾਲ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪੰਜਾਬ ਪ੍ਰਤੀ ਅਪਣਾਈਆਂ ਨੀਤੀਆਂ ਨੂੰ ਬਲ ਮਿਲੇਗਾ, ਉੱਥੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਤੇ ਵੀ ਪੱਕੀ ਮੋਹਰ ਸਾਬਤ ਹੋਈ ਹੈ। ਉਂਜ ਇਹ ਮਿੱਥ ਰਹੀ ਹੈ ਕਿ ਜਿਸਦੀ ਸਰਕਾਰ ਹੋਵੇ ਤਾਂ ਜ਼ਿਮਨੀ ਚੋਣ ਉਸੇ ਦੀ ਹੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨਾਲ ਅਜਿਹਾ ਨਹੀਂ ਹੋਇਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੂਨ 2022 ਵਿੱਚ ਹੋਈ ਪਹਿਲੀ ਸੰਗਰੂਰ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਹਾਰ ਆਮ ਆਦਮੀ ਪਾਰਟੀ ਲਈ ਇਸ ਲਈ ਵੀ ਵੱਧ ਤਕਲੀਫ਼ਦੇਹ ਸੀ ਕਿਉਂਕਿ ਉਸਨੂੰ ਆਪਣੇ ਗੜ੍ਹ ਵਿੱਚੋਂ ਕਰਾਰੀ ਹਾਰ ਮਿਲੀ ਪਰ ਜਲੰਧਰ ਵਿੱਚ ਹੋਈ ਜਿੱਤ ਨੇ ਉਸ ਹਾਰ ਦਾ ਦਰਦ ਭੁਲਾ ਦਿੱਤਾ।
ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ | Lok Sabha
26 ਨਵੰਬਰ 2012 ਨੂੰ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਨੂੰ ਕੌਮੀ ਪਾਰਟੀ ਸਥਾਪਤ ਕਰਨ ਲਈ 13 ਸਾਲਾਂ ਦੀ ਉਡੀਕ ਕਰਨੀ ਪਈ, ਆਖ਼ਰ 10 ਅਪਰੈਲ 2023 ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਕਿਉਂਕਿ ਪਾਰਟੀ ਨੇ ਪੰਜਾਬ, ਦਿੱਲੀ, ਗੁਜਰਾਤ ਅਤੇ ਗੋਆ ਵਿੱਚ ਚੋਣਾਂ ਲੜ ਕੇ ਵਧੀਆ ਵੋਟ ਪ੍ਰਤੀਸ਼ਤਤਾ ਹਾਸਲ ਕੀਤੀ ਸੀ। ਭਾਵੇਂ ਗੋਆ ਜਾਂ ਗੁਜਰਾਤ ਵਿੱਚ ਪਾਰਟੀ ਨੂੰ ਕੋਈ ਵੱਡੀ ਸਫ਼ਲਤਾ ਹਾਸਲ ਨਹੀਂ ਸੀ ਹੋਈ ਪਰ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਮਿਲੀ ਵੋਟ ਪ੍ਰਤੀਸ਼ਤਤਾ ਉਸ ਨੂੰ ਕੌਮੀ ਪਾਰਟੀ ਦੇ ਰਾਹ ਤੱਕ ਜ਼ਰੂਰ ਲੈ ਆਈ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਇਸ ਕੌਮੀ ਪਾਰਟੀ ਦੇ ਪੈਰ ਹੋਰ ਪੱਕੇ ਕਰਦਿਆਂ ਉਸ ਨੂੰ ਇਸ ਲੋਕ ਸਭਾ ਵਿੱਚ ਇੱਕ ਮੈਂਬਰ ਪਾਰਲੀਮੈਂਟ ਵੀ ਦੇ ਦਿੱਤਾ ਹੈ।
ਭਾਰਤੀ ਚੋਣ ਕਮਿਸ਼ਨ ਮੁਤਾਬਕ ਉਸ ਪਾਰਟੀ ਨੂੰ ਹੀ ਕੌਮੀ ਪਾਰਟੀ ਦਾ ਦਰਜਾ ਮਿਲਦਾ ਹੈ, ਜਿਸ ਨੇ ਘੱਟ ਤੋਂ ਘੱਟ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ 6 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ ਜਾਂ ਦੇਸ਼ ਦੀਆਂ ਸਾਰੀਆਂ ਲੋਕ ਸਭਾ ਚੋਣਾਂ ਵਿੱਚ 2 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ। ਇਹ ਖਾਨੇ ਪੂਰੇ ਕਰਦਿਆਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੋਇਆ ਹੈ।
ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ 10 ਮੈਂਬਰ | Lok Sabha
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ 10 ਮੈਂਬਰ ਹਨ, ਜਿਨ੍ਹਾਂ ਵਿੱਚੋਂ 3 ਮੈਂਬਰ ਸੰਜੇ ਸਿੰਘ, ਨਿਰੰਜਣ ਦਾਸ ਗੁਪਤਾ ਅਤੇ ਸੁਸ਼ੀਲ ਕੁਮਾਰ ਗੁਪਤਾ ਨੂੰ ਦਿੱਲੀ ਰਾਹੀਂ ਰਾਜ ਸਭਾ ਵਿੱਚ ਭੇਜਿਆ ਗਿਆ, ਜਦੋਂ ਕਿ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਵਿੱਚ ਮੌਜ਼ੂਦ ਹਨ ਜਿਨ੍ਹਾਂ ਵਿੱਚ ਸੰਜੀਵ ਅਰੋੜਾ, ਕ੍ਰਿਕਟਰ ਹਰਭਜਨ ਸਿੰਘ, ਅਸ਼ੋਕ ਕੁਮਾਰ ਮਿੱਤਲ ਵਪਾਰੀ ਆਗੂ, ਰਾਘਵ ਚੱਢਾ ਆਪ ਆਗੂ, ਸੰਦੀਪ ਪਾਠਕ ਆਪ ਆਗੂ, ਬਲਵੀਰ ਸਿੰਘ ਸੀਚੇਵਾਲ ਧਾਰਮਿਕ ਸ਼ਖ਼ਸੀਅਤ, ਵਿਕਰਮਜੀਤ ਸਿੰਘ ਸਾਹਨੀ ਵਪਾਰੀ ਆਗੂ ਸ਼ਾਮਲ ਹਨ। ਆਪ ਦੇ ਰਾਜ ਸਭਾ ਵਿੱਚ ਕੁੱਲ 10 ਮੈਂਬਰਾਂ ਵਿੱਚੋਂ 7 ਮੈਂਬਰ ਪੰਜਾਬ ਨੇ ਦਿੱਤੇ ਹਨ।
ਇਹ ਵੀ ਪੜ੍ਹੋ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਜਦੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ, ਉਦੋਂ ਇਸ ਦਾ ਲੋਕ ਸਭਾ ਵਿੱਚ ਸਿਰਫ਼ ਇੱਕੋ-ਇੱਕ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਸੀ ਜਿਹੜੇ ਸੰਗਰੂਰ ਤੋਂ ਲਗਾਤਾਰ ਦੋ ਵਾਰ ਚੁਣ ਕੇ ਸੰਸਦ ਵਿੱਚ ਪੁੱਜੇ ਸਨ। ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਭਗਵੰਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਕਿਉਂਕਿ ਵਿਧਾਨ ਸਭਾ ਵਿੱਚ ਹੋਈ ਵੱਡੀ ਜਿੱਤ ਕਰਕੇ ਪਾਰਟੀ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣ ਲਿਆ ਗਿਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। (Lok Sabha)