ਭ੍ਰਿਸ਼ਟਾਚਾਰ ਤੇ ਕੁਸ਼ਾਸਨ ਨਾਲ ਮੁਕਾਬਲਾ: ਅਮਰਿੰਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਵੱਲੋਂ ਸੂਬੇ ਅੰਦਰ ਇੱਕ ਪੜਾਅ ‘ਚ ਵੋਟਿੰਗ ਕਰਵਾਉਣ ਦੀ ਯੋਜਨਾ ਤੇ ਚੋਣ ਜ਼ਾਬਤਾ ਲਾਗੂ ਕਰਨ ਦਾ ਸਵਾਗਤ ਕਰਦਿਆਂ, ਭਰੋਸਾ ਪ੍ਰਗਟਾਇਆ ਕਿ ਪਾਰਟੀ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅੰਦਰ ਸਪੱਸ਼ਟ ਜਿੱਤ ਦਰਜ ਕਰਦਿਆਂ 70 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਿਲ ਕਰੇਗੀ।
ਕੈਪਟਨ ਅਮਰਿੰਦਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਮਿਲਣ ਦੀ ਗੱਲ ਨੂੰ ਖ਼ਾਰਜ ਕਰਦਿਆਂ, ਇਨ੍ਹਾਂ ਚੋਣਾਂ ‘ਚ ਬਾਦਲ ਸਰਕਾਰ ਦੌਰਾਨ ਨਸ਼ਿਆਂ, ਭ੍ਰਿਸ਼ਟਾਚਾਰ ਤੇ ਕੁਸ਼ਾਸਨ ਨੂੰ ਮੁੱਖ ਮੁੱਦੇ ਦੱਸਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਥੇ ਬਾਦਲਾਂ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਨੇ ਸੂਬੇ ਅੰਦਰ ਵਪਾਰ, ਉਦਯੋਗ ਤੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਸੂਬਾ ਅੱਜ ਬੇਰੁਜ਼ਗਾਰੀ ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਬਾਹਰਲੇ ਕਰਕੇ ਬਦਹਾਲੀ ਦੀ ਸ਼ਿਕਾਰ ਹੋ ਚੁੱਕੀ ਹੈ ਅਤੇ ਸੰਜੇ ਸਿੰਘ ਇਸਨੂੰ ਚੋਣਾਂ ਦੌਰਾਨ ਨਿਸ਼ਚਿਤ ਹਾਰ ਤੋਂ ਨਹੀਂ ਬਚਾ ਪਾਉਣਗੇ।
ਇਸ ਦੌਰਾਨ ਕੇਜਰੀਵਾਲ ਉਪਰ ਬਾਦਲਾਂ ਨਾਲ ਮਿਲੀ ਭੁਗਤ ਕਰਨ ਤੇ ਜਾਣ ਬੁੱਝ ਕੇ ਜਰਨੈਲ ਸਿੰਘ ਵਰਗੇ ਉਮੀਦਵਾਰ ਨੂੰ ਖੜ੍ਹਾ ਕਰਕੇ ਉਨ੍ਹਾਂ ਦੀ ਮੱਦਦ ਕਰਨ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਤਾ ਚੱਲਣਾ ਹੈ ਕਿ ਆਪ ਪੰਜਾਬ ਅੰਦਰ ਖਤਮ ਹੋ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਉਨ੍ਹਾਂ ਨੂੰ ਇੱਕ ਫੌਜੀ, ਜਰਨਲ ਜੇ.ਜੇ ਸਿੰਘ ਖ਼ਿਲਾਫ਼ ਲੜਨ ‘ਚ ਖੁਸ਼ੀ ਹੋਵੇਗੀ, ਹਾਲਾਂਕਿ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਰਨਲ ਸਿੰਘ ਦਾ ਪਟਿਆਲਾ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੈ।
ਕੈਪਟਨ ਨੇ ਹਲਕੇ ਅੰਦਾਜ਼ ‘ਚ ਕਿਹਾ ਕਿ ਇਹ ਕਹਿੰਦੇ ਹਨ ਕਿ ਪਟਿਆਲਾ ‘ਚ ਇਨ੍ਹਾਂ ਦੇ ਨਾਨਕੇ ਹਨ ਅਤੇ ਅਸੀਂ ਇਨ੍ਹਾਂ ਨੂੰ ਨਾਨੀ ਯਾਦ ਕਰਵਾ ਦਿਆਂਗੇ। ਇੱਕ ਹੋਰ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਲਦੀ ਹੀ ਕਾਂਗਰਸ ‘ਚ ਸ਼ਾਮਿਲ ਹੋਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੇ ਫ਼ੈਸਲਾ ਲੈਣਾ ਹੈ ਕਿ ਅੰਮ੍ਰਿਤਸਰ ਪੂਰਬੀ ਸੀਟ ਤੋਂ ਕੌਣ ਲੜਨਗੇ, ਪਾਰਟੀ ਪੂਰੇ ਸੂਬੇ ਅੰਦਰ ਪ੍ਰਚਾਰ ਲਈ ਉਨ੍ਹਾਂ ਦੀਆਂ ਸੇਵਾਵਾਂ ਲਵੇਂਗੀ।
ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਇੱਕ ਹੀ ਪੜਾਅ ‘ਚ ਕਰਵਾਉਣ ਦਾ ਸਵਾਗਤ ਕਰਦਿਆਂ, ਇਸ ਬਾਰੇ ਉਨ੍ਹਾਂ ਦੇ ਸੁਝਾਅ ਨੂੰ ਮੰਨਣ ਲਈ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ