ਪੰਜਾਬ ’ਚ ਮੀਂਹ ਤੋਂ ਬਾਅਦ ਪਾਰਾ ਡਿੱਗ ਕੇ 14 ਡਿਗਰੀ
ਚੰਡੀਗੜ੍ਹ। ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਭਗ 11.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਮਈ ਦੀ ਸ਼ੁਰੂਆਤ ਹੁੰਦੇ ਹੀ ਸਰਦੀ ਦਾ ਅਹਿਸਾਸ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 4 ਅਤੇ 5 ਮਈ ਨੂੰ ਪੰਜਾਬ ਤੇ ਹਰਿਆਣਾ ਵਿੱਚ ਬਦਲ ਛਾਏ ਰਹਿਣਗੇ ਅਤੇ ਕਈ ਥਾਈਂ ਮੀਂਹ ਦੀ ਛਿਟਪੁਟ ਕਾਰਵਾਈ ਹੋ ਸਕਦੀ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ | Punjab Weather Update
ਪਿਛਲੇ 10 ਸਾਲਾਂ ਦੇ ਰਿਕਾਰਡ ਦੇ ਮੁਕਾਬਲੇ ’ਚ 2 ਮਈ ਨੂੰ ਪਹਿਲੀ ਵਾਰ ਔਸਤਨ 25 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ, ਜਦੋਂ ਕਿ ਪਿਛਲੇ 10 ਸਾਲਾਂ ਵਿੱਚ ਅਜਿਹਾ ਕਦੇ ਨਹੀਂ ਦੇਖਿਆ ਗਿਆ। ਕਹਿਰ ਦੀ ਗਰਮੀ ਵਾਲੇ ਮਹੀਨੇ ਮਈ ਵਿੱਚ ਵੱਧ ਤੋਂ ਵੱਧ ਤਾਪਮਾਨ 44 ਤੋਂ 45 ਡਿਗਰੀ ਦੇ ਵਿਚਕਾਰ ਪਹੁੰਚਦਾ ਰਿਹਾ ਹੈ। ਇਸ ਵਾਰ ਅਪਰੈਲ ਮਹੀਨੇ ’ਚ ਲਗਾਤਾਰ 5 ਵਾਰ ਮੀਂਹ ਪਿਆ ਅਤੇ ਹੁਣ 1 ਮਈ ਨੂੰ ਵੈਸਟਰਨ ਡਿਸਟਰਬੈਂਸ ਕਾਰਨ ਮੰਗਲਵਾਰ ਨੂੰ ਲੁਧਿਆਣਾ, ਜਲੰਧਰ, ਰੋਪੜ, ਨਵਾਂਸਹਿਰ, ਪਠਾਨਕੋਟ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ।
ਮਈ ਮਹੀਨੇ ਦੀ ਸ਼ੁਰੂਆਤ 19 ਸਾਲਾਂ ਵਿੱਚ ਸਭ ਤੋਂ ਠੰਢੀ ਰਹੀ | Punjab Weather Update
ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਦੇ ਆਸ-ਪਾਸ ਡਿੱਗ ਗਿਆ ਹੈ। ਮਈ ਆਮ ਤੌਰ ’ਤੇ ਗਰਮੀ ਦੀ ਲਹਿਰ ਨਾਲ ਸ਼ੁਰੂ ਹੁੰਦਾ ਹੈ, ਪਰ ਇਸ ਵਾਰ ਇਹ ਕਾਲੇ ਬੱਦਲਾਂ ਅਤੇ ਠੰਢੀ ਪੂਰਬੀ ਹਵਾ ਨਾਲ ਆਇਆ ਹੈ। ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਚੌਧਰੀ ਚਰਨ ਸਿੰਘ ਅਨੁਸਾਰ ਮਈ ਦੀ ਸ਼ੁਰੂਆਤ 19 ਸਾਲਾਂ ਵਿੱਚ ਸਭ ਤੋਂ ਠੰਢੀ ਰਹੀ ਹੈ। ਇਸ ਤੋਂ ਪਹਿਲਾਂ ਸਾਲ 2004 ਵਿੱਚ 1 ਮਈ ਨੂੰ ਹਿਸਾਰ ਵਿੱਚ ਵੱਧ ਤੋਂ ਵੱਧ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।