ਥੋੜ੍ਹੀ ਦੇਰ ’ਚ ਹੋਵੇਗਾ ਅੰਤਿਮ ਸਸਕਾਰ | Parkash Singh Badal
ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਹੁਣ ਤੋਂ ਥੋੜ੍ਹੀ ਦੇਰ ’ਚ ਉਨ੍ਹਾਂ ਦੀ ਜੱਦੀ ਜ਼ਮੀਨ ’ਚ ਹੋਵੇਗਾ। ਸਵ. ਬਾਦਲ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਭਤੀਜਾ ਮਨਪ੍ਰੀਤ ਸਿੰਘ ਬਾਦਲ ਮੋਢਾ ਦੇ ਕੇ ਲਿਆਏ ਹਨ। ਸਸਕਾਰ ਵਾਲੀ ਥਾਂ ਘਰ ਤੋਂ ਕਰੀਬ ਇੱਕ ਕਿਲੋਮੀਟਰ ਹੋਣ ਦੇ ਬਾਵਜ਼ੂਦ ਕਰੀਬ ਇੱਕ ਘੰਟੇ ’ਚ ਫੁੱਲਾਂ ਨਾਲ ਸਜਾਏ ਟ੍ਰੈਕਟਰ-ਟ੍ਰਾਲੀ ਰਾਹੀਂ ਮ੍ਰਿਤਕ ਦੇਹ ਖੇਤ ’ਚ ਲਿਆਂਦੀ ਗਈ ਕਿਉਂਕਿ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੁੱਜੇ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਸੰਸਦ ਮੈਂਬਰ ਹੰਸ ਰਾਜ ਹੰਸ, ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਵੱਡੀ ਗਿਣਤੀ ’ਚ ਸਿਆਸੀ ਆਗੂ ਪੁੱਜੇ ਹਨ।