20 ਚੋਰੀ ਕੀਤੇ ਮੋਬਾਇਲ ਅਤੇ ਦੇਸੀ ਪਿਸਤੌਲ ਸਮੇਤ ਫੜੇ ਗਏ ਚੋਰ।
ਮੋਹਾਲੀ (ਐੱਮ ਕੇ ਸ਼ਾਇਨਾ)। ਦੇਸੀ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਵੀਰਪਾਲ ਨੇ ਪੁਲਿਸ ਰਿਮਾਂਡ ਵਿੱਚ ਕਬੂਲ ਕੀਤਾ ਹੈ ਕਿ ਉਸ ਨੇ ਚੰਡੀਗੜ੍ਹ ਦੇ ਸੈਕਟਰ-26 ਵਿੱਚ ਤਿੰਨ ਅਤੇ ਚੰਡੀਗੜ੍ਹ ਇੰਡਸਟਰੀਅਲ ਏਰੀਆ ਵਿੱਚ ਇੱਕ ਚੋਰੀ ਕੀਤੀ ਹੈ। ਉਹ 2015 ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਉਸ ਖ਼ਿਲਾਫ਼ ਪਹਿਲਾ ਕੇਸ ਸਾਲ 2015 ਵਿੱਚ ਸੈਕਟਰ-26 ਥਾਣੇ ਵਿੱਚ ਆਈਪੀਸੀ ਦੀ ਧਾਰਾ 380, 411 ਤਹਿਤ ਦਰਜ ਕੀਤਾ ਗਿਆ ਸੀ। ਜਦਕਿ ਦੂਜਾ ਮਾਮਲਾ 1 ਜਨਵਰੀ 2020 ਨੂੰ ਸੈਕਟਰ-26 ਥਾਣੇ ਵਿਚ ਅਤੇ ਤੀਜਾ ਮਾਮਲਾ ਆਈਪੀਸੀ ਦੀ ਧਾਰਾ 457, 411, 380 ਤਹਿਤ ਦਰਜ ਕੀਤਾ ਗਿਆ ਸੀ। (Mohali News)
ਮੁਹਾਲੀ ਖੇਤਰ ਵਿੱਚ 25 ਚੋਰੀਆਂ ਕਰਨ ਦੀ ਗੱਲ ਕਬੂਲੀ
ਇਸ ਦੇ ਨਾਲ ਹੀ ਸਾਲ 2021 ਵਿੱਚ ਇੰਡਸਟਰੀਅਲ ਏਰੀਆ ਥਾਣੇ ਵਿੱਚ ਚੌਥਾ ਕੇਸ ਵੀ ਦਰਜ ਕੀਤਾ ਗਿਆ ਸੀ। ਪੰਜਵਾਂ ਮਾਮਲਾ 14 ਅਕਤੂਬਰ 2022 ਨੂੰ ਸੋਹਾਣਾ ਇਲਾਕੇ ਵਿੱਚ ਦਰਜ ਹੋਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੁਹਾਲੀ ਖੇਤਰ ਵਿੱਚ 25 ਚੋਰੀਆਂ ਕਰਨ ਦੀ ਗੱਲ ਕਬੂਲੀ ਹੈ। ਉਹ ਜ਼ਿਆਦਾਤਰ ਮੋਬਾਈਲ ਚੋਰੀ ਕਰਦਾ ਸੀ। ਉਹ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿੱਚ ਉਸ ਦੇ ਦੂਜੇ ਸਾਥੀ ਅਨਿਲ ਕੁਮਾਰ ਨਿਵਾਸੀ ਕਲੋਨੀ ਅੰਬ ਸਾਹਿਬ ਫੇਸ 11 ਮੋਹਾਲੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਉਸਦਾ ਤੀਜਾ ਸਾਥੀ ਸੋਨੂੰ ਅਜੇ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ।
ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਆਈਪੀਸੀ ਦੀ ਧਾਰਾ 398, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਪਣੇ ਤੀਜੇ ਸਾਥੀ ਨਾਲ ਮਿਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਮੁਲਜ਼ਮ ਬੀਤੀ ਰਾਤ ਇਲਾਕੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ। ਇਸ ਦੇ ਨਾਲ ਹੀ ਪੁਲਿਸ ਨੂੰ ਗੋਲਫ ਰੇਂਜ ਨੇੜੇ ਨਾਕਾਬੰਦੀ ਦੌਰਾਨ ਦੋਵਾਂ ਬਾਰੇ ਸੂਚਨਾ ਮਿਲੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਾਲ ਵਿਛਾ ਕੇ ਦੋਵਾਂ ਨੂੰ ਮੁੱਖ ਮਾਰਗ ਤੋਂ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮ ਵੀਰਪਾਲ ਜੋ ਕਿ ਚੀਰਫਾੜ੍ਹ ਨਾਂਅ ਨਾਲ ਮਸ਼ਹੂਰ ਹੈ, ਕੋਲੋਂ ਇੱਕ ਦੇਸੀ ਪਿਸਤੌਲ, 20 ਮੋਬਾਈਲ ਅਤੇ ਮੁਲਜ਼ਮ ਅਨਿਲ ਕੁਮਾਰ ਕੋਲੋਂ ਚੂਰਾ ਪੋਸਤ ਬਰਾਮਦ ਕੀਤਾ ਹੈ। (Mohali News)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ