ਪੰਜਾਬ ਵਿਜੀਲੈਂਸ ਨੂੰ ਸ਼ੱਕ, ਵਿਦੇਸ਼ ਭੱਜ ਸਕਦਾ ਐ ਰਾਜਜੀਤ, ਗਿਰਫ਼ਤਾਰ ਕਰਨ ਲਈ ਛਾਪੇਮਾਰੀ ਦਾ ਦੌਰ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਗਿ੍ਰਫ਼ਤਾਰੀ ਤੋਂ ਬਚਣ ਲਈ ਅੰਡਰਗਰਾਊਂਡ ਹੋ ਗਏ ਹਨ। ਰਾਜਜੀਤ ਸਿੰਘ (Rajjit Singh) ਨੂੰ ਗਿ੍ਰਫ਼ਤਾਰ ਕਰਨ ਲਈ, ਜਿਥੇ ਪੰਜਾਬ ਵਿਜੀਲੈਂਸ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਿਦੇਸ਼ ਭੱਜਣ ਦਾ ਸ਼ਕ ਜ਼ਾਹਰ ਕਰਦੇ ਹੋਏ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਦੁਪਹਿਰ ਨੂੰ ਇੱਕ ਅਫ਼ਵਾਹ ਫੈਲ ਗਈ ਸੀ ਕਿ ਰਾਜਜੀਤ ਸਿੰਘ ਕਿਸੇ ਵੀ ਸਮੇਂ ਪੰਜਾਬ ਵਿਜੀਲੈਂਸ ਦੇ ਦਫ਼ਤਰ ਵਿੱਚ ਸਰੰਡਰ ਕਰ ਸਕਦਾ ਹੈ ਪਰ ਕਾਫ਼ੀ ਦੇਰ ਤੱਕ ਇੰਤਜ਼ਾਰ ਹੋਣ ਤੋਂ ਬਾਅਦ ਵੀ ਰਾਜਜੀਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਇਹ ਅਫ਼ਵਾਹ ਵੀ ਸਿਰਫ਼ ਗੁਮਰਾਹ ਕਰਨ ਵਾਸਤੇ ਫੈਲਾਈ ਦੱਸੀ ਜਾ ਰਹੀ ਹੈ, ਕਿਉਂਕਿ ਛਾਪੇਮਾਰੀ ਕਰ ਰਹੀ ਵਿਜੀਲੈਂਸ ਦਾ ਸਾਰਾ ਧਿਆਨ ਮੋਹਾਲੀ ਮੁੱਖ ਦਫ਼ਤਰ ਵੱਲ ਨੂੰ ਹੋ ਜਾਵੇ। ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਦੇ ਨਾਂਅ ਜਿੰਨੀ ਵੀ ਜਾਇਦਾਦ ਹੈ, ਉਸ ਨੂੰ ਲੈ ਕੇ ਵੀ ਪੰਜਾਬ ਵਿਜੀਲੈਂਸ ਵੱਲੋਂ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕੇ।
ਰਾਜਜੀਤ ਸਿੰਘ ਦਾ ਨਾਂਅ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਡਰੱਗ ਮਾਮਲੇ ਵਿੱਚ ਸ਼ਾਮਲ
ਪੀਪੀਐੱਸ ਅਧਿਕਾਰੀ ਰਾਜਜੀਤ ਸਿੰਘ ਦਾ ਨਾਂਅ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਡਰੱਗ ਮਾਮਲੇ ਵਿੱਚ ਬਾਹਰ ਆਇਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਵਿੱਚ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਇਨ੍ਹਾਂ ਜਾਂਚ ਟੀਮਾਂ ਵੱਲੋਂ ਦਿੱਤੀ ਗਈ ਆਪਣੀ ਰਿਪੋਰਟ ਵਿੱਚ ਰਾਜਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਹੈ। ਇਨ੍ਹਾਂ ਰਿਪੋਰਟ ਨੂੰ ਆਧਾਰ ਬਣਾ ਕੇ ਗ੍ਰਹਿ ਵਿਭਾਗ ਵੱਲੋਂ ਰਾਜਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਪੰਜਾਬ ਵਿਜੀਲੈਂਸ ਨੂੰ ਆਦੇਸ਼ ਦਿੱਤੇ ਗਏ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਜੀਤ ਸਿੰਘ ਨੂੰ ਬਰਖ਼ਾਸਤ ਕੀਤਾ ਗਿਆ ਸੀ।
ਰਾਜਜੀਤ ਸਿੰਘ (Rajjit Singh) ਨੂੰ ਜਿਉਂ ਹੀ ਬਰਖ਼ਾਸਤ ਹੋਣ ਦੀ ਖ਼ਬਰ ਮਿਲੀ ਤਾਂ ਉਸ ਤੋਂ ਬਾਅਦ ਰਾਜਜੀਤ ਸਿੰਘ ਵੱਲੋਂ ਆਪਣਾ ਫੋਨ ਬੰਦ ਕਰ ਦਿੱਤਾ ਗਿਆ ਹੈ ਅਤੇ ਉਹ ਅੰਡਰਗਰਾਊੁਂਡ ਹੋ ਗਿਆ ਹੈ। ਇਸ ਮਾਮਲੇ ਵਿੱਚ ਬੀਤੇ 2 ਦਿਨਾਂ ਵਿੱਚ ਵਿਜੀਲੈਂਸ ਦੇ ਹੱਥ ਕਈ ਵੀ ਸੁਰਾਗ ਨਹੀਂ ਲੱਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ