ਕਾਲੇ ਪਾਣੀ ਨੂੰ ਬੰਦ ਕਰਕੇ ਆਮ ਲੋਕਾਂ ਨੂੰ ਘਾਤਕ ਬੀਮਾਰੀਆਂ ਤੋਂ ਬਚਾਉਣ ਦੀ ਕੀਤੀ ਮੰਗ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਅੱਜ-ਕੱਲ੍ਹ ਸਰਹੰਦ ਫੀਡਰ ਨਹਿਰ ’ਚ ਆ ਰਹੇ ਕਾਲੇ ਰੰਗ ਦੇ ਪਾਣੀ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਿਚ ਹੋਰ ਵੀ ਵਾਧਾ ਹੋ ਗਿਆ ਹੈ, ਕਿਉਂਕਿ ਅਜੇ ਤੱਕ ਤਾਂ ਇਲਾਕੇ ਦੇ ਲੋਕ ਪਿਛਲੇ ਮਹੀਨੇ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫਸਲ ਦੇ ਹੋਏ ਭਾਰੀ ਨੁਕਸਾਨ ਦੇ ਫਿਕਰਾਂ ਤੋਂ ਬਾਹਰ ਨਹੀਂ ਆਏ ਸਨ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲਾਂ ਦੌਰਾਨ ਲਗਭਗ ਅਪਰੈਲ ਮਹੀਨੇ ‘ਚ ਨਹਿਰਾਂ ਵਿਚ ਅਜਿਹਾ ਕਾਲਾ ਪਾਣੀ ਆਮ ਹੀ ਆਉਂਦਾ ਹੈ। ਬਲਾਕ ਲੰਬੀ ਦੇ ਕਰੀਬ ਸਾਰੇ ਪਿੰਡਾਂ ਵਿਚ ਇਸੇ ਨਹਿਰ ਦਾ ਪਾਣੀ ਵੱਡੇ-ਛੋਟੇ ਸੂਇਆਂ, ਕੱਸੀਆਂ ਤੇ ਖਾਲਿਆਂ ਰਾਹੀਂ ਪਿੰਡਾਂ ਵਿਚ ਤੇ ਵਾਟਰ ਵਰਕਸਾਂ ਵਿਚ ਪਹੁੰਚਦਾ ਹੈ।
ਬਲਾਕ ਲੰਬੀ ਦੇ ਪਿੰਡ ਮਾਹੂਆਣਾ, ਆਧਨੀਆਂ, ਖੁੱਡੀਆਂ, ਸਹਿਣਾਖੇੜਾ, ਪੰਜਾਵਾ, ਕੱਖਾਂਵਾਲੀ, ਮਿੱਡੂਖੇੜਾ, ਫੱਤਾਕੇਰਾ ਆਦਿ ਦਾ ਕਹਿਣਾ ਹੈ ਕਿ ਇਹ ਕਾਲਾ ਪਾਣੀ ਮਜ਼ਬੂਰੀਵੱਸ ਪੀਣ ਨਾਲ ਲੋਕ ਅਨੇਕਾ ਹੀ ਲਾ-ਇਲਾਜ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਹੁਣ ਤਾਂ ਇਸ ਕਾਲੇ ਪਾਣੀ ਨੂੰ ਖੇਤਾਂ ਨੂੰ ਲਾਉਣ ਤੇ ਪਸ਼ੂਆਂ ਨੂੰ ਪਿਆਉਣ ਜਾਂ ਉਨ੍ਹਾਂ ਨਹਾਉਣ ਲਈ ਵਰਤੋਂ ਵਿਚ ਲਿਆਉਣ ਨੂੰ ਵੀ ਲੋਕ ਕੰਨੀ ਕਤਰਾਉਣ ਲੱਗੇ ਹਨ। ਲੋਕਾਂ ਦਾ ਆਖਣਾ ਹੈ ਕਿ ਇੰਜ ਲਗਦਾ ਵੋਟਾਂ ਤੋਂ ਪਹਿਲਾਂ ਪਿਛਲੀਆਂ ਸਰਕਾਰਾ ਵੇਲੇ ਦੇ ਬਣਾਏ ਨਜਾਮ ਜਾਣੀ ਸਾਰੇ ਸਿਸਟਮ ਨੂੰ ਬਦਲਣ ਦਾ ਵਾਅਦਾ ਆਮ ਲੋਕਾਂ ਨਾਲ ਕਰਨ ਵਾਲੀ ਸਰਕਾਰ ਤਾਂ ਜਿਵੇਂ ਕੰਬਕਰਨੀ ਨੀਂਦ ਸੁੱਤੀ ਹੋਵੇ।
ਲੋਕ ਇਸ ਦੂਸ਼ਿਤ ਪਾਣੀ ਨੂੰ ਪੀਂਦੇ ਜਾਂ ਵਰਤਦੇ ਹਨ
ਜਿਕਰਯੋਗ ਹੈ ਕਿ ਹਰੀਕੇ ਪੱਤਣ ਤੋਂ ਨਿਕਲਣ ਵਾਲੀਆਂ ਇਹ ਦੋ ਨਹਿਰਾਂ ਸਰਹੰਦ ਫੀਡਰ ਤੇ ਰਾਜਸਥਾਨ ਨਹਿਰਾਂ ਵਿਚ ਕਾਲੇ ਪਾਣੀ ਆਉਣ ਦਾ ਸੱਚ ਇਹ ਦੱਸਿਆ ਜਾ ਰਿਹਾ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਢਾ ਨਾਲਾ ਇਸ ਸਮੇਂ ਪੰਜਾਬ ਦਾ ਹੀ ਨਹੀਂ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਨਾਲਾ ਹੈ, ਇਹ ਨਾਲ ਪੰਜਾਬ ਦੇ ਵਲੀਪੁਰਾ ਕਲਾਂ ਨੇੜੇ ਸਤਿਲੁਜ ਦਰਿਆ ਵਿਚ ਪੈਂਦਾ ਹੈ।
ਇਸ ਥਾਂ ਤੋਂ ਦਰਿਆ ਦਾ ਪਾਣੀ ਪੂਰਾ ਕਾਲਾ ਹੋ ਜਾਂਦਾ, ਸਤਿਲੁਜ ਦਰਿਆ ਹਰੀਕੇ ਪੱਤਣ ਤੇ ਬਿਆਸ ਦਰਿਆ ਨਾਲ ਮਿਲਦਾ, ਜਿੱਥੋਂ 2 ਉਪਰੋਕਤ ਨਹਿਰਾਂ ਰਾਹੀਂ ਜ਼ਹਿਰੀਲਾ ਪਾਣੀ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ, ਜਿਥੇ ਜਿਥੇ ਲੋਕ ਇਸ ਦੂਸ਼ਿਤ ਪਾਣੀ ਨੂੰ ਪੀਂਦੇ ਜਾਂ ਵਰਤਦੇ ਹਨ, ਉਥੇ-ਉਥੇ ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜਾਂ ਦੀ ਗਿਣਤੀ ਦੂਜੇ ਥਾਵਾਂ ਦੇ ਮੁਕਾਬਲੇ ਵਧੇਰੇ ਦੱਸੀ ਜਾਂਦੀ ਹੈ। ਹਲਕਾ ਲੰਬੀ ਦੇ ਲੋਕ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਨਹਿਰਾਂ ਵਿਚ ਆ ਰਹੇ ਕਾਲੇ ਪਾਣੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਲੋਕ ਘਾਤਕ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ