ਕੋਲਕਾਤਾ ‘ਚ ਹੁਗਲੀ ਨਦੀ ਦੇ ਤਲ ਰਾਹੀਂ ਹਾਵੜਾ ਪਹੁੰਚੀ ਮੈਟਰੋ
ਕੋਲਕਾਤਾ। ਭਾਰਤ ਵਿੱਚ ਪਹਿਲੀ ਵਾਰ ਅਜਿਹੀ ਟਰੇਨ ਚੱਲੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਹ ਟਰੇਨ ਧਰਤੀ ’ਤੇ ਨਹੀਂ ਸਗੋਂ ਨਦੀ ਦੇ ਅੰਦਰ ਪਾਣੀ ’ਚ ਚੱਲੀ ਹੈ। (Kolkata Underwater Metro) ਇਹ ਰੇਲਗੱਡੀ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਹੁਗਲੀ ਨਦੀ ਰਾਹੀਂ ਕੋਲਕਾਤਾ ਤੋਂ ਹਾਵੜਾ ਪਹੁੰਚੀ। ਮੈਟਰੋ ਰੇਲ ਦੇ ਜੀਐਮ ਪੀ ਉਦੈ ਕੁਮਾਰ ਰੈੱਡੀ ਨੇ ਇਸ ਰੇਲਗੱਡੀ ਵਿੱਚ ਮਹਾਕਰਨ ਤੋਂ ਹਾਵੜਾ ਮੈਦਾਨ ਵਿਚਾਲੇ ਯਾਤਰਾ ਕੀਤੀ। ਟਰੇਨ ਨੇ ਦਿਨ ਵੇਲੇ 11.55 ਵਜੇ ਹੁਗਲੀ ਨਦੀ ਨੂੰ ਪਾਰ ਕੀਤਾ। ਹੁਗਲੀ ਨਦੀ ਦੇ ਹੇਠਾਂ 520 ਮੀਟਰ ਜੁੜਵਾਂ ਸੁਰੰਗਾਂ ਵਿੱਚ ਬਣਾਇਆ ਗਿਆ, ਇਹ ਅੰਡਰਵਾਟਰ ਰੇਲ ਟ੍ਰੈਕ 4.8 ਕਿਲੋਮੀਟਰ ਲੰਬਾ ਹੈ। ਇਸ ਮੈਟਰੋ ਸੁਰੰਗ ਨੂੰ ਬਣਾਉਣ ਵਿੱਚ ਕਰੀਬ 120 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਕੰਮ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ।
ਕੋਲਕਾਤਾ ਵਿੱਚ ਜਿਸ ਪਾਣੀ ਵਾਲੀ ਮੈਟਰੋ ਦਾ ਪ੍ਰੀਖਣ ਕੀਤਾ ਗਿਆ ਹੈ ਉਹ ਹੁਗਲੀ ਨਦੀ ਦੇ ਪੂਰਬੀ ਤਟ ‘ਤੇ ਐਸਪਲੇਨੇਡ ਅਤੇ ਪੱਛਮੀ ਤਟ ‘ਤੇ ਹਾਵੜਾ ਮੈਦਾਨ ਨੂੰ ਜੋੜਦੀ ਹੈ। ਹਾਵੜਾ ਮੈਟਰੋ ਸਟੇਸ਼ਨ ਜ਼ਮੀਨ ਤੋਂ 33 ਮੀਟਰ ਹੇਠਾਂ ਹੈ ਅਤੇ ਇਹ ਦੇਸ਼ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੈ।
ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇਐਮਆਰਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਰੇਲ ਦੇ ਸਾਲਟ ਲੇਕ ਡਿਪੂ ਤੋਂ ਐਸਪਲੇਨੇਡ ਅਤੇ ਸਿਆਲਦਹ ਦੇ ਵਿਚਕਾਰ ਈਸਟ ਬਾਂਡ ਟਨਲ ਰਾਹੀਂ 2 ਟਰੇਨਾਂ ਟਰਾਇਲ ‘ਤੇ ਚੱਲਣਗੀਆਂ, ਜਿਨ੍ਹਾਂ ਵਿੱਚ ਫਿਲਹਾਲ 6 ਕੋਚ ਹੋਣਗੇ। ਲੰਡਨ-ਪੈਰਿਸ ਦੀ ਤਰਜ਼ ‘ਤੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਟਰੇਨ ਚਲਾਈ ਜਾ ਰਹੀ ਹੈ। ਇਸ ਅੰਡਰਵਾਟਰ ਮੈਟਰੋ ਦੀ ਤੁਲਨਾ ਲੰਡਨ ਦੇ ਯੂਰੋਸਟਾਰ ਨਾਲ ਕੀਤੀ ਜਾ ਰਹੀ ਹੈ, ਜੋ ਲੰਡਨ ਅਤੇ ਪੈਰਿਸ ਨੂੰ ਅੰਡਰਵਾਟਰ ਰੇਲ ਲਿੰਕ ਨਾਲ ਜੋੜਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ