ਪੰਜਾਬ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦੇ ਕੇਂਦਰ ਵਜੋਂ ਉੱਭਰ ਰਿਹੈ: ਅਮਨ ਅਰੋੜਾ
(ਐੱਮ.ਕੇ.ਸ਼ਾਇਨਾ) ਮੋਹਾਲੀ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਅਮਿਟੀ ਯੂਨੀਵਰਸਿਟੀ, ਮੋਹਾਲੀ ਦੇ ਆਡੀਟੋਰੀਅਮ ਹਾਲ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ, ਜਿਥੇ ਜ਼ਿਲ੍ਹਾ ਪ੍ਰਸਾਸਨ, ਮੋਹਾਲੀ ਵੱਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਦੇ ਸਹਿਯੋਗ ਨਾਲ ਵਟ ਐਨ ਆਈਡੀਆ ਸਟਾਰਟਅੱਪ ਚੈਲੇਂਜ ਦਾ ਗ੍ਰੈਂਡ ਫਿਨਾਲੇ ਕਰਾਇਆ ਗਿਆ ਸੀ। ਉਨ੍ਹਾਂ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ‘ਚ ਰਹਿੰਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਢੁਕਵਾਂ ਮਾਹੌਲ ਵਿਕਸਿਤ ਕੀਤਾ ਜਾ ਰਿਹਾ ਹੈ।
ਗ੍ਰੈਂਡ ਫਿਨਾਲੇ ਦੇ ਜੇਤੂਆਂ ਨੂੰ ਪ੍ਰੇਰਿਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਮਹਿਜ ਇੱਕ ਸੁਰੂਆਤ ਹੈ ਅਤੇ ਉਨ੍ਹਾਂ ਦੇ ਨਿਵੇਕਲੇ ਤੇ ਕੀਮਤੀ ਵਿਚਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਦੀਆਂ ਵੱਡੀਆਂ ਉੱਚਾਈਆਂ ਤੱਕ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਵੱਡੇ ਟੀਚਿਆਂ ਦੀ ਪ੍ਰਾਪਤੀ ਲਈ ਇਹ ਸਿਰਫ ਅੱਗੇ ਵਧਣ ਦਾ ਇੱਕ ਪਲੇਟਫਾਰਮ ਹੈ।
ਜੇਤੂਆਂ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ (Aman Arora)
ਅਮਨ ਅਰੋੜਾ (Aman Arora) ਨੇ ਇਨੋਵੇਟਿਵ ਸਟਾਰਟਅੱਪ ਆਈਡੀਆਜ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਉਨ੍ਹਾਂ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਵਰਗ ਵਿੱਚ ‘ਡਿਜੀਟਲ ਚੌਕੀਦਾਰ‘ ਪ੍ਰਾਜੈਕਟ ਲਈ ਰਜਤ ਨਾਰੰਗ ਨੂੰ 50,000/- ਰੁਪਏ ਦਾ ਪਹਿਲਾ ਇਨਾਮ, ਕੌਸਲ ਮਲਹੋਤਰਾ ਨੇ ‘ਐਰੋਜਨ‘ ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਜਸਪ੍ਰੀਤ ਕੌਰ ਨੇ ਸਟੱਬਲ ਦੀ ਨਵੀਨਤਮ ਵਰਤੋਂ ਦੇ ਪ੍ਰਾਜੈਕਟ ਲਈ 20000/- ਰੁਪਏ ਦਾ ਤੀਜਾ ਇਨਾਮ ਜਿੱਤਿਆ।
ਓਪਨ ਵਰਗ ਵਿੱਚ ਡਾ. ਗੌਰੀ ਜੈਮੁਰੂਗਨ ਨੇ ਬਾਇਓ-ਸਨਸਕ੍ਰੀਨ ਦੇ ਸਟਾਰਟਅੱਪ ਪ੍ਰਾਜੈਕਟ ਲਈ 50000/- ਰੁਪਏ ਦਾ ਪਹਿਲਾ ਇਨਾਮ, ਗੌਰਵ ਬਾਲੀ ਨੇ ਕੇਅਰਵੈੱਲ360 ਦੇ ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਸਾਸਵਤ ਪਟਨਾਇਕ ਨੇ ਰੈਸਨੋਟ ਸਟਾਰਟਅੱਪ ਪ੍ਰਾਜੈਕਟ ਲਈ 20,000/- ਦਾ ਤੀਜਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਹਰਮਨਜੋਤ ਕੌਰ ਅਤੇ ਉਸਦੀ ਟੀਮ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਜਾਤੜੀ ਦੇ ਵਿਦਿਆਰਥੀਆਂ) ਨੂੰ ਉਹਨਾਂ ਦੇ ਵਿਲੱਖਣ ਵਿਚਾਰ ਪੜ੍ਹਾਈ ਦੀ ਜਿਦ, ਜੋ ਉਨ੍ਹਾਂ ਨੇ ਲੋੜਵੰਦ ਵਰਗ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸੁਰੂ ਕੀਤਾ ਹੈ, ਲਈ 8,000/- ਰੁਪਏ ਦਾ ਵਿਸੇਸ ਕੰਸੋਲੇਸ਼ਨ ਇਨਾਮ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ