(ਸੁਖਜੀਤ ਮਾਨ) ਮਾਨਸਾ। ਰੋਡ ਰੇਜ ਮਾਮਲੇ ’ਚ ਇਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ (Navjot Sidhu ) ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਹਨ। ਇਸ ਵੇਲੇ ਸਿੱਧੂ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮਗਰੋਂ ਉਹ ਪ੍ਰੈੱਸ ਕਾਨਫਰੰਸ ਕਰਨਗੇ।
ਵੇਰਵਿਆਂ ਮੁਤਾਬਿਕ ਜਦੋਂ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਹੋਇਆ ਸੀ ਤਾਂ ਉਸ ਤੋਂ ਕੁੱਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਜ਼ੇਲ੍ਹ ਚਲੇ ਗਏ ਸੀ। ਉਨ੍ਹਾਂ ਬੀਤੇ ਦਿਨੀਂ ਜ਼ੇਲ੍ਹ ਤੋਂ ਬਾਹਰ ਆਉਂਦਿਆਂ ਹੀ ਕਹਿ ਦਿੱਤਾ ਸੀ ਕਿ ਉਹ ਛੇਤੀ ਹੀ ਮੂਸਾ ਪਿੰਡ ਜਾ ਕੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਮਿਲਣਗੇ। ਸਿੱਧੂ ਦੀ ਆਮਦ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤ ਸੁਰੱਖਿਆ ਦੇ ਇੰਤਜਾਮ ਕੱਲ੍ਹ ਤੋਂ ਹੀ ਕੀਤੇ ਹੋਏ ਸੀ।
ਭਾਵੇਂ ਹੀ ਪੰਜਾਬ ਪੁਲਿਸ ਵੱਲੋਂ ਸਿੱਧੂ ਕਤਲ ਮਾਮਲੇ ’ਚ ਹੁਣ ਤੱਕ 29 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸਿੱਧੂ ਦੇ ਮਾਪੇ ਕਾਰਵਾਈ ਤੋਂ ਨਾਖੁਸ਼ ਹਨ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਉਨ੍ਹਾਂ ਵਿਧਾਨ ਸਭਾ ਦੇ ਬਾਹਰ ਧਰਨਾ ਲਗਾ ਦਿੱਤਾ ਸੀ , ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਉਠਾ ਦਿੱਤਾ ਸੀ। ਸਿੱਧੂ ਦੇ ਮਾਪਿਆਂ ਨੂੰ ਮਿਲਣ ਮਗਰੋਂ ਨਵਜੋਤ ਸਿੰਘ ਸਿੱਧੂ (Navjot Sidhu ) ਮੀਡੀਆ ਨੂੰ ਵੀ ਸੰਬੋਧਨ ਕਰਨਗੇ।
ਨਵਜੋਤ ਸਿੱਧੂ ਦੀ ਸੁਰੱਖਿਆ ’ਚ ਕੀਤੀ ਕਟੌਤੀ
ਸੁਰੱਖਿਆ ਜ਼ੈੱਡ ਤੋਂ ਘਟਾ ਕੇ ਵਾਈ ਕੀਤੀ
ਰੋਡ ਰੇਜ ਮਾਮਲੇ ‘ਚ ਜੇਲ੍ਹ ‘ਚੋਂ ਬਾਹਰ ਆਏ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੀ ਸੁਰੱਖਿਆ ਕੇਂਦਰ ਅਤੇ ਸੂਬਾ ਸਰਕਾਰ ਨੇ ਘਟਾ ਦਿੱਤੀ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਸ ਦੀ ਸੁਰੱਖਿਆ ਜ਼ੈੱਡ ਤੋਂ ਘਟਾ ਕੇ ਵਾਈ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ‘ਤੇ ਵੀ ਆਪਣਾ ਗੁੱਸਾ ਕੱਢਿਆ ਹੈ।
ਇਕ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਮੇਰੀ ਸੁਰੱਖਿਆ ‘ਚ ਕਟੌਤੀ ਕੀਤੀ ਗਈ ਹੈ। ਪਹਿਲਾਂ ਤੁਸੀਂ ਇੱਕ ਸਿੱਧੂ (ਸਿੱਧੂ ਮੂਸੇਵਾਲਾ) ਨੂੰ ਮਰਵਾ ਦਿੱਤਾ, ਹੁਣ ਦੂਜਾ ਵੀ ਮਰਵਾ ਦਿਓ। ਦੱਸ ਦੇਈਏ ਕਿ ਪਹਿਲਾਂ ਉਨ੍ਹਾਂ ਕੋਲ 25 ਸੁਰੱਖਿਆ ਕਰਮਚਾਰੀ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਘਟਾ ਕੇ 12 ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ