ਸਿੱਧੂ ਮੂਸੇਵਾਲਾ ਦੀ ਫ਼ੋਟੋ ਲੈ ਕੇ ਜਲੰਧਰ ਹਲਕੇ ’ਚ ਜਾਣਗੇ ਬਲਕੌਰ ਸਿੰਘ
(ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਘਰ ਪੁੱਜੇ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਜਲੰਧਰ ਹਲਕੇ ਦੀਆਂ ਗਲੀਆਂ ’ਚ ਘੁੰਮ ਕੇ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਜਾਂਚ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ 11 ਮਹੀਨੇ ਹੋ ਗਏ ਸਿੱਧੂ ਦੀ ਸੁਰੱਖਿਆ ਹਟਾਉਣ ਤੋਂ ਬਾਅਦ ਲੀਕ ਕਰਨ ਵਾਲਿਆਂ ਨੂੰ ਕੁਝ ਨਹੀਂ ਪੁੱਛਿਆ ਅਤੇ ਜਵਾਬ ਤਲਬੀ ਵੀ ਨਹੀਂ ਹੋਈ। ਉਨ੍ਹਾਂ ਇਨਸਾਫ ਲਈ ਸੁਪਰੀਮ ਕੋਰਟ ਜਾਣ ਦੀ ਗੱਲ ਵੀ ਕਹੀ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਦੋਂ ਕੁਝ ਬੋਲਦੇ ਹਨ ਤਾਂ ਕਹਿੰਦੇ ਨੇ ਸਿਆਸਤ ਕਰਦੇ ਨੇ ਪਰ ਹੁਣ ਸਿਆਸਤ ਵੀ ਕਰਾਂਗੇ ਜਦੋਂ ਵੋਟਾਂ ਮੰਗਣ ਜਾਣਗੇ ਤਾਂ ਪੁੱਤ ਦੀ ਫੋਟੋ ਲੈ ਕੇ ਜਾਵਾਂਗਾ। ਲੋਕਾਂ ਨੂੰ ਹੱਥ ਬੰਨ੍ਹ ਕੇ ਕਹਾਂਗਾ ਕਿ ਮੇਰੇ ’ਤੇ ਤਰਸ ਕਰ ਲਓ ।
ਇਹ ਵੀ ਪੜ੍ਹੋ : ਸੰਤੁਲਨ ਵਿਗੜਨ ਕਾਰਨ ਸਵਿਫਟ ਕਾਰ ਦਰੱਖਤ ਨਾਲ ਟਕਰਾਈ
ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਦੇ ਅੱਗੇ ਧਰਨਾ ਦਿੱਤਾ ਸੀ ਤਾਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਵੇਗੀ ਪਰ ਇੰਨੇ ਦਿਨ ਬੀਤ ਜਾਣ ’ਤੇ ਵੀ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਕਿਸੇ ਧਮਕੀ ਤੋਂ ਨਹੀਂ ਡਰਨਗੇ।
ਬਰਸੀ ਮੌਕੇ ਅੰਮ੍ਰਿਤਪਾਲ ਸਿੰਘ ਦਾ ਰੌਲਾ ਪਾ ਕੇ ਬਰਸੀ ਵਿੱਚੇ ਰੋਲ ਦਿੱਤੀ
ਸਿੱਧੂ ਮੂਸੇਵਾਲਾ (Sidhu Moosewala) ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਭਾਵੁਕ ਹੋਇਆਂ ਕਹਿ ਦਿੱਤਾ ਸੀ ਕਿ ਪਰਮਾਤਮਾ ਹੀ ਸਿੱਧੂ ਮਾਮਲੇ ਦਾ ਫੈਸਲਾ ਕਰਨਗੇ ਪਰ ਹੁਣ ਯੂਐੱਸਏ ਤੋਂ ਹੁਸ਼ਿਆਰਪੁਰ ਦੇ ਇੱਕ ਲੜਕੇ ਦੀ ਚਿੱਠੀ ਆਈ ਹੈ ਕਿ ਸਿੱਧੂ ਜਿਵੇਂ ਸਾਰਿਆਂ ਨਾਲ ਇਕੱਲਾ ਲੜਦਾ ਗਿਆ ਅਸੀਂ ਵੀ ਲੜਾਂਗੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਮੌਕੇ ਅੰਮ੍ਰਿਤਪਾਲ ਸਿੰਘ ਦਾ ਰੌਲਾ ਪਾ ਕੇ ਬਰਸੀ ਵਿੱਚੇ ਰੋਲ ਦਿੱਤੀ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਥੇ ਹੋਈ ਇਸ ਦੀ ਵੀ ਕੋਈ ਜਾਂਚ ਨਹੀਂ ਕੀਤੀ ਗਈ।
ਬਿਸ਼ਨੋਈ ਖਿਲਾਫ਼ ਜਾਰੀ ਰਹੇਗੀ ਲੜਾਈ : ਬਲਕੌਰ ਸਿੰਘ
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ। ਭਾਵੇਂ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦਾ ਵੀ ਬੁੱਤ ਲੱਗ ਜਾਵੇ ਪਰ ਉਹ ਕਿਸੇ ਤੋਂ ਨਹੀਂ ਡਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੀ ਬਰਸੀ ਲਈ ਇਕ ਵੱਡੀ ਸਾਜਿਸ਼ ਰਚੀ ਗਈ, ਜਿਸ ਦੇ ਚੱਲਦੇ ਉਨ੍ਹਾਂ ਦੇ ਬੇਟੇ ਦੀ ਦੂਸਰੀ ਵਾਰ ਬਰਸੀ ਵਾਲੇ ਦਿਨ ਮੌਤ ਹੋਈ ਹੈ ਕਿਉਂਕਿ ਸਰਕਾਰੀ ਤੰਤਰ ਨੇ ਬਰਸੀ ਵਾਲੇ ਸਮਾਗਮ ਨੂੰ ਫੇਲ੍ਹ ਕਰਨ ਦੇ ਲਈ ਹਰ ਕਦਮ ਉਠਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।