ਅਮਰੀਕਾ ਦੀ ਬੈਂਕਿੰਗ ਪ੍ਰਣਾਲੀ ਦੀਆਂ ਮੌਜੂਦਾ ਮੁਸ਼ਕਿਲਾਂ ਦੇ ਭਾਰਤੀ ਸਟਾਰਟਅੱਪ ਅਤੇ ਬੈਂਕਾਂ ’ਤੇ ਅਸਰ ਬਾਰੇ ਮੁਲਾਂਕਣ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਿਲੀਕਾਨ ਵੈਲੀ ਬੈਂਕ (ਐਸਵੀਬੀ) ਮੁੱਖ ਤੌਰ ’ਤੇ ਸਟਾਰਟਅੱਪ ਗ੍ਰਾਹਕਾਂ ਤੋਂ ਜਮ੍ਹਾ ਲੈਣ ਤੋਂ ਇਲਾਵਾ ਸਟਾਰਟਅੱਪ ਕੰਪਨੀਆਂ, ਉੱਦਮ, ਪੂੰਜੀਪਤੀਆਂ ਅਤੇ ਤਕਨੀਕੀ ਕੰਪਨੀਆਂ ਨੂੰ ਕਰਜ਼ਾ ਮੁਹੱਈਆ ਕਰਵਾਉਂਦਾ ਸੀ, ਜਦੋਂਕਿ ਸਿਗਨੇਚਰ ਬੈਂਕ ਜਮ੍ਹਾ ਲੈਣ ਤੋਂ ਇਲਾਵਾ ਮੁੱਖ ਤੌਰ ’ਤੇ ਰੀਅਲ ਅਸਟੇਟ ਖੇਤਰ ਨੂੰ ਕਰਜ਼ਾ ਦਿੰਦਾ ਸੀ।
ਸਿਗਨੇਚਰ ਬੈਂਕ ਕੋਲ ਕ੍ਰਿਪਟੋ ਕਰੰਸੀ ਦੇ ਜ਼ਿਆਦਾ ਸਟਾਕ ਸਨ, ਜਿਸ ਦੇ ਜੋਖ਼ਿਮ ਲਗਾਤਾਰ ਵਧ ਰਹੇ ਹਨ। ਬੈਂਕ ਦਾ ਜੋਖ਼ਿਮ ਹੱਦ ਤੋਂ ਜ਼ਿਆਦਾ ਨਾ ਵਧ ਜਾਵੇ, ਇਸ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ। ਸਾਲ 1983 ’ਚ ਸ਼ੁਰੂ ਹੋਏ ਐਸਵੀਬੀ ਤੋਂ 2021 ਤੱਕ 50 ਫੀਸਦੀ ਅਮਰੀਕੀ ਉੱਦਮ-ਸਮਰਥਿਤ ਸਟਾਰਟਅੱਪ ਜੁੜੇ ਹੋਏ ਸਨ। ਇਸ ਨੇ ਵੀਓਐਕਸ ਵਰਗੀਆਂ ਮੀਡੀਆ ਕੰਪਨੀਆਂ ਨੂੰ ਵੀ ਸੇਵਾ ਮੁਹੱਈਆ ਕਰਵਾਈ ਸੀ। ਕਈ ਕ੍ਰਿਪਟੋ ਕਰੰਸੀ ਕੰਪਨੀਆਂ ਦੀ ਰਕਮ ਵੀ ਇਸ ਬੈਂਕ ’ਚ ਜਮ੍ਹਾ ਸੀ। ਇਸ ਬੈਂਕ ਦੇ ਡੁੱਬਣ ਦੇ ਮੁੱਖ ਕਾਰਨਾਂ ’ਚ ਟੈਕ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ’ਚ ਭਾਰੀ ਕਮੀ ਆਉਣਾ, ਮਹਿੰਗਾਈ ਦੇ ਵਧਣ ਕਾਰਨ ਫੈਡਰਲ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ ’ਚ ਭਾਰੀ ਇਜ਼ਾਫ਼ਾ ਕਰਨਾ ਆਦਿ ਹੈ।
ਸੰਪੱਤੀਆਂ ਵੇਚਣੀਆਂ ਪਈਆਂ | American Banks
ਐਸਵੀਬੀ ਦੇ ਵੱਡੇ ਟੈਕ ਕਾਰੋਬਾਰੀ ਗ੍ਰਾਹਕਾਂ ਦੇ ਸ਼ੇਅਰਾਂ ਦੀ ਕੀਮਤ ’ਚ ਜਦੋਂ ਗਿਰਾਵਟ ਆਈ, ਤਾਂ ਇਨ੍ਹਾਂ ਨੂੰ ਕਾਰੋਬਾਰ ਕਰਨ ਲਈ ਜ਼ਿਆਦਾ ਨਗਦੀ ਦੀ ਜ਼ਰੂਰਤ ਪਈ, ਜਿਸ ਨੂੰ ਪੂਰਾ ਕਰਨ ਲਈ ਇਹ ਆਪਣੇ ਬੈਂਕ ਜਮ੍ਹਾ ’ਚੋਂ ਨਿਕਾਸੀ ਕਰਨ ਲੱਗੇ। ਇਸ ਤੋਂ ਇਲਾਵਾ, ਲਾਭ ਨਾ ਕਮਾ ਸਕਣ ਵਾਲੀਆਂ ਕੰਪਨੀਆਂ ਨੂੰ ਦੂਜੀ ਥਾਂ ਤੋਂ ਉਧਾਰ ਮਿਲਣਾ ਬੰਦ ਹੋ ਗਿਆ। ਇਸ ਕਾਰਨ ਉਹ ਆਪਣੀ ਜਮ੍ਹਾ ਪੂੰਜੀ ਕੱਢਣ ਲੱਗੇ। ਐਸਵੀਬੀ ਤੋਂ ਜਦੋਂ ਜ਼ਿਆਦਾ ਨਿਕਾਸੀ ਕੀਤੀ ਜਾਣ ਲੱਗੀ, ਤਾਂ ਬੈਂਕ ਨੂੰ ਗ੍ਰਾਹਕਾਂ ਦੀ ਜ਼ਰੂਰਤ ਪੂਰੀ ਕਰਨ ਲਈ ਆਪਣੀਆਂ ਸੰਪੱਤੀਆਂ ਨੂੰ ਵੇਚਣਾ ਪਿਆ। ਪਰ ਜਮ੍ਰਾਕਰਤਾਵਾਂ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ ਸੀ।
ਐਸਵੀਬੀ ਨੇ ਵੱਡੀ ਮਾਤਰਾ ’ਚ ਬਾਂਡ ਵਰਗੇ ਸੁਰੱਖਿਅਤ ਬਦਲਾਂ ’ਚ ਸਸਤੀ ਦਰ ’ਚ ਨਿਵੇਸ਼ ਕੀਤਾ ਸੀ, ਪਰ ਉਸ ਨੂੰ ਅਚਾਨਕ ਉਨ੍ਹਾਂ ਨੂੰ ਘਾਟੇ ’ਚ ਵੇਚਣਾ ਪਿਆ। ਸਾਲ 2008 ਦੀ ਮੰਦੀ ਤੋਂ ਬਾਅਦ ਅਮਰੀਕਾ ’ਚ ਵਿਆਜ਼ ਦਰਾਂ ਕਾਫ਼ੀ ਹੇਠਾਂ ਆ ਗਈਆਂ ਸਨ। ਬੈਂਕ ਨੇ ਉਸ ਸਮੇਂ ਲੰਮੀ ਮਿਆਦ ਲਈ ਕਰਜ਼ਾ ਸਸਤੀ ਦਰ ’ਤੇ ਦਿੱਤਾ ਸੀ, ਪਰ ਹੁਣ ਜ਼ਿਆਦਾ ਵਿਆਜ਼ ਦਰ ਦੇ ਦੌਰ ’ਚ ਬੈਂਕ ਨੂੰ ਮਹਿੰਗੀ ਦਰ ’ਤੇ ਪੂੰਜੀ ਲਿਆਉਣੀ ਪੈ ਰਹੀ ਸੀ, ਜਿਸ ਨਾਲ ਬੈਂਕ ਦਾ ਮੁਨਾਫ਼ਾ ਸੰੁਗੜਨ ਲੱਗਾ। ਐਸਵੀਬੀ ਨੇ 8 ਮਾਰਚ ਨੂੰ ਤਰਲਤਾ ਯਕੀਨੀ ਕਰਨ ਲਈ 1.8 ਅਰਬ ਡਾਲਰ ਦੇ ਨੁਕਸਾਨ ’ਤੇ 21 ਅਰਬ ਡਾਲਰ ਦੇ ਸ਼ੇਅਰ ਵੇਚੇ ਅਤੇ 2.2 ਅਰਬ ਡਾਲਰ ਮੁੱਲ ਦੇ ਸ਼ੇਅਰ ਵੇਚਣ ਦੀ ਵੀ ਯੋਜਨਾ ਬਣਾ ਰਿਹਾ ਸੀ।
ਆਸਮਾਨ ਛੂੰਹਦੀਆਂ ਮਹਿੰਗਾਈ ਦਰਾਂ
ਇਹ ਸਮਝਣਾ ਮਹੱਤਵਪੂਰਨ ਹੋਵੇਗਾ ਕਿ ਆਖ਼ਰ ਇਹ ਬੈਂਕ ਡੁੱਬਿਆ ਕਿਉਂ? ਬੈਂਕ ਹਮੇਸ਼ਾ ਲੈਣ-ਦੇਣ ’ਤੇ ਚੱਲਦਾ ਹੈ। ਜਦੋਂ ਬੈਂਕ ਆਪਣੇ ਕਰਜ਼ੇ ’ਤੇ ਤਾਂ ਦੋ ਤੋਂ ਤਿੰਨ ਫੀਸਦੀ ਵਿਆਜ਼ ਲਵੇਗਾ ਅਤੇ ਆਪਣੇ ਜਮ੍ਹਾਕਰਤਾਵਾਂ ਨੂੰ 5 ਫੀਸਦੀ ਵਿਆਜ਼ ਦਾ ਭੁਗਤਾਨ ਕਰੇਗਾ ਤਾਂ ਉਹ ਬੈਂਕ ਫੇਲ੍ਹ ਹੋਵੇਗਾ ਹੀ। ਕੁਝ ਅਜਿਹੀਆਂ ਸਥਿਤੀਆਂ ਸਿਲੀਕਾਨ ਵੈਲੀ ਬੈਂਕ ਦੇ ਨਾਲ ਹੋਈਆਂ। ਵਧਦੀ ਮਹਿੰਗਾਈ ਰੋਕਣ ਲਈ ਫੈਡਰਲ ਬੈਂਕ ਨੇ ਬੀਤੇ ਕਈ ਮਹੀਨਿਆਂ ਤੋਂ ਵਿਆਜ਼ ਦਰਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਸੀ।
ਵਿਆਜ਼ ਦਰਾਂ ’ਚ ਲਗਾਤਾਰ ਵਾਧੇ ਦਾ ਦੋਹਰਾ ਅਸਰ ਹੋਇਆ। ਪਹਿਲਾ, ਨਿਵੇਸ਼ਕਾਂ, ਵਿਸ਼ੇਸ਼ ਤੌਰ ’ਤੇ ਸਟਾਰਟਅੱਪਸ ਦੀ ਕਾਰੋਬਾਰ ਪ੍ਰਤੀ ਖਿੱਚ ਘੱਟ ਹੋਣ ਲੱਗੀ। ਪਿਛਲੇ 12 ਤੋਂ 15 ਮਹੀਨਿਆਂ ’ਚ ਅਸਮਾਨ ਛੂੰਹਦੀਆਂ ਮਹਿੰਗਾਈ ਦਰਾਂ ਵਿਚਕਾਰ ਸਟਾਰਟਅੱਪਸ ਦੀ ਤੇਜ਼ੀ ’ਚ ਗਿਰਾਵਟ ਹੋਣ ਲੱਗੀ। ਜਿਸ ਦਾ ਅਸਰ ਸਿਲੀਕਾਨ ਵੈਲੀ ਬੈਂਕ ਦੇ ਕਾਰੋਬਾਰ ’ਤੇ ਵੀ ਪੈਣ ਲੱਗਾ। ਕਰਜ਼ਾ ਵਾਪਸੀ ਦੀ ਦਰ ਬਹੁਤ ਘੱਟ ਹੋ ਗਈ। ਦੂਜੇ ਪਾਸੇ, ਕੋਰੋਨਾ ਤੋਂ ਬਾਅਦ ਦੇ ਹਾਲਾਤਾਂ ’ਚ ਆਪਣੇ-ਆਪ ਨੂੰ ਬਜ਼ਾਰ ’ਚ ਬਣਾਈ ਰੱਖਣ ਲਈ ਸਟਾਰਟਅੱਪਸ ਕੰਪਨੀਆਂ ਨੇ ਬੈਂਕ ’ਚੋਂ ਆਪਣੀ ਜਮ੍ਹਾ ਪੂੰਜੀ ਕੱਢਣੀ ਸ਼ੁਰੂ ਕਰ ਦਿੱਤੀ। ਪੈਸਾ ਮੋੜਨ ਲਈ ਸਿਲੀਕਾਨ ਵੈਲੀ ਬੈਂਕ ਨੂੰ ਆਪਣੇ ਬਾਂਡ ਵੇਚਣੇ ਪਏ।
ਫਾਇਨੈਂਸ਼ੀਅਲ ਟਾਈਮਸ ਅਨੁਸਾਰ ਬੈਂਕ ਦੇ 91 ਅਰਬ ਡਾਲਰ ਦੇ ਬਾਂਡਸ ਦੀਆਂ ਕੀਮਤਾਂ ’ਚ ਕਰੀਬ 15 ਅਰਬ ਡਾਲਰ ਦੀ ਗਿਰਾਵਟ ਆ ਗਈ। ਜਦੋਂ ਬੈਂਕ ਆਪਣੀ ਸਭ ਤੋਂ ਸੁਰੱਖਿਅਤ ਸੰਪੱਤੀ ਨੁਕਸਾਨ ’ਚ ਵੇਚਦਾ ਹੈ, ਤਾਂ ਇਸ ਦਾ ਅਰਥ ਹੈ ਕਿ ਉਹ ਨਗਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜਿਸ ਦਾ ਮਾੜਾ ਨਤੀਜਾ ਸਿਲੀਕਾਨ ਵੈਲੀ ਬੈਂਕ ਦੇ ਦੀਵਾਲੀਆ ਹੋਣ ਦੇ ਰੂਪ ’ਚ ਸਾਹਮਣੇ ਹੈ।
ਗਾਹਕਾਂ ਨੂੰ ਪੈਸਾ ਵਾਪਸ ਮਿਲੇਗਾ | American Banks
ਦੋਵਾਂ ਅਮਰੀਕੀ ਬੈਂਕਾਂ ਦੇ ਦੀਵਾਲੀਆ ਹੋਣ ਤੋਂ ਬਾਅਦ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐਫ਼ਡੀਆਈਸੀ) ਨੂੰ ਉਨ੍ਹਾਂ ਦਾ ਰਿਸੀਵਰ ਨਿਯੁਕਤ ਕੀਤਾ ਗਿਆ ਹੈ, ਤਾਂ ਕਿ ਜਮ੍ਹਾਕਰਤਾਵਾਂ ਦੇ ਦਿਲ ’ਚ ਡਰ ਪੈਦਾ ਨਾ ਹੋਵੇ ਅਤੇ ਉਹ ਆਪਣੇ ਪੈਸਿਆਂ ਦੀ ਨਿਕਾਸੀ ਕਰ ਸਕਣ। ਐਫ਼ਡੀਆਈਸੀ ਨੇ 2,50,000 ਡਾਲਰ ਦੀ ਜਮ੍ਹਾ ਦਾ ਹੀ ਬੀਮਾ ਕੀਤਾ ਹੈ। ਇਸ ਲਈ ਇਸ ਰਾਸ਼ੀ ਤੱਕ ਜਾਂ ਇਸ ਤੋਂ ਘੱਟ ਜਮ੍ਹਾ ਕਰਨ ਵਾਲੇ ਗ੍ਰਾਹਕਾਂ ਨੂੰ ਪੈਸਾ ਵਾਪਸ ਮਿਲ ਜਾਵੇਗਾ। ਕਿਉਂਕਿ ਦੋਵਾਂ ਬੈਂਕਾਂ ਦੇ ਗ੍ਰਾਹਕ ਵੱਡੇ ਕਾਰੋਬਾਰੀ ਹਨ, ਇਸ ਲਈ ਕਈ ਗ੍ਰਾਹਕਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਸਮੇਂ ’ਤੇ ਪੈਸੇ ਨਾ ਮਿਲਣ ’ਤੇ ਸਟਾਰਟਅੱਪ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ। ਇੱਕ ਅੰਦਾਜ਼ੇ ਅਨੁਸਾਰ, ਦੋਵਾਂ ਅਮਰੀਕੀ ਬੈਂਕ ਦੇ ਡੁੱਬਣ ਨਾਲ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਜਾ ਸਕਦੀ ਹੈ।
ਇਸ ’ਚ ਦੋ ਰਾਇ ਨਹੀਂ ਹੈ ਕਿ ਐਸਵੀਬੀ ਨੇ ਭਾਰਤੀ ਸਟਾਰਟਅੱਪ ਨੂੰ ਕਰਜ਼ਾ ਦਿੱਤਾ ਹੈ ਅਤੇ ਭਾਰਤੀ ਸਟਾਰਟਅੱਪਸ ਨੇ ਉੱਥੇ ਪੈਸੇ ਵੀ ਜਮ੍ਹਾ ਕੀਤੇ ਹਨ। ਫ਼ਿਰ ਵੀ, ਇਹ ਮੰਨਣਾ ਮੁਨਾਸਿਬ ਹੋਵੇਗਾ ਕਿ ਭਾਰਤ ਦੇ ਸਟਾਰਟਅੱਪਸ, ਜਿਨ੍ਹਾਂ ਦਾ ਕਾਰੋਬਾਰ ਅਮਰੀਕਾ ’ਚ ਹੈ, ’ਤੇ ਐਸਵੀਬੀ ਦੇ ਡੁੱਬਣ ਦਾ ਅੰਸ਼ਿਕ ਅਸਰ ਪੈ ਸਕਦਾ ਹੈ, ਕਿਉਂਕਿ ਬੈਂਕ ਦੇ ਜ਼ਿਆਦਾਤਰ ਗ੍ਰਾਹਕ ਸਟਾਰਟਅੱਪਸ ਹਨ। ਇਸ ਮਾਮਲੇ ਦਾ ਕੋਈ ਉਲਟ ਅਸਰ ਭਾਰਤੀ ਬੈਂਕਾਂ ’ਤੇ ਨਹੀਂ ਪਏਗਾ, ਕਿਉਕਿ ਭਾਰਤੀ ਬੈਂਕਾਂ ਦਾ ਕਾਰੋਬਾਰ ਐਸਵੀਸੀ ਜਾਂ ਸਿਗਨੇਚਰ ਬੈਂਕ ਦੇ ਨਾਲ ਨਹੀਂ ਹੈ, ਪਰ ਇਸ ਦਾ ਅਸਰ ਕੁਝ ਦੇਸ਼ਾਂ ’ਤੇ ਜ਼ਰੂਰ ਪਵੇਗਾ।
ਐਸਵੀਬੀ ਅਤੇ ਸਿਗਨੇਚਰ ਬੈਂਕ ਦੇ ਡੁੱਬਣ ਨਾਲ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਇਨ੍ਹਾਂ ਦੀ ਮੈਨੇਜ਼ਮੈਂਟ ਸਹੀ ਤਰ੍ਹਾਂ ਆਪਣੀਆਂ ਜਿੰਮੇਵਾਰੀਆਂ ਦਾ ਪਾਲਣ ਨਹੀਂ ਕਰ ਰਹੀ ਸੀ। ਉਨ੍ਹਾਂ ਨੇ ਇਹ ਧਿਆਨ ਨਹੀਂ ਦਿੱਤਾ ਕਿ ਜਮ੍ਹਾਕਰਤਾ ਅਤੇ ਕਰਜ਼ਦਾਰ ਮੋਟੇ ਤੌਰ ’ਤੇ ਇੱਕ ਹੀ ਉਦਯੋਗ ਤੱਕ ਸੀਮਤ ਹਨ, ਜੋ ਬੈਂਕਿੰਗ ਦੇ ਮੂਲ ਸਿਧਾਂਤ ਦੇ ਉਲਟ ਹੈ। ਬੈਂਕ ਕਦੇ ਵੀ ਨਾ ਤਾਂ ਇੱਕ ਸੈਕਟਰ ਤੋਂ ਜਮ੍ਹਾ ਲੈਂਦਾ ਹੈ ਨਾ ਹੀ ਕਰਜ਼ਾ ਦਿੰਦਾ ਹੈ। ਇਹ ਅਮਰੀਕਾ ਦੇ ਰੈਗੂਲੇਟਰ ਫੈਡਰਲ ਰਿਜ਼ਰਵ ਬੈਂਕ ਦੀ ਵੀ ਨਾਕਾਮੀ ਹੈ।
ਸਟਾਰਟਅੱਪ ਭਾਰਤੀ ਅਰਥਵਿਵਸਥਾ ਦਾ ਜ਼ਰੂਰੀ ਹਿੱਸਾ
ਸਿਲੀਕਾਨ ਵੈਲੀ ਬੈਂਕ ਦੇ ਫੇਲ੍ਹ ਹੋਣ ਨਾਲ ਭਾਰਤ ਦੇ ਸਟਾਰਟਅੱਪਸ ਦਾ ਵਰਤਮਾਨ ਅਤੇ ਭਵਿੱਖ ਵੀ ਮੁਸ਼ਕਲ ’ਚ ਹੈ। ਸਰਕਾਰ ਇਨ੍ਹਾਂ ਸਟਾਰਟਅੱਪ ਨੂੰ ਬਚਾਉਣ ਲਈ ਇਨ੍ਹਾਂ ਦੇ ਨਾਲ ਖੜ੍ਹੀ ਹੈ, ਜਿਸ ਨਾਲ ਭਵਿੱਖ ’ਚ ਹਾਲਾਤਾਂ ਦੇ ਵਿਗੜਨ ’ਤੇ ਸਥਿਤੀ ਨੂੰ ਸੰਭਾਲਿਆ ਜਾ ਸਕੇ। ਸੂਚਨਾ ਅਤੇ ਤਕਨੀਕੀ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਨੇ ਟਵੀਟ ’ਚ ਕਿਹਾ ਕਿ ਸਟਾਰਟਅੱਪ ਭਾਰਤੀ ਅਰਥਵਿਵਸਥਾ ਦਾ ਜ਼ਰੂਰੀ ਹਿੱਸਾ ਹਨ। ਉਨ੍ਹਾਂ ਤੋਂ ਜਾਣਨ ਦਾ ਯਤਨ ਕੀਤਾ ਜਾਵੇਗਾ ਕਿ ਸਰਕਾਰ ਉਨ੍ਹਾਂ ਦੀ ਮੱਦਦ ਕਿਵੇਂ ਕਰ ਸਕਦੀ ਹੈ। ਉੱਥੇ ਭਾਰਤ ਸਰਕਾਰ ਅਤੇ ਆਰਬੀਆਈ ਨੂੰ ਮੰਥਨ ਕਰਨਾ ਹੋਵੇਗਾ ਕਿ ਆਖ਼ਰ ਭਾਰਤੀ ਸਟਾਰਟਅੱਪਸ ਦੇਸ਼ ਦੇ ਬਾਹਰ ਬੈਂਕਾਂ ਵੱਲ ਰੁਖ ਕਿਉਂ ਕਰਦੇ ਹਨ? ਕੀ ਇਨ੍ਹਾਂ ਨੂੰ ਆਪਣੀ ਬੈਂਕਿੰਗ ਵਿਵਸਥਾ ਨਾਲ ਨਹੀਂ ਜੋੜ ਸਕਦੇ ਹਾਂ?
ਸਿਲੀਕਾਨ ਵੈਲੀ ਬੈਂਕ ਅਤੇ ਹੋਰ ਅਮਰੀਕੀ ਬੈਂਕਾਂ ਦੇ ਫੇਲ੍ਹ ਹੋਣ ਨਾਲ 2008 ਵਾਂਗ ਮੰਦੀ ਦੇ ਆਉਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਕਿਉਂਕਿ 2008 ਦੀ ਤੁਲਨਾ ’ਚ ਅੱਜ ਵਿਸ਼ਵ ਬਿਹਤਰ ਸਥਿਤੀ ਵਿਚ ਹੈ। ਫੈਡਰਲ ਬੈਂਕ ਦਾ ਲਗਾਤਾਰ ਯਤਨ ਰਹੇਗਾ ਕਿ ਛੇਤੀ ਤੋਂ ਛੇਤੀ ਇਸ ਵਿੱਤੀ ਸੰਕਟ ਨੂੰ ਸੁਲਝਾਇਆ ਜਾਵੇ। ਜਿਸ ਨਾਲ ਉਸ ਦੀ ਹਾਜ਼ਰੀ ਆਰਥਿਕ ਸ਼ਕਤੀ ਦੇ ਰੂਪ ’ਚ ਬਣੀ ਰਹੇ। ਇਸ ਦੇ ਬਾਵਜ਼ੂਦ ਇਹ ਇੱਕ ਸੰਸਾਰਿਕ ਵਿੱਤੀ ਸੰਕ੍ਰਮਣ ਹੈ, ਜਿਸ ਲਈ ਭਾਰਤ ਦੇ ਨੀਤੀ-ਘਾੜਿਆਂ ਨੂੰ ਚੌਕਸ ਰਹਿਣਾ ਹੋਵੇਗਾ।
ਸਤੀਸ਼ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)