ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੰਮ੍ਰਿਤਪਾਲ (Amritpal) ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਟੋਲ ਪਲਾਜ਼ਾ ਪਾਰ ਕਰਦੇ ਸਮੇਂ ਇੱਕ ਕਾਰ ਵਿੱਚ ਦੇਖਿਆ ਗਿਆ ਹੈ। ਜਿਸ ਵਿਚ ਭਗੌੜਾ ਅੰਮ੍ਰਿਤਪਾਲ ਸਿੰਘ ਪੰਜਾਬ ਰਜਿਸਟ੍ਰੇਸ਼ਨ ਨੰਬਰ ਵਾਲੀ ਗੱਡੀ ਦੀ ਅਗਲੀ ਸੀਟ ‘ਤੇ ਬੈਠਾ ਦੇਖਿਆ ਜਾ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੀ ਇਹ ਸੀਸੀਟੀਵੀ ਫੁਟੇਜ ਸ਼ਨਿੱਚਰਵਾਰ ਨੂੰ ਜਲੰਧਰ ਦੇ ਇਕ ਟੋਲ ਬੂਥ ਪਲਾਜ਼ਾ ਦੀ ਹੈ, ਜਦੋਂ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਕਾਰਵਾਈ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬ ਦੇ ਆਈਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਨੇ ਭੱਜਣ ਲਈ ਵੱਖ-ਵੱਖ ਗੱਡੀਆਂ ਵਰਤੀਆਂ ਹਨ। ਉਸ ਨੇ ਆਪਣੇ ਭੇਸ ਵੀ ਬਦਲਿਆ ਹੈ ਉਸ ਦੇ ਕੱਪਡ਼ੇ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਛੇਤੀ ਹੀ ਉਸ ਨੂੰ ਕਾਬੂ ਕਰ ਲਵੇਗੀ।
The Brezza car, in which Amritpal Singh fled, has been recovered by the Police. He was helped by four people: Punjab IGP Sukhchain Singh Gill pic.twitter.com/iB5zG1Ab7U
— ANI (@ANI) March 21, 2023
ਬਰੇਜ਼ਾ ਕਾਰ ਬਰਾਮਦ ਹੋਈ
ਇਸ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਦੀ ਫਰਾਰ ਹੋਣ ਦੀ ਸ਼ੱਕੀ ਬਰੇਜ਼ਾ ਕਾਰ ਬਰਾਮਦ ਕਰ ਲਈ ਹੈ। ਇਹ ਕਾਰ ਸ਼ਾਹਕੋਟ ਵਿੱਚ ਮਨਪ੍ਰੀਤ ਮੰਨਾ ਦੇ ਘਰੋਂ ਬਰਾਮਦ ਹੋਈ ਹੈ। ਪੁਲੀਸ ਨੇ ਕਾਰ ਵਿੱਚੋਂ ਕਾਰਤੂਸ ਅਤੇ ਇੱਕ ਵਾਕੀ-ਟਾਕੀ ਸੈੱਟ ਵੀ ਬਰਾਮਦ ਕੀਤਾ ਹੈ।
ਹੁਣ ਤੱਕ 114 ਗ੍ਰਿਫਤਾਰ, ਅੰਮ੍ਰਿਤਪਾਲ ਦੀ ਭਾਲ ਜਾਰੀ ਪੰਜਾਬ ਪੁਲਿਸ
ਪੰਜਾਬ ਪੁਲਿਸ ਨੇ ਦੱਸਿਆ ਕਿ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸ਼ਨਿੱਚਰਵਾਰ ਤੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਦੇ ਤਹਿਤ ਸ਼ਾਮ ਤੱਕ 114 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ।
ਪੁਲਿਸ ਦੇ ਇੰਸਪੈਕਟਰ ਜਨਰਲ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਪਹਿਲੇ ਦਿਨ 78, ਦੂਜੇ ਦਿਨ 34 ਅਤੇ ਤੀਜੇ ਦਿਨ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਵਰੀ ਤੋਂ ਹੁਣ ਤੱਕ ਜਥੇਬੰਦੀ ਦੇ ਅਨਸਰਾਂ ਖ਼ਿਲਾਫ਼ ਛੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਮਾਜਿਕ ਸਦਭਾਵਨਾ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ, ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ, ਅਸਲਾ ਐਕਟ ਦੀ ਉਲੰਘਣਾ ਕਰਨ ਅਤੇ ਕਤਲ ਕਰਨ ਦੇ ਦੋਸ਼ ਸ਼ਾਮਲ ਹਨ।
ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ
ਉਨ੍ਹਾਂ ਸਪੱਸ਼ਟ ਕੀਤਾ ਕਿ ਅਜੇ ਤੱਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ, ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ 10 ਹਥਿਆਰ ਅਤੇ ਚਾਰ ਵਾਹਨ ਵੀ ਜ਼ਬਤ ਕੀਤੇ ਗਏ ਹਨ। ਪੰਜਾਂ ਦੋਸ਼ੀਆਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਦੇ ਤਹਿਤ ਪਰਚਾ ਦਰਜ ਕਰਕੇ ਅਸਾਮ ਭੇਜ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਦੀ ਪਤਨੀ ਤੇ ਪਰਿਵਾਰ ਦੇ ਖਾਤਿਆਂ ਦੀ ਜਾਂਚ ਸ਼ੁਰੂ, NSA ਲੱਗਿਆ
ਮੁੱਖ ਮੰਤਰੀ ਨੇ ਕਿਹਾ, ਸਾਂਤੀ ਨਾਲ ਖਿਲਵਾੜ ਨਹੀਂ ਹੋਣ ਦਿਆਂਗੇ
ਚੰਡੀਗੜ੍ਹ। ਪੁਲਿਸ ਪਿਛਲੇ ਚਾਰ ਦਿਨਾਂ ਤੋਂ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮਿ੍ਰਤਪਾਲ ਸਿੰਘ (Amritpal) ਦੀ ਭਾਲ ਕਰ ਰਹੀ ਹੈ। ਅੰਮਿ੍ਰਤਪਾਲ ਕਿੱਥੇ ਹੈ, ਇਸ ਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ। ਹਾਲਾਂਕਿ, ਪਿਤਾ ਨੇ ਦੋਸ਼ ਲਾਇਆ ਹੈ ਕਿ ਪੁਲਿਸ ਉਸ ਨੂੰ ਫਸਾ ਰਹੀ ਹੈ ਤੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਅੰਮਿ੍ਰਤਪਾਲ (Amritpal) ਖਾਲਿਸਤਾਨ ਬਣਾਉਣਾ ਚਾਹੁੰਦਾ ਸੀ। ਹੁਣ ਅੰਮਿ੍ਰਤਪਾਲ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਅਤੇ ਪਰਿਵਾਰ ਦੇ ਬੈਂਕ ਖਾਤਿਆਂ, ਕਾਰਵਾਈਆਂ ਅਤੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਅੰਮਿ੍ਰਤਪਾਲ ਦੇ ਕਰੀਬ 500 ਸਾਥੀਆਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਇਸ ਮੁੱਦੇ ’ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਂਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਇੱਕ ਕੱਟੜ ਦੇਸ਼ ਭਗਤ ਪਾਰਟੀ ਹੈ।
ਹੁਣ ਤੱਕ ਕੀ ਕੁਝ ਹੋਇਆ | Amritpal
- ਹਾਈਕੋਰਟ ’ਚ ਪੰਜਾਬ ਦੇ ਏਜੀ ਨੇ ਕਿਹਾ ਕਿ ਅੰਮਿ੍ਰਤਪਾਲ ’ਤੇ ਐਨਐਸਏ ਲਾਈ ਗਈ ਹੈ।
- 72 ਘੰਟੇ ਬਾਅਦ ਸਰਕਾਰ ਨੇ ਅੱਧੇ ਪੰਜਾਬ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸ਼ੁਰੂ ਕਰ ਦਿੱਤਾ ਹੈ।
- ਤਰਨਤਾਰਨ, ਫਿਰੋਜਪੁਰ, ਮੋਗਾ, ਸੰਗਰੂਰ, ਅੰਮਿ੍ਰਤਸਰ ਵਿਖੇ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ 23 ਮਾਰਚ ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ।
-
ਖੁਫੀਆ ਏਜੰਸੀਆਂ ਦਾ ਖੁਲਾਸਾ- ਅੰਮਿ੍ਰਤਪਾਲ ਨੇ ਜਾਰਜੀਆ ਤੋਂ ਹਥਿਆਰਾਂ ਦੀ ਸਿਖਲਾਈ ਲਈ ਸੀ
ਦੂਜੇ ਪਾਸੇ ਖੁਫੀਆ ਏਜੰਸੀਆਂ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮਿ੍ਰਤਪਾਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਜਾਰਜੀਆ ਵਿੱਚ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਸੀ। ਉਹ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਤੋਂ ਜਾਰਜੀਆ ਗਿਆ ਸੀ। ਏਕੇਐੱਫ਼ ਬਣਾਉਣ ਲਈ ਉਸ ਦੀ ਤਿਆਰੀ ਵੀ ਇਸ ਸਿਖਲਾਈ ਦਾ ਇੱਕ ਹਿੱਸਾ ਸੀ। ਪੰਜਾਬ ਵਿੱਚ ਗੜਬੜ ਪੈਦਾ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਉਸ ਨੂੰ ਜਾਰਜੀਆ ’ਚ ਪੂਰੀ ਸਿਖਲਾਈ ਦਿੱਤੀ ਗਈ ਸੀ।
ਪੁਲਿਸ ਨੇ ਕਰੀਬੀਆਂ ਦੀ ਸੂਚੀ ਐਨਆਈਏ ਨੂੰ ਸੌਂਪੀ
ਐਨਆਈਏ ਦੀ ਟੀਮ ਹਥਿਆਰਾਂ, ਵਿਦੇਸ਼ੀ ਸਬੰਧਾਂ, ਫੰਡਿੰਗ ਅਤੇ ਆਈਐਸਆਈ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨੇ ਅੰਮਿ੍ਰਤਪਾਲ ਸਿੰਘ ਦੇ 458 ਨਜਦੀਕੀ ਸਾਥੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਸੂਚੀ ਐਨਆਈਏ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨੂੰ ਏ, ਬੀ ਅਤੇ ਸੀ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਏ ਕੈਟਾਗਰੀ ਦੇ 142 ਲੋਕ ਅਜਿਹੇ ਹਨ ਜੋ 24 ਘੰਟੇ ਅੰਮਿ੍ਰਤਪਾਲ ਨਾਲ ਰਹਿੰਦੇ ਸਨ। ਬੀ ਕੈਟਾਗਰੀ ਦੇ 213 ਲੋਕ ਸਨ ਜੋ ਵਿੱਤ ਅਤੇ ਸੰਸਥਾ ਦਾ ਕੰਮ ਦੇਖਦੇ ਸਨ। ਐਨਆਈਏ ਦੀਆਂ ਅੱਠ ਟੀਮਾਂ ਪੰਜਾਬ ਪਹੁੰਚ ਚੁੱਕੀਆਂ ਹਨ ਅਤੇ ਇਨ੍ਹਾਂ ਟੀਮਾਂ ਨੇ ਅੰਮਿ੍ਰਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਜਲੰਧਰ ਜ਼ਿਲ੍ਹਿਆਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
6 ਫਾਈਨਾਂਸ ਕੰਪਨੀਆਂ ਤੋਂ ਕਰੋੜਾਂ ਦਾ ਲੈਣ-ਦੇਣ
ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀਆਂ 6 ਫਾਈਨਾਂਸ ਕੰਪਨੀਆਂ ਦੀ ਸਨਾਖਤ ਕੀਤੀ ਗਈ ਹੈ, ਜਿਨ੍ਹਾਂ ’ਚ ਪਿਛਲੇ ਸਾਲ 20 ਅਗਸਤ ਤੋਂ ਹੁਣ ਤੱਕ ਕਰੋੜਾਂ ਦਾ ਲੈਣ-ਦੇਣ ਹੋਇਆ ਹੈ। ਜਲੰਧਰ ਦੇ ਦੋ ਹਵਾਲਾ ਕਾਰੋਬਾਰੀਆਂ ਦੀ ਵੀ ਸਨਾਖਤ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ 28 ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।