(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ਼ ਜਲੰਧਰ ਦੇ ਪਤਾਰਾ ਪੁਲਿਸ ਥਾਣੇ ’ਚ ਦਰਜ ਐਫਆਈਆਰ ਨੂੰ ਰੱਦ ਕਰਵਾਉਣ ਸਬੰਧੀ ਅੱਜ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਜਿਸ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ 30 ਮਈ 2023 ਨੂੰ ਹੋਵੇਗੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪੂਜਨੀਕ ਗੁਰੂ ਜੀ ਨੇ 28 ਫਰਵਰੀ 2016 ਨੂੰ ਸਤਿਸੰਗ ਦੌਰਾਨ ਸੰਤ ਕਬੀਰ ਜੀ ਅਤੇ ਸੰਤ ਰਵਿਦਾਸ ਜੀ ਨਾਲ ਸਬੰਧਿਤ ਇੱਕ ਸਾਖੀ ਸੁਣਾਈ ਸੀ ਇਹ ਸਾਖੀ ਇਤਿਹਾਸ ਦੀਆਂ ਕਈ ਧਾਰਮਿਕ ਪੁਸਤਕਾਂ ’ਚ ਦਰਜ ਹੈ। ਅੱਜ ਤੱਕ ਕਿਸੇ ਨੇ ਵੀ ਇਨ੍ਹਾਂ ਧਾਰਮਿਕ ਪੁਸਤਕਾਂ ’ਤੇ ਕੋਈ ਇਤਰਾਜ਼ ਨਹੀਂ ਕੀਤਾ। ਸੱਤ ਵਰ੍ਹੇ ਪਹਿਲਾਂ ਪੂਜਨੀਕ ਗੁਰੂ ਜੀ ਨੇ ਇਹ ਸਾਖੀ ਸੁਣਾਈ ਸੀ। ਇਸ ਦੌਰਾਨ ਵੀ ਕਿਸੇ ਨੇ ਇਸ ’ਤੇ ਕੋਈ ਇਤਰਾਜ ਨਹੀਂ ਕੀਤਾ।
ਸ਼ਿਕਾਇਤਕਰਤਾ ਨੇ ਜਾਣਬੁੱਝ ਕੇ ਸਾਖੀ ਦੇ ਸੰਖੇਪ ਹਿੱਸੇ ਨੂੰ ਐਫਆਈਆਰ ਦਾ ਆਧਾਰ ਬਣਾਇਆ ਹੈ। ਉਸ ਹਿੱਸੇ ’ਚ ਵੀ ਮਹਾਨ ਸੰਤ ਰਵਿਦਾਸ ਜੀ ਦੇ ਅਪਮਾਨ ਦੀ ਕੋਈ ਗੱਲ ਨਹੀਂ ਹੈ। ਸਾਖੀ ਵਿੱਚ ਮਹਾਨ ਸੰਤ ਕਬੀਰ ਜੀ ਅਤੇ ਸੰਤ ਰਵਿਦਾਸ ਜੀ ਦੀ ਮਹਿਮਾ ਦੱਸੀ ਗਈ ਹੈ। ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਰੇ ਧਰਮਾਂ, ਮਹਾਂਪੁਰਸ਼ਾਂ, ਸਾਰੇ ਪੀਰ-ਫਕੀਰਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਮਹਾਨ ਸੰਤ ਕਬੀਰ ਜੀ ਅਤੇ ਪੂਜਨੀਕ ਸੰਤ ਰਵੀਦਾਸ ਜੀ ਦਾ ਸਨਮਾਨ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਕੀਤਾ ਜਾਂਦਾ ਰਿਹਾ ਹੈ ਅਤੇ ਰਹਿੰਦੀ ਦੁਨੀਆ ਤੱਕ ਕੀਤਾ ਜਾਂਦਾ ਰਹੇਗਾ। ਇਹ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਮਾਜ ’ਚ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਵੀ ਪੂਜਨੀਕ ਗੁਰੂ ਜੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸਾਨੂੰ ਭਰੋਸਾ ਹੈ ਕਿ ਮਾਣਯੋਗ ਹਾਈਕੋਰਟ ’ਚ ਸਾਨੂੰ ਨਿਆਂ ਜ਼ਰੂਰ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।