ਪਰਿਵਾਰ ਨੇ ਸੜਕ ‘ਤੇ ਲਾਸ਼ ਰੱਖ ਕੇ ਲਾਇਆ ਧਰਨਾ
(ਸੁਖਜੀਤ ਮਾਨ) ਮਾਨਸਾ। ਇੱਥੋਂ ਨੇੜਲੇ ਕਸਬਾ ਜੋਗਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਨੌਜਵਾਨ ਦੀ ਪਛਾਣ ਰਵੀ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਮਾਨਸਾ ਵਜੋਂ ਹੋਈ ਹੈ। ਮਿ੍ਰਤਕ ਦੇ ਪਰਿਵਾਰ ਵੱਲੋਂ ਸਮੱਰਥਕਾਂ ਸਮੇਤ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸਨ ਕੀਤਾ ਗਿਆ। (Overdose Of White)
ਇਸ ਮੌਕੇ ਰਵੀ ਕੁਮਾਰ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਚਿੱਟੇ ਦੀ ਓਵਰਡੋਜ ਲੈਣ ਨਾਲ ਹੋਈ ਹੈ। ਉਨ੍ਹਾਂ ਕਿਹਾ ਰਵੀ ਕੁਮਾਰ ਬੀਤੀ ਕੱਲ੍ਹ ਘਰੋਂ ਕਣਕ ਵੇਚਣ ਲਈ ਗਿਆ ਸੀ ਪਰ ਅੱਜ ਉਸ ਦੀ ਲਾਸ਼ ਕਸਬਾ ਜੋਗਾ ਦੇ ਸਮਸਾਨ ਘਾਟ ਵਿੱਚੋਂ ਮਿਲੀ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਮੌਤ ਲਈ ਕੁੱਝ ਨੌਜਵਾਨ ਜਿੰਮੇਵਾਰ ਹਨ ਜੋ ਨਸ਼ਾ ਵੇਚਦੇ ਹਨ ਅਤੇ ਉਸਨੂੰ ਕਰਵਾਉਂਦੇ ਸਨ ਅਤੇ ਇਸੇ ਨਸ਼ੇ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕਸਬੇ ਵਿੱਚ ਕੁੱਝ ਨੌਜਵਾਨ ਖੁੱਲੇ ਆਮ ਨਸਾ ਵੇਚ ਰਹੇ ਹਨ।
ਪੀੜਤ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਦੂਜਾ ਵਿਆਹ ਰਵੀ ਕੁਮਾਰ ਨਾਲ ਹੋਇਆ ਸੀ, ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਇਸ ਸਮੇਂ ਧਰਨੇ ਵਿੱਚ ਬੋਲਦਿਆਂ ਸਮਾਜ ਸੇਵੀ ਜਗਸੀਰ ਸਿੰਘ ਸੀਰਾ ਆਦਿ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਾਲੇ ਕਈ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਚੁੱਕੇ ਹਨ ਪਰ ਪੁਲਿਸ ਉਨ੍ਹਾਂ ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਛੱਡ ਦਿੰਦੀ ਹੈ, ਜਿਸ ਦੀ ਬਦੌਲਤ ਬਿਨ੍ਹਾਂ ਡਰ ਭੈਅ ਤੋਂ ਇਸ ਇਲਾਕੇ ਵਿੱਚ ਚਿੱਟਾ ਵਿਕਦਾ ਹੈ। ਉਨ੍ਹਾਂ ਕਿਹਾ ਕਿ ਚਿੱਟੇ ਕਾਰਨ ਹੀ ਰਵੀ ਕੁਮਾਰ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਪਹਿਲਾਂ ਸਾਬਕਾ ਮੰਤਰੀ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ ਪਰ ਸਰਕਾਰ ਤੇ ਪੁਲਿਸ ਦਾ ਨਸ਼ੇ ਵੇਚਣ ਵਾਲਿਆਂ ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਖੁੱਲੇਆਮ ਚਿੱਟਾ ਵਿਕਦਾ ਹੈ।
ਇੱਕ ਮਹਿਲਾ ਸਮੇਤ 4 ‘ਤੇ ਪਰਚਾ ਦਰਜ਼
ਥਾਣਾ ਜੋਗਾ ਦੇ ਤਫਤੀਸੀ ਅਫਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਤਨੀ ਜਪਸ੍ਰੀਤ ਕੌਰ ਦੇ ਬਿਆਨ ਤੇ ਗੁਰਜੀਤ ਸਿੰਘ, ਸੁਖਚੈਨ ਸਿੰਘ ਤੋਂ ਇਲਾਵਾ ਨਸ਼ਾ ਵੇਚਣ ਦੇ ਦੋਸ਼ ਹੇਠ ਮਨਜੀਤ ਕੌਰ ਅਤੇ ਘੁੱਕਾ ਸਿੰਘ ਵਾਸੀਆਨ ਜੋਗਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਸ.ਪੀ ਸੰਜੀਵ ਗੋਇਲ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।