ਕਿਸਾਨਾਂ ਸੂਬਾ ਸਰਕਾਰ ਤੇ ਪਾਵਰਕੌਮ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ
(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਭਗਵਾਨਗੜ੍ਹ ਦੇ ਸਰਕਾਰੀ ਸਕੂਲ ’ਚ ਪਾਵਰਕੌਮ ਵਿਭਾਗ ਵੱਲੋਂ ਲਾਏ ਸਮਾਰਟ ਪ੍ਰੀਪੇਡ ਮੀਟਰ (Prepaid Meter) ਕਿਸਾਨਾਂ ਵੱਲੋਂ ਪੁੱਟ ਕੇ ਸਰਕਾਰ ਅਤੇ ਪਾਵਰਕੌਮ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਪਾਵਰਕੌਮ ਅਧਿਕਾਰੀਆਂ ਵੱਲੋਂ ਪਿੰਡ ’ਚ ਬਣੇ ਸਰਕਾਰੀ ਸਕੂਲ ’ਚ ਸਮਾਰਟ ਮੀਟਰਾਂ ਨੂੰ ਲਾ ਦਿੱਤਾ ਗਿਆ ਪ੍ਰੰਤੂ ਜਦ ਇਸ ਗੱਲ ਦਾ ਪਤਾ ਕਿਸਾਨਾਂ ਨੂੰ ਲੱਗਿਆ ਤਾਂ ਉਨ੍ਹਾਂ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਉਕਤ ਮੀਟਰ ਨੂੰ ਖੁੱਦ ਹੀ ਪੁੱਟ ਸੁੱਟਿਆ।
ਕਿਸਾਨਾਂ ਨੇ ਦੱਸਿਆ ਕਿ ਉਹ ਸਮਾਰਟ ਮੀਟਰਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਨ ਇਸ ਲਈ ਉਹ ਇੰਨ੍ਹਾਂ ਮੀਟਰਾਂ ਨੂੰ ਕਿਸੇ ਵੀ ਕੀਮਤ ’ਤੇ ਲੱਗਣ ਨਹੀਂ ਦੇਣਗੇ। ਉਨ੍ਹਾਂ ਇਸ ਨੂੰ ਕਾਰਪੋਰੇਟ ਘਰਾਣਿਆ ਦੀ ਸਾਜਿਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਕਈ ਵਾਰ ਕਿਸੇ ਗਰੀਬ ਵਿਅਕਤੀ ਕੋਲ ਇੰਨ੍ਹਾਂ ਮੀਟਰਾਂ ਨੂੰ ਰੀਚਾਰਜ਼ ਕਰਵਾਉਣ ਲਈ ਪੈਸੇ ਨਹੀਂ ਹੁੰਦੇ ਜਿਸ ਕਾਰਨ ਉਨ੍ਹਾਂ ਦੀ ਬਿਜਲੀ ਉਸੇ ਸਮੇਂ ਤੋਂ ਬੰਦ ਹੋ ਜਾਵੇਗੀ ਜਿਸ ਕਾਰਨ ਉਸ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਮੀਟਰ ਨਾ ਲਾਉਣ ਲਈ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਹੋਇਆ ਹੈ ਪ੍ਰੰਤੂ ਫਿਰ ਵੀ ਅਧਿਕਾਰੀ ਚੋਰੀ ਛੁਪੇ ਸਰਕਾਰੀ ਥਾਵਾਂ ’ਤੇ ਸਮਾਰਟ ਮੀਟਰ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਅੰਦਰ ਪ੍ਰੀਪੇਡ ਮੀਟਰ ਲਾਉਣ ਦਾ ਵੱਡਾ ਫੈਸਲਾ ਪਿਛਲੇ ਮਹੀਨਿਆਂ ਦੌਰਾਨ ਕੀਤਾ ਗਿਆ ਸੀ, ਕਿਉਂਕਿ ਸਰਕਾਰੀ ਦਫ਼ਤਰਾਂ ਵੱਲ ਪਾਵਰਕੌਮ ਦਾ ਕਰੋੜਾਂ ਪਏ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਹੈ।ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਹੁਣ ਤੱਕ ਵੱਖਵੱਖ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਅੰਦਰ ਲਗਭਗ 7 ਹਜ਼ਾਰ ਦੇ ਕਰੀਬ ਸਮਾਰਟ ਮੀਟਰ ਲਾਏ ਜਾ ਚੁੱਕੇ ਹਨ ਜਦੋਂਕਿ ਬਾਕੀ ਦਾ ਕੰਮ ਜਾਰੀ ਹੈ। ਸੂਬੇ ਅੰਦਰ 50 ਹਜ਼ਾਰ ਦੇ ਕਰੀਬ ਸਰਕਾਰੀ ਦਫ਼ਤਰ ਹਨ ਜਿੱਥੇ ਕਿ ਇਹ ਸਮਾਰਟ ਮੀਟਰ ਲਾਏ ਜਾਣੇ ਹਨ।ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।
ਚਿੱਪ ਵਾਲੇ ਮੀਟਰ ਲਾਉਣ ਆਏ ਅਧਿਕਾਰੀਆਂ ਦਾ ਘਿਰਾਓ
(ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਅੱਜ ਪਿੰਡ ਗਾਟ ਵਾਲੀ ਵਿਖੇ ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਜਦੋਂ ਬਹੁਤ ਹੀ ਗਰੀਬ ਮਜ਼ਦੂਰ ਪ੍ਰੀਵਾਰ ਦੇ ਘਰੇ ਮੀਟਰ ਲਾਉਣ ਬਿਜਲੀ ਮੁਲਾਜ਼ਮ ਪਹੁੰਚੇ ਤਾਂ ਔਰਤਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਸਮੇਂ ਪਿੰਡ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਸ਼ੁਰੂ ਕਰ ਦਿੱਤਾ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਚਿੱਪ ਵਾਲਾ ਮੀਟਰ ਉਤਾਰ ਕੇ ਦੂਸਰਾ ਮੀਟਰ ਨਹੀਂ ਲਾਇਆ ਜਾਵੇਗਾ ਤਦ ਤੱਕ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਜਾਰੀ ਰਹੇਗਾ।
ਖਬਰ ਲਿਖੇ ਜਾਣ ਤੱਕ ਮੁਲਾਜ਼ਮਾਂ ਦਾ ਘਿਰਾਓ ਜਾਰੀ ਸੀ ਇਸ ਮੌਕੇ ਬੋਲਦੇ ਜ਼ਿਲਾ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਇਹ ਮਾਰੂ ਨੀਤੀਆਂ ਨੂੰ ਲਾਗੂ ਕਰਨ ਲਈ ਤੇ ਬਿਜਲੀ ਐਕਟ ਨੂੰ ਲਾਗੂ ਕਰਨ ਲਈ ਸਰਕਾਰ ਪੱਬਾਂ ਭਾਰ ਹੋਈ ਪਈ ਹੈ ਪਰ ਜਥੇਬੰਦੀ ਵੱਲੋਂ ਪੱਕੇ ਤੌਰ ’ਤੇ ਇਨ੍ਹਾਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ