ਗਰਮੀ ਅਤੇ ਝੋਨੇ ਦੇ ਸੀਜਨ ਦੌਰਾਨ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ
- ਸਰਕਾਰੀ ਥਰਮਲਾਂ ’ਚ 7 ਤੋਂ ਗਿਆਰਾਂ ਦਿਨ ਦਾ ਕੋਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੇ ਥਰਮਲ ਪਲਾਂਟਾਂ ਵਿੱਚ ਗਰਮੀ ਅਤੇ ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਕੋਲੇ ਦੇ ਭੰਡਾਰ ਮਨਫ਼ੀ ਹਨ। ਆਲਮ ਇਹ ਹੈ ਕਿ ਪਾਵਰਕੌਮ ਦੀ ਪਿਛਵਾੜਾ ਕੋਲ ਮਾਇਨ ਚੱਲਣ ਦੇ ਬਾਵਜ਼ੂਦ ਕੋਲੇ ਦੇ ਭੰਡਾਰ ਪੂਰੇ ਨਹੀਂ ਹੋ ਰਹੇ। ਉਂਜ ਨਿਯਮਾਂ ਮੁਤਾਬਿਕ ਪਾਵਰਕੌਮ ਦੇ ਥਰਮਲਾਂ ਵਿੱਚ ਘੱਟੋ-ਘੱਟ 28 ਦਿਨਾਂ ਤੱਕ ਦਾ ਕੋਲਾ ਜ਼ਰੂਰੀ ਹੈ। ਇਕੱਤਰ ਜਾਣਕਾਰੀ ਮੁਤਾਬਿਕ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 7 ਦਿਨਾਂ ਦਾ ਕੋਲਾ ਹੈ, ਜਦੋਂਕਿ ਰੋਪੜ ਥਰਮਲ ਪਲਾਂਟ ਕੋਲ 11 ਦਿਨਾਂ ਦਾ ਕੋਲਾ ਹੈ। ਮੌਜ਼ੂਦਾ ਸਮੇਂ ਰੋਪੜ ਥਰਮਲ ਪਲਾਂਟ ’ਤੇ ਤਿੰਨ ਯੂਨਿਟ ਚਾਲ ਹਨ, ਜਦੋਂਕਿ ਇੱਕ ਯੂਨਿਟ ਬੰਦ ਹੈ।
ਗੋਇੰਦਵਾਲ ਸਾਹਿਬ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਵੀ ਕੋਲੇ ਦੀ ਕਮੀ
ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ, ਜਦੋਂਕਿ ਦੋ ਯੂਨਿਟ ਬੰਦ ਹਨ। ਇਸ ਦੇ ਨਾਲ ਹੀ ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ 4.7 ਦਿਨਾਂ ਦਾ ਕੋਲਾ ਹੈ। ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਹੀ ਚਾਲੂ ਹੋਇਆ ਹੈ, ਜਦੋਂਕਿ ਇੱਕ ਬੰਦ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਪਿਛਲੇ ਕਾਫ਼ੀ ਸਮੇਂ ਤੋਂ ਕੋਲੇ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ 8.7 ਦਿਨਾਂ ਦਾ ਕੋਲਾ ਹ, ਜਦੋਂਕਿ ਰਾਜਪੁਰਾ ਥਰਮਲ ਪਲਾਂਟ ਕੋਲ ਸਭ ਤੋਂ ਵੱਧ 30 ਦਿਨਾਂ ਦਾ ਕੋਲਾ ਹੈ। ਰਾਜਪੁਰਾ ਥਰਮਲ ਪਲਾਂਟ ਕੋਲ ਹੀ ਕੇਂਦਰੀ ਨਿਯਮਾਂ ਮੁਤਾਬਕ ਪੂਰਾ ਕੋਲਾ ਹੈ, ਜਦੋਂਕਿ ਬਾਕੀ ਸਾਰੇ ਥਰਮਲ ਪਲਾਂਟ ਕੋਲੇ ਦੀ ਪੂਰੀ ਮਿਕਦਾਰ ਨਾ ਹੋਣ ਨਾਲ ਜੂਝ ਰਹੇ ਹਨ।
ਰਾਜਪੁਰਾ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ, ਜਦੋਂਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵੀ 2 ਯੂਨਿਟ ਚੱਲ ਰਹੇ ਹਨ। ਗਰਮੀ ਦਾ ਸਮਾਂ ਸ਼ੁਰੂ ਹੋ ਰਿਹਾ ਹੈ, ਜਦੋਂਕਿ ਅਗਲਾ ਸਮਾਂ ਝੋਨੇ ਦਾ ਵੀ ਹੈ ਪਰ ਪਾਵਰਕੌਮ ਦੇ ਥਰਮਲ ਪਲਾਂਟਾਂ ਵਿੱਚ ਜਿੰਨੇ ਕੋਲੇ ਦੀ ਜ਼ਰੂਰਤ ਹੈ, ਉਸ ਮਿਕਦਾਰ ਦਾ ਨਹੀਂ ਹੈ। ਇੱਧਰ ਪਾਵਰਕੌਮ ਦੀ ਪਿਛਲੇ ਕਾਫ਼ੀ ਸਾਲਾਂ ਤੋਂ ਬੰਦ ਪਈ ਪਿਛਵਾੜਾ ਕੋਲ ਮਾਇਨ ਵੀ ਚਾਲੂ ਹੋ ਗਈ ਸੀ, ਪਰ ਉੱਥੋਂ ਵੀ ਪਾਵਰਕੌਮ ਨੂੰ ਪੂਰੀ ਮਿਕਦਾਰ ਨਾਲ ਕੋਲਾ ਪ੍ਰਾਪਤ ਨਹੀਂ ਹੋ ਰਿਹਾ। ਇੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਰਮਲਾਂ ਅੰਦਰ ਕੋਲੇ ਦੀ ਘਾਟ ਨਹੀਂ ਹੈ ਅਤੇ ਲਗਾਤਾਰ ਕੋਲਾ ਸਪਲਾਈ ਹੋ ਰਿਹਾ ਹੈ।
ਬਿਜਲੀ ਦੀ ਮੰਗ 7500 ਮੈਗਾਵਾਟ ਦੇ ਨੇੜੇ ਪੁੱਜੀ | Electricity Crisis
ਬੀਤੇ ਦਿਨ 9 ਮਾਰਚ ਨੂੰ ਦੁਪਹਿਰ ਸਮੇਂ ਤੱਕ ਬਿਜਲੀ ਦੀ ਮੰਗ 7500 ਮੈਗਾਵਾਟ ਦੇ ਨੇੜੇ ਚੱਲ ਰਹੀ ਸੀ ਅਤੇ ਅਗਲੇ ਦਿਨਾਂ ਦੌਰਾਨ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਪਿਛਲੀ ਵਾਰ ਗਰਮੀਆਂ ਵਿੱਚ ਬਿਜਲੀ ਦੀ ਮੰਗ 14400 ਮੈਗਾਵਾਟ ਨੂੰ ਪਾਰ ਕਰ ਗਈ ਸੀ, ਜਦੋਂਕਿ ਇਸ ਵਾਰ ਬਿਜਲੀ ਦੀ ਮੰਗ 15500 ਮੈਗਾਵਾਟ ਨੂੰ ਪਾਰ ਕਰਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਮੌਜ਼ੂਦਾ ਸਮੇਂ ਕਈ ਥਾਈਂ ਕੱਟ ਵੀ ਲੱਗ ਰਹੇ ਹਨ।