ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕੀਤੇ ਜਾਣ ਕਾਰਨ ਪਨਸਪ ਮੁਲਾਜ਼ਮਾਂ ਵੱਲੋਂ ਅਣਮਿਥੇ ਸਮੇਂ ਲਈ ਸੂਬਾ ਭਰ ’ਚ ਕੰਮਕਾਜ ਠੱਪ
- ਮੁਲਾਜ਼ਮਾਂ ਵੱਲੋਂ ਪੰਜਾਬ ਅੰਦਰ ਕਣਕ ਦੀ ਖ੍ਰੀਦ ਦਾ ਬਾਈਕਾਟ ਕਰਨ ਦਾ ਐਲਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਤੇ ਖ੍ਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਵੇਅਰ ਹਾਊਸਿੰਗ ਕਾਰਪੋ. ਅਤੇ ਪੰਜਾਬ ਐਗਰੋ ਵਾਂਗ ਪਨਸਪ ਤੇ ਪੰਜਾਬ ਸਰਕਾਰ ਵਲੋਂ 6ਵੇਂ ਪੇਅ ਕਮਿਸ਼ਨ ਦੀਆਂ ਸ਼ਿਪਾਰਸਾਂ ਨੂੰ ਪਨਸਪ ਦੇ ਮੁਲਾਜ਼ਮਾਂ ਤੇ ਲਾਗੂ ਨਾ ਕੀਤੇ ਜਾਣ ਦੇ ਕਾਰਨ ਪਨਸਪ ਮੁਲਾਜ਼ਮ ਯੂਨੀਅਨ ਤੇ ਪਨਸਪ ਰਿਟਾਇਰਡ ਮੁਲਾਜ਼ਮ ਯੂਨੀਅਨ ਦੇ ਸੱਦੇ ਉਤੇ ਪਨਸਪ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸੂਬਾ ਭਰ ’ਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦੇਣ ਕਾਰਨ ਪੰਜਾਬ ਚੋਂ ਦੂਜੇ ਰਾਜਾਂ ਨੂੰ ਕਣਕ ਦੀ ਨਿਕਾਸੀ, ਝੋਨੇ ਦੀਆਂ ਭੌਤਿਕ ਪੜਤਾਲਾਂ, ਲੋਕ ਵੰਡ ਪ੍ਰਣਾਲੀ ਤੇ ਮਿਡ-ਡੇ ਮੀਲ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ।
ਪਨਸਪ ਦੇ ਸਮੂੰਹ ਰੈਗੂਲਰ ਦਫਤਰੀ ਤੇ ਫੀਲ਼ਡ ਦੇ ਕ੍ਰਮਚਾਰੀਆਂ ਤੋਂ ਇਲਾਵਾ ਪਨਸਪ ਦੇ ਰਿਟਾਇਰਡ ਮੁਲਾਜਮਾਂ ਵੱਲੋਂ ਸੂਬੇ ਅੰਦਰ ਪਨਸਪ ਦਾ ਸਾਰਾ ਕੰਮ ਕਾਜ ਠੱਪ ਕਰ ਦਿਤਾ ਗਿਆ ਹੈ ਤੇ ਮੁੱਖ ਦਫਤਰ ਤੋਂ ਇਲਾਵਾ ਜ਼ਿਲ੍ਹਾ ਹੈਡ ਕੁਆਟਰਾਂ ਅਗੇ ਲਗਾਤਾਰ ਧਰਨੇ ਦੇਣ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੇ ਸਰਕਾਰ ਨੂੰ ਧਮਕੀ ਦਿਤੀ ਹੈ ਕਿ ਜੇਕਰ 2016 ਤੋਂ ਪਨਸਪ ਦੇ ਕ੍ਰਮਚਾਰੀਆਂ ਲਈ 6ਵੇਂ ਵਿੱਤ ਕਮਿਸ਼ਨ ਦੀਆਂ ਸ਼ਿਫਾਰਸਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਅੰਦਰ 1 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀ ਕਣਕ ਦੀ ਖ੍ਰੀਦ/ਸਟੋਰੇਜ ਦਾ ਉਹ ਮੁਕੰਮਲ ਬਾਈਕਾਟ ਕਰਨਗੇ।
-
ਹੜਤਾਲ ਕਾਰਨ ਕਣਕ ਦੀ ਨਿਕਾਸੀ ,ਪੈਡੀ ਦੀਆਂ ਭੌਤਿਕ ਪੜਤਾਲਾਂ ਤੇ ਮਿਡ-ਡੇ ਮੀਲ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ
ਪਨਸਪ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਸੇਖੋਂ, ਰਿਟਾਇਰਡ ਮੁਲਾਜਮ ਯੂਨੀਅਨ ਦੇ ਪ੍ਰਧਾਨ ਰਾਮ ਚੰਦ, ਇੰਦਰਪਾਲ ਸਿੰਘ ਮਲਹੋਤਰਾ, ਚੰਡੀਗੜ ਮੁੱਖ ਦਫਤਰ ਮੁਲਾਜਮ ਯੂਨੀਅਨ ਦੇ ਪ੍ਰਧਾਨ ਸਤਿੰਦਰ ਸਿੰਘ ਬਰਾੜ, ਰਣਜੀਤ ਸਿੰਘ ਸਹੋਤਾ , ਸਲਿਲ ਸੋਨੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਦੂਸਰੀਆਂ ਖ੍ਰੀਦ ਏਜੰਸੀਆਂ ਮਾਰਕਫੈਡ, ਪਨਗਰੇਨ, ਪੰਜਾਬ ਵੇਅਰ ਹਾਊਸ ਦੇ ਕ੍ਰਮਚਾਰੀਆਂ ਲਈ 6ਵੇਂ ਪੇਅ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰ ਦਿਤਾ ਗਿਆ ਹੈ ਜਦੋਂ ਕਿ ਖ੍ਰੀਦ ਏਜੰਸੀ ਪਨਸਪ ਦੇ ਮੁਲਾਜਮਾਂ ਲਈ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸਾਂ ਲਾਗੂ ਕਰਨ ਲਈ ਵਿੱਤ ਵਿਭਾਗ ਵਲੋਂ ਅਸਿਹਮਤੀ ਪ੍ਰਗਟ ਕੀਤੀ ਗਈ ਹੈ। ਜਿਸ ਕਾਰਨ ਮੁਲਾਜਮਾਂ ’ਚ ਸਰਕਾਰ ਤੇ ਪਨਸਪ ਮੈਨੇਜਮੈਂਟ ਪ੍ਰਤੀ ਗੁਸੇ ਦੀ ਲਹਿਰ ਪਾਈ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਦਸਿੱਆ ਕਿ ਆਉਦੇ ਦਿਨਾਂ ’ਚ ਵਿੱਢੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੇ ਨਿਕਲਣ ਵਾਲੇ ਸਿਟਿਆ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ