(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੀਤੀ ਜਾ ਰਹੇ ਯਤਨਾ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ 13 ਤੋਂ 17 ਮਾਰਚ ਤੱਕ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਬਿਊਰੋ ਵੱਲੋਂ 13 ਮਾਰਚ ਨੂੰ ਸਰਕਾਰੀ ਆਈ.ਟੀ.ਆਈ (ਲੜਕੇ), ਨਾਭਾ ਰੋਡ ਪਟਿਆਲਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੂਸਰਾ ਰੁਜ਼ਗਾਰ ਮੇਲਾ 14 ਮਾਰਚ ਨੂੰ ਸਰਕਾਰੀ ਆਈ.ਟੀ.ਆਈ (ਲੜਕੇ), ਰਾਜਪੁਰਾ ਅਤੇ 17 ਮਾਰਚ ਨੂੰ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਰੁਜ਼ਗਾਰ ਮੇਲੇ ਲਗਾਏ ਜਾਣਗੇ।
ਰੁਜ਼ਗਾਰ ਮੇਲਿਆਂ ’ਚ ਸ਼ਾਮਲ ਹੋਣ ਵਾਲੀਆਂ ਕੰਪਨੀਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਨੁਰਾਗ ਗੁਪਤਾ ਨੇ ਦੱਸਿਆ ਕਿ ਮੇਲਿਆਂ ’ਚ ਭਾਰਤੀ ਏਅਰਟੈਲ, ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ, ਜੀ.ਐਸ.ਏ. ਇੰਡਸਟਰੀਜ਼, ਮਾਦਵ ਅਲਾਇਜ਼, ਐਕਸਿਸ ਬੈਂਕ, ਰਿਲਾਇਸ ਰਿਟੇਲ, ਫਲਿਪਕਾਰਟ, ਐਮੇਜੋਨ, ਸਵਰਾਜ, ਡੀ ਮਾਰਟ, ਮਿਡਲੈਂਡ, ਬੂੰਗੇ ਇੰਡੀਆਂ, ਜੀ.ਸੀ.ਐਮ. ਕਾਨਵੈਂਟ ਸਕੂਲ ਤੋਂ ਇਲਾਵਾ ਵੱਡੀ ਗਿਣਤੀ ਕੰਪਨੀਆਂ ਉਕਤ ਰੋਜ਼ਗਾਰ ਮੇਲਿਆਂ ’ਚ ਸ਼ਾਮਲ ਹੋਣਗੀਆਂ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ।
ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਗਾਰ ਮੇਲਿਆਂ ’ਚ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ., ਡਿਪਲੋਮਾ, ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਦੀ ਯੋਗਤਾ ਵਾਲੇ ਨੌਜਵਾਨ ਭਾਗ ਲੈ ਸਕਦੇ ਹਨ। ਇਨ੍ਹਾਂ ਮੇਲਿਆਂ ਦੌਰਾਨ ਪ੍ਰਾਈਵੇਟ ਖੇਤਰ ’ਚ ਲਗਭਗ ਦੋ ਹਜ਼ਾਰ ਅਸਾਮੀਆਂ ਭਰੀਆਂ ਜਾਣੀਆਂ ਹਨ। ਡਿਪਟੀ ਡਾਇਰੈਕਟਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਨੌਜਵਾਨ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣਾ ਭਵਿੱਖ ਉੱਜਵਲ ਬਣਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਰੋਜ਼ਗਾਰ ਬਿਊਰੋ ਦੀ ਹੈਲਪ ਲਾਈਨ ਨੰਬਰ 98776-10877 ’ਤੇ ਜਾਂ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਸੰਪਰਕ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ