‘‘ਸਰਦਾਰ ਸਤਿਨਾਮ ਸਿੰਘ ਜੀ ਬਹੁਤ ਬਹਾਦਰ ਹਨ। ਸਰਦਾਰ ਸਤਿਨਾਮ ਸਿੰਘ ਜੀ ਨੇ ਮਸਤਾਨਾ ਗਰੀਬ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਇਨ੍ਹਾਂ ਨੇ ਮਸਤਾਨਾ ਗਰੀਬ ਦੇ ਹਰ ਹੁਕਮ ਦੀ ਪਾਲਣਾ ਕੀਤੀ ਹੈ। ਇਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ।’’ ਇਹ ਬਚਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬੇਮਿਸਾਲ ਤਿਆਗ, ਪ੍ਰਬਲ ਪਿਆਰ, ਨਿਹਸਵਾਰਥ ਮਹਾਨ ਸੇਵਾ ਅਤੇ ਰਾਮ-ਨਾਮ ਲਈ ਜ਼ਬਰਦਸਤ ਕੁਰਬਾਨੀ ’ਤੇ ਖੁਸ਼ ਹੋ ਕੇ ਸਾਧ-ਸੰਗਤ ’ਚ ਫਰਮਾਏ। ਸਾੲੀਂ ਜੀ ਨੇ ਸਾਧ-ਸੰਗਤ ’ਚ ਸ਼ਰੇਆਮ ਫ਼ਰਮਾਇਆ ਕਿ ਇਸ ਤੋਂ ਪਹਿਲਾਂ ਕੀ ਕਿਸੇ ਨੇ ਸਤਿਨਾਮ ਦੀ ਫੋਟੋ ਕਿਤੇ ਵੇਖੀ ਹੈ?
ਹਾਲਾਂਕਿ ਸਾਰਿਆਂ ਦੀਆਂ ਫੋਟੋਆਂ ਹਨ, ਪਰੰਤੂ ਸਤਿਨਾਮ ਦੀ ਫੋਟੋ ਕਿਤੇ ਵੀ ਪਹਿਲਾਂ ਨਹੀਂ ਵੇਖੀ। ਇਹ ਗਰੀਬ ਮਸਤਾਨਾ ਸਤਿਨਾਮ ਨੂੰ ਅਰਸ਼ਾਂ ਤੋਂ ਲੱਭ ਕੇ ਲਿਆਇਆ ਹੈ। ਇਹ ਹੈ ਉਹ ਸਤਿਨਾਮ, ਜਿਸ ਨੂੰ ਦੁਨੀਆ ਜਪਦੀ-ਜਪਦੀ ਮਰ ਗਈ, ਪਰ ਕਿਸੇ ਨੇ ਅੱਜ ਤੱਕ ਉਸ ਨੂੰ ਵੇਖਿਆਂ ਨਹੀਂ! ਅਸੀਂ ਇਨ੍ਹਾਂ ਨੂੰ ਅਰਸ਼ਾਂ ਤੋਂ ਲੈ ਕੇ ਆਏ ਹਾਂ। ਜੋ ਵੀ ਕੋਈ ਇਨ੍ਹਾਂ ਦਾ ਨਾਮ ਲੈ ਕੇ ਯਾਦ ਕਰੇਗਾ (ਇਨ੍ਹਾਂ ਦੇ ਨਾਮ ਦਾ ਚਿੰਤਨ ਕਰੇਗਾ।) ਉਸਦਾ ਉੱਧਾਰ ਇਹ ਆਪਣੀ ਰਹਿਮਤ ਨਾਲ ਕਰਨਗੇ। ਪੰਛੀ, ਪਰਿੰਦਾ ਵੀ ਕੋਈ ਜੇਕਰ ਉੱਪਰੋਂ ਲੰਘਿਆ ਉਹ ਵੀ ਨਰਕਾਂ ’ਚ ਨਹੀਂ ਜਾਵੇਗਾ। ਅਤੇ ਇਸ ਤਰ੍ਹਾਂ ਪੂਜਨੀਕ ਸਾੲੀਂ ਮਸਤਾਨਾ ਜੀ ਮਹਾਰਾਜ ਨੇ ਆਪਣੀ ਭਰਪੂਰ ਰਹਿਮਤਾਂ ਬਖਸ਼ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਆਪਣਾ ਉੱਤਰਾਅਧਿਕਾਰੀ ਬਣਾ ਕੇ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕੀਤਾ।’’
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਫਰਵਰੀ 1919 ਨੂੰ ਪੂਜਨੀਕ ਪਿਤਾ ਜ਼ੈਲਦਾਰ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਦੇ ਘਰ, ਪਰਮ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ। ਆਪ ਜੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਮੰਡੀ ਡੱਬਵਾਲੀ ਜ਼ਿਲ੍ਹਾ ਸਰਸਾ (ਹਰਿਆਣਾ) ਦੇ ਰਹਿਣ ਵਾਲੇ ਸਨ। ਪ੍ਰਭੂ-ਪਰਮੇਸ਼ਵਰ ਦੀ ਭਗਤੀ ਦੀ ਸੱਚੀ ਲਗਨ ਆਪ ਜੀ ਦੇ ਅੰਦਰ ਪੂਜਨੀਕ ਮਾਤਾ-ਪਿਤਾ ਜੀ ਦੇ ਪਵਿੱਤਰ ਸੰਸਕਾਰਾਂ ਦੇ ਨਤੀਜੇ ਵਜੋਂ ਬਚਪਨ ਤੋਂ ਹੀ ਸੀ। ਜਿਵੇਂ-ਜਿਵੇਂ ਆਪ ਜੀ ਵੱਡੇ ਹੁੰਦੇ ਗਏ, ਉਸ ਪਰਮ ਸੱਚ (ਮਾਲਿਕ) ਨੂੰ ਵੇਖਣ ਅਤੇ ਸਭ ਗ਼ਮ-ਫਿਕਰਾਂ ਨੂੰ ਮਿਟਾਉਣ ਵਾਲੀ ਰੱਬੀ ਸੱਚੀ ਬਾਣੀ ਨੂੰ ਪਾਉਣ ਦੀ ਤੜਫ ਆਪ ਜੀ ਦੇ ਅੰਤਰਮਨ ’ਚ ਲਗਾਤਾਰ ਵਧਦੀ ਗਈ। ਆਪ ਜੀ ਨੇ ਅਨੇਕਾਂ ਸਾਧੂ-ਮਹਾਤਮਾਵਾਂ ਨੂੰ ਸੁਣਿਆ, ਉਨ੍ਹਾਂ ਨੂੰ ਵੇਖਿਆ, ਪਰਖਿਆ।
ਇੱਕ ਵਾਰ ਆਪ ਜੀ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ’ਚ ਆਏ। ਪੂਜਨੀਕ ਬੇਪਰਵਾਹ ਜੀ ਦੇ ਇਲਾਹੀ ਬਚਨਾਂ ਵਿੱਚ ਆਪ ਜੀ ਨੇ ਅਸਲ ਸੱਚ ਨੂੰ ਰੂ-ਬ-ਰੂ ਵੇਖਿਆ। ਇਸੇ ਦੀ ਹੀ ਆਪ ਜੀ ਨੂੰ ਭਾਲ ਸੀ। ਆਪ ਜੀ ਨੇ ਉਸੇ ਦਿਨ ਤੋਂ ਹੀ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਆਪਣੇ ਸਤਿਗੁਰੂ, ਅੱਲ੍ਹਾ, ਰਾਮ, ਪਰਮੇਸ਼ਵਰ ਦੇ ਰੂਪ ’ਚ ਹਮੇਸ਼ਾ ਲਈ ਆਪਣੇ ਦਿਲ ’ਚ ਵਸਾ ਲਿਆ। ਆਪ ਜੀ ਲਗਾਤਾਰ ਤਿੰਨ ਸਾਲ ਸਾੲੀਂ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਕਰਦੇ ਰਹੇ।
ਇਸ ਦੌਰਾਨ ਆਪ ਜੀ ਨੇ ਨਾਮ-ਸ਼ਬਦ, ਗੁਰਮੰਤਰ ਲੈਣ ਦੀ ਵੀ ਬਹੁਤ ਵਾਰ ਕੋਸ਼ਿਸ਼ ਕੀਤੀ, ਜਦੋਂਕਿ ਆਪ ਜੀ ਨੇ ਆਪਣੇ ਸਾਥੀਆਂ, ਆਪਣੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਸਾਈਂ ਜੀ ਤੋਂ ਨਾਮ-ਸ਼ਬਦ ਪਹਿਲਾਂ ਹੀ ਦਿਵਾ ਦਿੱਤਾ ਸੀ, ਪਰ ਬੇਪਰਵਾਹ ਸਾਈਂ ਜੀ ਆਪ ਜੀ ਨੂੰ ਇਹ ਕਹਿ ਕੇ ਨਾਮ ਲੈਣ ਵਾਲਿਆਂ ’ਚੋਂ ਉਠਾ ਦਿੰਦੇ ਕਿ ਆਪ ਜੀ ਨੂੰ ਹਾਲੇ ਨਾਮ ਲੈਣ ਦਾ ਹੁਕਮ ਨਹੀਂ ਹੈ ਅਤੇ ਇੱਕ ਵਾਰ ਤਾਂ ਪੂਜਨੀਕ ਸਾਈਂ ਜੀ ਨੇ ਸਪੱਸ਼ਟ ਹੀ ਬਚਨ ਕਰ ਦਿੱਤਾ, ਜਦੋਂ ਸਮਾਂ ਆਇਆ ਆਪ ਨੂੰ ਖੁਦ ਸੱਦ ਕੇ, ਆਵਾਜ਼ ਦੇ ਕੇ ਨਾਮ-ਸ਼ਬਦ ਦਿਆਂਗੇ, ਆਪ ਸਤਿਸੰਗ ਕਰਦੇ ਰਹੋ।
ਪੂਜਨੀਕ ਸਾਈਂ ਜੀ ਨੇ ਮਿਤੀ 14 ਮਾਰਚ 1954 ਨੂੰ ਡੇਰਾ ਸੱਚਾ ਸੌਦਾ ਅਨਾਮੀ ਧਾਮ ਘੂਕਿਆਂਵਾਲੀ ’ਚ ਸਤਿਸੰਗ ਫਰਮਾਇਆ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਉੱਚੇ ਚਬੂਤਰੇ (ਜਿੱਥੇ ਸਤਿਸੰਗ ਲਾਇਆ ਸੀ) ’ਤੇ ਖੜ੍ਹੇ ਹੋ ਕੇ ਆਪ ਜੀ ਨੂੰ ਅਵਾਜ਼ ਲਾਈ, ‘ਸਰਦਾਰ ਹਰਬੰਸ ਸਿੰਘ ਜੀ, ਅੱਜ ਆਪ ਜੀ ਨੂੰ ਵੀ ਨਾਮ-ਸ਼ਬਦ ਲੈਣ ਦਾ ਹੁਕਮ ਆਇਆ ਹੈ।’ ਆਪ ਅੰਦਰ ਜਾ ਕੇ ਸਾਡੇ ਮੂੜੇ ਕੋਲ ਬੈਠੋ, ਅਸੀਂ ਵੀ ਆਉਂਦੇ ਹਾਂ! ਮੂੜੇ ਨੇੜੇ ਜਗ੍ਹਾ ਨਾ ਹੋਣ ਕਾਰਨ ਆਪ ਜੀ ਪਿੱਛੇ ਹੀ ਨਾਮ ਲੈਣ ਵਾਲੇ ਭਾਈਆਂ ’ਚ ਆ ਕੇ ਬੈਠ ਗਏ। ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਮੂੜੇ ਕੋਲ ਬਿਠਾਇਆ ਅਤੇ ਬਚਨ ਫਰਮਾਇਆ, ‘‘ਆਪ ਨੂੰ ਇਸ ਲਈ ਨੇੜੇ ਬਿਠਾ ਕੇ ਨਾਮ ਦਿੰਦੇ ਹਾਂ ਕਿ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ। ਆਪ ਨੂੰ ਰੂਹਾਨੀਅਤ (ਜਿੰਦਾਰਾਮ) ਦਾ ਲੀਡਰ ਬਣਾਵਾਂਗੇ, ਜੋ ਦੁਨੀਆ ’ਚ ਨਾਮ ਜਪਾਵੇਗਾ।’’
ਰੱਬ ਦੀ ਪੈੜ:-
ਇੱਕ ਦਿਨ ਪੂਜਨੀਕ ਸਾੲੀਂ ਮਸਤਾਨਾ ਜੀ ਮਹਾਰਾਜ ਨੇ ਰੇਤ ’ਤੇ ਪਏ ਪੈਰਾਂ ਦੇ ਇੱਕ ਨਿਸ਼ਾਨ ’ਤੇ ਆਪਣੀ ਡਾਂਗ ਨਾਲ ਗੋਲ ਘੇਰਾ ਬਣਾ ਕੇ ਆਪਣੇ ਨਾਲ ਆ ਰਹੇ ਸੇਵਾਦਾਰਾਂ ਨੂੰ ਫਰਮਾਇਆ, ‘‘ਆਓ ਭਾਈ ਵਰੀ, ਤੁਹਾਨੂੰ ਰੱਬ ਦੀ ਪੈੜ ਵਿਖਾਈਏ।’’ ਉਨ੍ਹਾਂ ਸੇਵਾਦਾਰਾਂ ’ਚ ਇੱਕ ਨੇ ਕਿਹਾ, ਜੀ ਇਹ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਸਰਦਾਰ ਹਰਬੰਸ ਸਿੰਘ ਜੀ ਦੇ ਪੈਰ ਦੇ ਨਿਸ਼ਾਨ ਹਨ! ਇਸ ’ਤੇ ਸੱਚੇ ਰਹਿਬਰ, ਸਰਵ ਸਮਰੱਥ ਸਤਿਗੁਰੂ ਜੀ ਨੇ ਆਪਣੇ ਉਨ੍ਹਾਂ ਬਚਨਾਂ ’ਤੇ ਜ਼ੋਰ ਦਿੰਦਿਆਂ ਫਰਮਾਇਆ, ‘‘ਅਸੀਂ ਹੋਰ ਕਿਸੇ ਨੂੰ ਨਹੀਂ ਜਾਣਦੇ।! ਇੰਨਾ ਜਾਣਦੇ ਹਾਂ ਕਿ ਇਹ ਰੱਬ ਦੀ ਪੈੜ ਹੈ।’’
ਸਖ਼ਤ ਪ੍ਰੀਖਿਆ:-
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਇੱਕ ਤੋਂ ਵੱਧ ਕੇ ਇੱਕ ਸਖ਼ਤ ਪ੍ਰੀਖਿਆਵਾਂ ਆਪ ਜੀ ਲਈ ਰੱਖੀਆਂ ਪਰ ਆਪ ਜੀ ਦੇ ਪ੍ਰਬਲ ਮੁਰਸ਼ਿਦ-ਪ੍ਰੇਮ ਨੂੰ ਕੋਈ ਵੀ ਡੁਲਾ ਨਹੀਂ ਸਕਿਆ, ਕਿਉਂਕਿ ਆਪ ਜੀ ਨੇ ਤਾਂ ਆਪਣੇ ਸੱਚੇ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਪਹਿਲੇ ਦਿਨ ਤੋਂ ਹੀ ਆਪਣਾ ਭਗਵਾਨ ਅਤੇ ਸਭ ਕੁਝ ਮੰਨ ਲਿਆ ਸੀ। ਜਨਵਰੀ 1958 ਦੀ ਗੱਲ ਹੈ। ਸ੍ਰੀ ਜਲਾਲਆਣਾ ਸਾਹਿਬ ’ਚ ਡੇਰਾ ਸੱਚਾ ਸੌਦਾ ਮਸਤਪੁਰਾ ਧਾਮ ਬਣ ਕੇ ਤਿਆਰ ਹੋ ਗਿਆ ਸੀ। ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਸਾਧ-ਸੰਗਤ ਦੀ ਬੇਨਤੀ ’ਤੇ ਡੇਰੇ ਦੇ ਉਦਘਾਟਨ ਲਈ ਸ੍ਰੀ ਜਲਾਲਆਣਾ ਸਾਹਿਬ ਪਧਾਰੇ। ਪੂਜਨੀਕ ਪਰਮ ਪਿਤਾ ਜੀ ਦੇ ਮਾਰਗ-ਦਰਸ਼ਨ ’ਚ ਪਿੰਡ ਦੀ ਸਾਧ-ਸੰਗਤ ਨੇ ਪੂਜਨੀਕ ਸਾੲੀਂ ਜੀ ਦਾ ਧੂਮ-ਧਾਮ ਨਾਲ ਸਵਾਗਤ ਕੀਤਾ। ਸਾਧ-ਸੰਗਤ ਦਾ ਅਜਿਹਾ ਪ੍ਰਬਲ ਪ੍ਰੇਮ ਵੇਖ ਕੇ ਪੂਜਨੀਕ ਸਾੲੀਂ ਜੀ ਬਹੁਤ ਖੁਸ਼ ਸਨ।
ਬਚਨ ਫਰਮਾਇਆ, ‘‘ਮੁਲਖ ਮਾਹੀ ਦਾ ਵਸੇ, ਕੋਈ ਰੋਵੇ ਤੇ ਕੋਈ ਹੱਸੇ।’’ ਗਦਰਾਨਾ ’ਚ ਡੇਰਾ ਸੱਚਾ ਸੌਦਾ ਅਨੰਦਪੁਰਾ ਧਾਮ ਖੁਦ ਸਾੲੀਂ ਜੀ ਦੇ ਹੁਕਮ ਦੁਆਰਾ ਗਿਰਵਾਇਆ ਜਾ ਰਿਹਾ ਸੀ, ਜਿਸ ਨਾਲ ਉੱਥੋਂ ਦੀ ਸੰਗਤ ਮਾਯੂਸ (ਨਿਰਾਸ਼) ਸੀ। ਉਸ ਦਿਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਮਸਤਪੁਰਾ ਧਾਮ ਸ੍ਰੀ ਜਲਾਲਆਣਾ ਸਾਹਿਬ ਦਾ ਆਪਣੇ ਪਵਿੱਤਰ ਕਰ-ਕਮਲਾਂ ਨਾਲ ਉਦਘਾਟਨ ਕੀਤਾ ਸੀ ਅਤੇ ਸੰਗਤ ’ਚ ਬਿਰਾਜਮਾਨ ਹੋ ਕੇ ਉਨ੍ਹਾਂ ’ਚ ਆਪਣਾ ਪਿਆਰ ਅਤੇ ਖੁਸ਼ੀਆਂ ਵੰਡ ਰਹੇ ਸਨ। ਭਾਵ ‘ਆਨੰਦਪੁਰਾ ਰੋਵੇ ਤੇ ਮਸਤਪੁਰਾ ਹੱਸੇ।’ ਉਨ੍ਹੀਂ ਦਿਨੀਂ ਪੂਜਨੀਕ ਸਾੲੀਂ ਜੀ ਲਗਾਤਾਰ 18 ਦਿਨ ਤੱਕ ਮਸਤਪੁਰਾ ਧਾਮ (ਸ੍ਰੀ ਜਲਾਲਆਣਾ ਸਾਹਿਬ) ’ਚ ਠਹਿਰੇ ਸਨ। ਉਸੇ ਦੌਰਾਨ ਬੇਪਰਵਾਹ ਜੀ ਨੇ ਆਪ ਜੀ ਸਾਹਮਣੇ ਆਏ ਦਿਨ ਸਖ਼ਤ ਤੋਂ ਸਖ਼ਤ ਪ੍ਰੀਖਿਆਵਾਂ ਰੱਖੀਆਂ।
ਸਤਿਗੁਰੂ ਜੀ ਨੇ ਜੋ ਕਿਹਾ, ਕੀਤਾ, ਲੁਟਾ ਦਿੱਤਾ- ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਜਿਉਂ ਹੀ ਮਕਾਨ ਤੋੜਨ ਤੇ ਘਰ ਦਾ ਸਾਰਾ ਸਮਾਨ ਡੇਰੇ ’ਚ ਲਿਆਉਣ ਦਾ ਹੁਕਮ ਆਪ ਜੀ ਨੂੰ ਮਿਲਿਆ, ਪਲ ਵੀ ਦੇਰ ਨਾ ਕੀਤੀ। ਉਸ ਸਮੇਂ ਸੱਬਲ, ਕਹੀ, ਹਥੌੜਾ ਆਦਿ ਲੈ ਕੇ ਆਪਣੀ ਹਵੇਲੀ ’ਤੇ ਚੜ੍ਹ ਗਏ ਤੇ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਤੋੜਨਾ ਸ਼ੁਰੂ ਕਰ ਦਿੱਤਾ। ਪਿੰਡ ਵਾਲੇ, ਭਾਈਚਾਰੇ ਦੇ ਲੋਕ ਭਾਵੇਂ ਕੁਝ ਵੀ ਬੋਲਦੇ ਰਹੇ, ਧਿਆਨ ਤੱਕ ਵੀ ਨਹੀਂ ਦਿੱਤਾ ਤੇ ਲੱਗੇ ਰਹੇ।
ਇੰਨਾ ਉੱਚਾ ਖਾਨਦਾਨ, ਇੰਨਾ ਵੱਡਾ ਪਰਿਵਾਰ ਤਾਂ ਸਮਾਨ ਘਰ ਦਾ ਕਿੰਨਾ ਹੋ ਸਕਦਾ ਹੈ, ਖੁਦ ਹੀ ਅੰਦਾਜ਼ਾ ਲਗਾਓ। ਟਰੱਕ, ਟਰੈਕਟਰ-ਟਰਾਲੀਆਂ ’ਚ ਭਰ ਕੇ ਸਭ ਕੁਝ ਲਿਆ ਕੇ ਡੇਰਾ ਸੱਚਾ ਸੌਦਾ ਸਰਸਾ ’ਚ ਰੱਖ ਦਿੱਤਾ। ਸਮਾਨ ਦਾ ਪਹਾੜ ਜਿੰਨਾ ਉੱਚਾ ਢੇਰ! ਸਾਈਂ ਜੀ ਜਿਉਂ ਹੀ ਦੇਰ ਰਾਤ ਬਾਹਰ ਆਏ ਤਾਂ ਪੁੱਛਿਆ, ਭਾਈ ਇਹ ਕਿਸ ਦਾ ਸਮਾਨ ਹੈ ਤੇ ਇੱਥੇ ਕਿਉ ਰੱਖਿਆ ਹੈ? ਬੇਪਰਵਾਹ ਜੀ ਨੇ ਫਰਮਾਇਆ, ਗੌਰਮਿੰਟ ਤਾਂ ਸਾਨੂੰ ਪਹਿਲਾਂ ਹੀ ਨਹੀਂ ਛੱਡਦੀ। ਜੇਕਰ ਕੋਈ ਸਾਡੇ ਤੋਂ ਪੁੱਛੇ ਕਿ ਤੁਸੀਂ ਕਿਸ ਦਾ ਘਰ ਪਟ ਕੇ ਲਿਆਏ ਹੋ, ਤਾਂ ਅਸੀਂ ਕੀ ਜਵਾਬ ਦਿਆਂਗੇ? ਜਿਸ ਦਾ ਵੀ ਇਹ ਸਮਾਨ ਹੈ ਡੇਰੇ ’ਚੋਂ ਬਾਹਰ ਰੱਖੋ ਜਾਂ ਸ਼ਹਿਰ ’ਚ ਕਿਤੇ ਵੀ ਤੇ ਸਮਾਨ ਦੀ ਖੁਦ ਰਖਵਾਲੀ ਕਰੋ।’ ਹਾਲਾਂਕਿ ਸਭ ਕੁਝ ਖੁਦ ਸਾਈਂ ਜੀ ਦੇ ਹੁਕਮ ਅਨੁਸਾਰ ਹੀ ਹੋਇਆ ਸੀ, ਪਰੰਤੂ ਦੁਨੀਆ ਨੂੰ ਦਿਖਾਉਣਾ ਹੁੰਦਾ ਹੈ, ਗੁਰਮੁਖਤਾ ਕੀ ਹੁੰਦੀ ਹੈ।
ਗੁਰੂ ਤੇ ਸ਼ਿਸ਼ ਦਾ ਨਾਤਾ ਕਿਹੋ ਜਿਹਾ ਹੋਣਾ ਚਾਹੀਦਾ। ਆਪ ਜੀ ਦੇ ਦਿਲ ’ਚ ਜਰਾ ਵੀ ਕਿਸੇ ਵੀ ਕਿਸੇ ਚੀਜ਼ ਦਾ ਮਲਾਲ ਨਹੀਂ ਸੀ। ਸਤ ਬਚਨ ਕਹਿ ਕੇ ਆਪ ਜੀ ਨੇ ਸਾਰਾ ਸਮਾਨ ਉਸੇ ਸਮੇਂ ਡੇਰੇ ’ਚੋਂ ਬਾਹਰ ਆਮ ਆਵਾਜਾਈ ਦੇ ਉਸ ਕੱਚੇ ਰਸਤੇ ’ਤੇ ਰੱਖ ਦਿੱਤਾ ਰਖਵਾਲੀ ਕਰਨ ਬੈਠ ਗਏ। ਸਰਦੀ ਦਾ ਮੌਸਮ, ਕੜਾਕੇ ਦੀ ਠੰਢ, ਉੱਪਰੋਂ ਬੂੰਦਾਂ-ਬਾਂਦੀ ਤੇ ਸੀਤ ਲਹਿਰ ਨਾਲ ਮੌਸਮ ਹੋਰ ਵੀ ਜ਼ਿਆਦਾ ਠੰਢਾ ਸੀ। ਅਗਲੇ ਦਿਨ ਆਪ ਜੀ ਨੇ ਮੋਟਰਸਾਈਕਲ ਸਮੇਤ ਘਰ ਦਾ ਸਾਰਾ ਸਮਾਨ ਇੱਕ-ਇੱਕ ਕਰਕੇ ਸਤਿਸੰਗ ’ਤੇ ਪਹੁੰਚੀ ਸਾਧ-ਸੰਗਤ ’ਚ ਖੁਦ ਆਪਣੇ ਪਵਿੱਤਰ ਕਰ-ਕਮਲਾਂ ਰਾਹੀਂ ਵੰਡ ਦਿੱਤਾ ਤੇ ਆਪਣੇ ਮੁਰਸ਼ਿਦ ਕਾਮਲ ਦੀਆਂ ਅਪਾਰ ਖੁਸ਼ੀਆਂ ਹਾਸਲ ਕੀਤੀਆਂ।
ਸ਼ਹਿਨਸ਼ਾਹ ਜੀ ਨੇ ਸ਼ਰੇਆਮ ਡੰਕੇ ਦੀ ਚੋਟ ’ਤੇ ਆਪ ਜੀ ਨੂੰ ਸੰਬੋਧਨ ਕਰਦਿਆਂ ਫ਼ਰਮਾਇਆ, ‘ਸਰਦਾਰ ਹਰਬੰਸ ਸਿੰਘ ਜੀ, ਤੁਹਾਨੂੰ ਤੁਹਾਡੀ ਕੁਰਬਾਨੀ ਦੇ ਬਦਲੇ ਸੱਚ ਦਿੰਦੇ ਹਾਂ! ਤੁਹਾਨੂੰ ‘ਸਤਿਨਾਮ’ ਕਰਦੇ ਹਾਂ!’ ਇਸ ਤੋਂ ਬਾਅਦ ਸ਼ਹਿਨਸ਼ਾਹ ਜੀ ਨੇ ਸਾਧ-ਸੰਗਤ ਨੂੰ ਵੀ ਸੰਬੋਧਨ ਕਰਦਿਆਂ ਫ਼ਰਮਾਇਆ ਕਿ ਅਸੀਂ ਸਰਦਾਰ ਸਤਿਨਾਮ ਸਿੰਘ ਜੀ ਨੂੰ (ਉਸੇ ਦਿਨ ਤੋਂ ਪੂਜਨੀਕ ਪਰਮ ਪਿਤਾ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਤੋਂ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹੋ ਗਿਆ), ਸਤਿਗੁਰੂ, ਕੁੱਲ ਮਾਲਕ ਬਣਾ ਦਿੱਤਾ ਹੈ। ਸਤਿਨਾਮ ਅਰਥਾਤ ਖੰਡ-ਬ੍ਰਹਿਮੰਡਾਂ ਦਾ ਮਾਲਕ! ਸਾਰੇ ਖੰਡ-ਬ੍ਰਹਿਮੰਡ ਜਿਨ੍ਹਾਂ ਦੇ ਸਹਾਰੇ ਖੜੇ੍ਹ ਹਨ।
ਗੁਰਗੱਦੀ ਨਸ਼ੀਨੀ
28 ਫਰਵਰੀ 1960-ਪੂਜਨੀਕ ਬੇਪਰਵਾਹ ਜੀ ਦੇ ਨਿਰਦੇਸ਼ ਅਨੁਸਾਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਦੂਰ-ਦੂਰ ਸਥਾਨਾਂ ਤੋਂ ਸਾਧ-ਸੰਗਤ ਹੁੰਮ-ਹੁਮਾ ਕੇ ਡੇਰਾ ਸੱਚਾ ਸੌਦਾ ’ਚ ਆ ਗਈ ਸੀ। ਆਪ ਜੀ ਨੂੰ ਸੌ-ਸੌ ਦੇ ਨਵੇਂ-ਨਵੇਂ ਨੋਟਾਂ ਦੇ ਲੰਮੇ-ਲੰਮੇ (ਸਿਰ ਤੋਂ ਪੈਰਾਂ ਤੱਕ) ਹਾਰ ਪਹਿਨਾਏ ਗਏ। ਬਿਨਾ ਛੱਤ ਵਾਲੀ ਇੱਕ ਓਪਨ ਜੀਪ-ਗੱਡੀ, ਜਿਸ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਸੀ ਤੇ ਜਿਸ ’ਚ ਖੂਬਸੂਰਤ ਕੁਰਸੀ ਵੀ ਸਜਾਈ ਗਈ ਸੀ, ਪੂਜਨੀਕ ਸਾਈਂ ਜੀ ਨੇ ਆਪ ਜੀ ਨੂੰ ਉਸ ਕੁਰਸੀ ’ਤੇ ਬਿਰਾਜਮਾਨ ਕੀਤਾ। ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਆਦੇਸ਼ ਫਰਮਾਇਆ, ‘ਸਰਦਾਰ ਸਤਿਨਾਮ ਸਿੰਘ ਜੀ ਬਹੁਤ ਹੀ ਬਹਾਦਰ ਹਨ। ਉਨ੍ਹਾਂ ਨੇ ਇਸ ‘ਮਸਤਾਨਾ’ ਗਰੀਬ ਦੇ ਹਰ ਹੁਕਮ ਨੂੰ ਮੰਨਿਆ ਹੈ ਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਇਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਓਨੀ ਹੀ ਘੱਟ ਹੈ। ਅੱਜ ਤੋਂ ਅਸੀਂ ਇਨ੍ਹਾਂ ਨੂੰ ਆਪਣਾ ਵਾਰਿਸ, ਖੁਦ-ਖੁਦਾ, ਕੁੱਲ-ਮਾਲਕ, ਆਪਣਾ ਸਵਰੂਪ ਬਣਾ ਲਿਆ ਹੈ।’
ਇਲਾਹੀ ਜਲੂਸ, ਸ਼ੋਭਾ ਯਾਤਰਾ-ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਾਧ-ਸੰਗਤ ਨੂੰ ਆਪਣੇ ਪਵਿੱਤਰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਿਆਂ ਫਰਮਾਇਆ ਕਿ ਸਰਸਾ ਸ਼ਹਿਰ ਦੀ ਹਰ ਗਲੀ, ਹਰ ਮੁਹੱਲੇ ’ਚ ਸ਼ੋਭਾ ਯਾਤਰਾ ਕੱਢਣੀ ਹੈ। ਸਾਰੀ ਸਾਧ-ਸੰਗਤ ਨੇ ਇਸ ਇਲਾਹੀ ਸ਼ੋਭਾ ਯਾਤਰਾ ’ਚ ਸ਼ਾਮਲ ਹੋਣਾ ਹੈ। ਪੂਰੇ ਜ਼ੋਰ-ਸ਼ੋਰ ਨਾਲ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰਿਆਂ ਨਾਲ ਦੁਨੀਆ ਨੂੰ ਦੱਸਣਾ ਹੈ ਕਿ ਅਸੀਂ (ਸ਼ਾਹ ਮਸਤਾਨਾ ਜੀ ਮਹਾਰਾਜ ਨੇ) ਆਪਣੇ ਰਹਿਬਰ ਸਾਈਂ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਸ੍ਰੀ ਜਲਾਲਆਣਾ ਸਾਹਿਬ ਦੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਅੱਜ ਡੇਰਾ ਸੱਚਾ ਸੌਦਾ ਦਾ ‘ਆਪਣਾ ਉੱਤਰਾਅਧਿਕਾਰੀ ਬਣਾ ਦਿੱਤਾ ਹੈ।’
ਇਸ ਪ੍ਰਕਾਰ ਪੂਜਨੀਕ ਸਾਈਂ ਜੀ ਦੇ ਹੁਕਮ ਅਨੁਸਾਰ ਸਾਰੇ ਸਰਸਾ ਸ਼ਹਿਰ ’ਚ ਰਾਮ-ਨਾਮ ਦਾ ਡੰਕਾ ਵੱਜਿਆ। ਸ਼ੋਭਾ ਯਾਤਰਾ ਦੀ ਵਾਪਸੀ ’ਤੇ ਪੂਜਨੀਕ ਸਾਈਂ ਜੀ ਨੇ ਡੇਰੇ ਦੇ ਮੇਨ ਗੇਟ ’ਤੇ ਖੜ੍ਹੇ ਹੋ ਕੇ ਖੁਦ ਸਵਾਗਤ ਕੀਤਾ। ਸਾਈਂ ਜੀ ਨੇ ਫ਼ਰਮਾਇਆ, ‘ਸਰਦਾਰ ਸਤਿਨਾਮ ਸਿੰਘ ਜੀ ਨੂੰ ਅੱਜ ਅਸੀਂ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ।’ ਉਸ ਦਿਨ ਸਾਈਂ ਜੀ ਨੇ ਜਲੂਸ ’ਚ ਸ਼ਾਮਲ ਸਾਰੀ ਸੰਗਤ ਨੂੰ ਕਤਾਰਾਂ ’ਚ ਬਿਠਾ ਕੇ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਪ੍ਰਦਾਨ ਕੀਤਾ ਤੇ ਆਪਣੀ ਅਪਾਰ ਬਖਸ਼ਿਸ਼ਾਂ ਕੀਤੀਆਂ।
Param Pita Shah Satnam Singh ji Maharaj
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਸ਼ਰਮ ’ਚ ਖੂਬਸੂਰਤ ਸਜੀ ਸਟੇਜ ’ਤੇ ਬਿਰਾਜਮਾਨ ਹੋਏ ਤੇ ਅਨਾਮੀ ਗੋਲ ਗੁਫ਼ਾ ਤੋਂ ਆਪ ਜੀ ਨੂੰ ਸੱਦ ਕੇ ਲਿਆਉਣ ਲਈ ਸੇਵਾਦਾਰਾਂ ਨੂੰ ਹੁਕਮ ਦਿੱਤਾ। ਦੋ ਸੇਵਾਦਾਰ ਗੋਲ ਗੁਫ਼ਾ ਵੱਲ ਦੌੜੇ, ਇਹ ਦੇਖ ਕੇ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ਰੋਕ ਕੇ ਫ਼ਰਮਾਇਆ, ‘ਨਹੀਂ ਭਾਈ, ਇੰਜ ਨਹੀਂ! ਦਸ ਸੇਵਾਦਾਰ ਪ੍ਰੇਮੀ ਇਕੱਠੇ ਹੋ ਕੇ ਜਾਓ ਤੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਪੂਰੇ ਸਨਮਾਨ ਨਾਲ ਸਟੇਜ ’ਤੇ ਲੈ ਕੇ ਆਓ।’
ਪੂਜਨੀਕ ਸਾਈਂ ਜੀ ਨੇ ਆਪ ਜੀ ਨੂੰ ਬਹੁਤ ਹੀ ਪਿਆਰ ਤੇ ਸਨਮਾਨ ਨਾਲ ਆਪਣੇ ਨਾਲ ਸਟੇਜ ’ਤੇ ਬਿਠਾਉਦਿਆਂ ਆਪ ਜੀ ਨੂੰ ਨੋਟਾਂ ਦੇ ਹਾਰ ਪਹਿਨਾਏ ਇਸ ਤੋਂ ਬਾਅਦ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਪਵਿੱਤਰ ਮੁਖਾਰਬਿੰਦ ’ਚੋਂ ਫ਼ਰਮਾਇਆ, ‘ਦੁਨੀਆ ਸਤਿਨਾਮ-ਸਤਿਨਾਮ ਜਪਦੀ ਮਰ ਗਈ, ਦੇਖਿਆ ਹੈ ਹੈ ਭਾਈ ਕਿਸੇ ਨੇ! ਬੋਲੋ! ਬੋਲੋ!’ ਜਿਸ ਸਤਿਨਾਮ ਨੂੰ ਦੁਨੀਆ ਜਪਦੀ-ਜਪਦੀ ਮਰ ਗਈ ਪਰ ਉਹ ਸਤਿਨਾਮ ਨਹੀਂ ਮਿਲਿਆ। ਉਹ ਸਤਿਨਾਮ (ਆਪ ਜੀ ਵੱਲ ਇਸ਼ਾਰਾ ਕਰਦਿਆਂ) ਇਹ ਹੈ।
ਇਹ ਉਹੀ ਸਤਿਨਾਮ ਹੈ, ਜਿਸ ਦੇ ਸਹਾਰੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ। ਅਸੀਂ ਇਨ੍ਹਾਂ ਨੂੰ ਦਾਤਾ ਸਾਵਣ ਸ਼ਾਹ ਸਾਈਂ ਜੀ ਦੇ ਹੁਕਮ ਅਨੁਸਾਰ ਮਾਲਕ ਤੋਂ ਮਨਜ਼ੂਰ ਕਰਵਾਇਆ ਹੈ ਤੇ ਅਰਸ਼ੋਂ ਲਿਆ ਕੇ ਤੁਹਾਡੇ ਸਾਹਮਣੇ ਬਿਠਾ ਦਿੱਤਾ ਹੈ। ਗੁਰਗੱਦੀ ਬਖਸ਼ਿਸ਼ ਦੇ ਲਗਭਗ ਦੋ ਮਹੀਨਿਆਂ ਬਾਅਦ ਭਾਵ 18 ਅਪਰੈਲ 1960 ਨੂੰ ਪੂਜਨੀਕ ਬੇਪਰਵਾਹ ਜੀ ਜੋਤੀ-ਜੋਤ ਸਮਾ ਗਏ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਆਦਿ ਪ੍ਰਦੇਸ਼ ’ਚ ਦੂਰ-ਦੂਰ ਤੱਕ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਦਿਨ-ਰਾਤ ਕਰਕੇ ਹਜ਼ਾਰਾਂ ਸਤਿਸੰਗ ਕੀਤੇ ਤੇ 11 ਲੱਖ ਤੋਂ ਵੱਧ ਲੋਕਾਂ ਨੂੰ ਪੂਜਨੀਕ ਪਰਮ ਪਿਤਾ ਪਰਮਾਤਮਾ ਦੇ ਨਾਮ ਸ਼ਬਦ ਨਾਲ ਜੋੜ ਕੇ ਨਸ਼ੇ ਆਦਿ ਬੁਰਾਈਆਂ, ਪਾਖੰਡਾਂ ਤੇ ਸਮਾਜਿਕ ਕੁਰੀਤੀਆਂ ਤੋਂ ਉਨ੍ਹਾਂ ਦਾ ਪਿੱਛਾ ਛੁਡਵਾਇਆ। ਆਪ ਜੀ ਦੇ ਪਵਿੱਤਰ ਬਚਨ, (ਭਜਨਾਂ-ਸ਼ਬਦਾਂ, ਵਾਰਤਿਕ ਰੂਪ ’ਚ) ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ, ਆਪਣੀ ਪਵਿੱਤਰ ਹਜ਼ੂਰੀ ’ਚ ਹਰ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਵਾ ਕੇ ਗੁਰੂਗੱਦੀ ਦੀ ਬਖਸ਼ਿਸ਼ ਕੀਤੀ।
Param Pita Shah Satnam Singh ji Maharaj
ਆਪ ਜੀ ਨੇ ਸਾਧ-ਸੰਗਤ ’ਤੇ ਆਪਣਾ ਇਹ ਮਹਾਨ ਰਹਿਮੋ-ਕਰਮ ਫ਼ਰਮਾਇਆ ਹੈ। ਆਪ ਜੀ ਲਗਭਗ ਪੰਦਰ੍ਹਾਂ ਮਹੀਨੇ ਹਜ਼ੂਰ ਪਿਤਾ ਜੀ ਨਾਲ ਇਕੱਠੇ ਸਟੇਜ ’ਤੇ ਬਿਰਾਜਮਾਨ ਰਹੇ। ਗੁਰਗੱਦੀ ਸਬੰਧੀ ਕਿਉ, ਕਿੰਤੂ, ਪਰੰਤੂ ਆਦਿ ਕਿਸੇ ਤਰ੍ਹਾਂ ਦੀ ਵੀ ਸ਼ੰਕਾ ਦੀ ਕੋਈ ਗੁੰਜਾਇਸ਼ ਨਹੀਂ ਰੱਖੀ ਸੀ। ਅਜਿਹੇ ਮਹਾਨ ਪਰਉਪਕਾਰੀ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਨੂੰ ਸਾਧ-ਸੰਗਤ ਕਦੇ ਵੀ ਭੁੱਲ ਨਹੀਂ ਸਕਦੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਇਹ ਗੁਰਗੱਦੀਨਸ਼ੀਨੀ ਦਿਵਸ 28 ਫਰਵਰੀ ਨੂੰ ਸਾਧ-ਸੰਗਤ ਹਰ ਸਾਲ ਡੇਰਾ ਸੱਚਾ ਸੌਦਾ ’ਚ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਵਜੋਂ ਮਨਾਉਦੀ ਹੈ। ਇਸ ਪਵਿੱਤਰ ਦਿਵਸ ਦੀ ਸਾਰੀ ਸਾਧ-ਸੰਗਤ ਨੂੰ ਕੋਟਿਨ-ਕੋਟਿ ਵਧਾਈ ਹੋਵੇ ਜੀ।