ਨਾਭਾ ਵਿਖੇ ਕੱਪੜੇ ਦੇ ਸ਼ੋਅ ਰੂਮ ‘ਚ ਲੱਗੀ ਭਿਆਨਕ ਅੱਗ

ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

  • ਫਾਇਰ ਬ੍ਰਿਗੇਡ ਅਧਿਕਾਰੀਆਂ ‘ਤੇ ਦੇਰ ਨਾਲ ਸਰਗਰਮ ਹੋਣ ਦੇ ਲੱਗੇ ਦੋਸ਼
  • ਅਣਗਹਿਲੀ ਵਰਤਣ ਵਾਲੇ ਫਾਇਰ ਬ੍ਰਿਗੇਡ ਅਧਿਕਾਰੀ ਮੁਅੱਤਲ : ਹਲਕਾ ਵਿਧਾਇਕ ਦੇਵ ਮਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਬੀਤੀ ਦੇਰ ਰਾਤ ਕੱਪੜੇ ਦੇ ਸ਼ੋਅ ਰੂਮ ‘ਚ ਲੱਗੀ ਭਿਆਨਕ ਅੱਗ ਨਾਲ ਸੰਬੰਧਤ ਵਪਾਰੀ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਸਥਾਨਕ ਨਾਗਰਾ ਚੌਕ ਵਿਖੇ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਜਿਸ ਨੂੰ ਬੁਝਾਉਣ ਅਤੇ ਕਾਬੂ ਪਾਉਣ ਲਈ ਨਾਭਾ ਨਾਲ ਮਾਲੇਰਕੋਟਲਾ ਅਤੇ ਪਟਿਆਲਾ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਸੱਦਣਾ ਪਿਆ। ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਨਾਭਾ ਵਾਸੀਆਂ ਦੋਸ਼ ਲਾਏ ਕਿ ਅੱਗ ਅਚਾਨਕ ਲੱਗੀ ਅਤੇ ਲਗਾਤਾਰ ਫੈਲਦੀ ਰਹੀ ਪਰੰਤੂ ਬਿਜਲੀ ਬੋਰਡ ਅਧਿਕਾਰੀਆਂ ਤੋਂ ਇਲਾਵਾ ਮੌਕੇ ‘ਤੇ ਨਾ ਹੀ ਸਮੇਂ ਸਿਰ ਫਾਇਰ ਬ੍ਰਿਗੇਡ ਸਟਾਫ ਪੁੱਜਾ ਅਤੇ ਨਾ ਹੀ ਕੋਈ ਸਮਾਜਿਕ ਜਾਂ ਰਾਜਨੀਤੀਕ ਆਗੂ। ਉਨ੍ਹਾਂ ਕਿਹਾ ਕਿ ਅੱਗ ਪਿੰਕੀ ਪ੍ਰਿੰਟ ਹਾਊਸ ਵਾਲਿਆਂ ਦੀ ਦੁਕਾਨ ‘ਤੇ ਲੱਗੀ ਜੋ ਕਿ ਲਗਭਗ ਢਾਈ ਘੰਟੇ ਲੱਗੀ ਰਹੀ ਪਰੰਤੂ ਪ੍ਰਸ਼ਾਸ਼ਨ ਵੱਲੋ ਕੋਈ ਮੱਦਦ ਨਹੀਂ ਕੀਤੀ ਗਈ ਅਤੇ ਕੋਈ ਵੀ ਜਿੰਮੇਵਾਰ ਅਧਿਕਾਰੀ ਨਾ ਪੁਹੰਚਿਆ।

ਕੀ ਕਿਹਾ ਕੱਪੜੇ ਦੇ ਸ਼ੋਅਰੂਮ ਮਾਲਕ ਨੇ

ਇਸ ਮੌਕੇ ਹਾਜ਼ਰ ਕੱਪੜੇ ਦੇ ਸ਼ੋਅਰੂਮ ਮਾਲਕ ਨੇ ਦੱਸਿਆ ਕਿ ਉਸ ਨੂੰ ਘਟਨਾ ਦੀ ਜਾਣਕਾਰੀ ਨਾਲ ਦੇ ਗੁਆਂਢੀ ਨੇ ਰਾਤੀ ਇੱਕ ਵਜੇ ਦੱਸਿਆ ਕਿ ਉਸ ਦੀ ਦੁਕਾਨ ‘ਚੋਂ ਧੂੰਆਂ ਨਿਕਲ ਰਿਹਾ ਹੈ, ਆ ਕੇ ਦੇਖੋ। ਉਸ ਨੇ ਦੱਸਿਆ ਕਿ ਜਦੋਂ ਮੈ ਆ ਕੇ ਦੇਖਿਆ ਤਾਂ ਅੱਗ ਕਾਫ਼ੀ ਫੈਲ ਚੁੱਕੀ ਸੀ ਅਤੇ ਫਾਇਰ ਬ੍ਰਿਗੇਡ ਗੱਡੀ ਕੋਲ ਇੱਕ ਵਾਰ ਤੋਂ ਬਾਅਦ ਪਾਣੀ ਹੀ ਉਪਲੱਬਧ ਨਾ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਜੇ ਸਮੇਂ ਸਿਰ ਫਾਇਰ ਬ੍ਰਿਗੇਡ ਸਟਾਫ ਪੁੱਜ ਜਾਂਦਾ ਤਾਂ ਵੱਡਾ ਵਿੱਤੀ ਨੁਕਸਾਨ ਹੋਣੋ ਬਚ ਸਕਦਾ ਸੀ ਪਰੰਤੂ ਫਾਇਰ ਬ੍ਰਿਗੇਡ ਅਧਿਕਾਰੀ ਟੁੱਟੀ ਪਾਇਪ ਦਾ ਹਵਾਲਾ ਦੇ ਕੇ ਪਾਣੀ ਤੱਕ ਦੀ ਕਮੀ ਦੇ ਤਕਨੀਕੀ ਹਵਾਲੇ ਦਿੰਦੇ ਰਹੇ। ਦੱਸਣਯੋਗ ਹੈ ਕਿ ਅੱਗ ਲੱਗੇ ਸ਼ੋਅਰੂਮ ਦੇ ਆਸ ਪਾਸ ਕੱਪੜੇ ਦੇ ਵੱਡਾ ਬਾਜ਼ਾਰ ਹੈ ਜਿਸ ਕਾਰਨ ਸੰਭਾਵਿਤ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ।

ਕੀ ਕਿਹਾ ਹਲਕਾ ਵਿਧਾਇਕ ਨੇ

ਜਿਥੇ ਫਾਇਰ ਬ੍ਰਿਗੇਡ ਅਧਿਕਾਰੀ ਘਟਨਾ ਸਮੇਂ ਅੱਗ ‘ਤੇ ਕਾਬੂ ਪਾਉਣ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਪਾ ਕੇ ਕਾਬੂ ਪਾਈ ਅੱਗ ਦੇ ਕਾਰਜ ਦੇ ਸੋਹਲੇ ਗਾਉਂਦੇ ਰਹੇ ਉਥੇ ਦਿਨ ਸਮੇਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਫਾਇਰ ਬ੍ਰਿਗੇਡ ਸਟਾਫ ਵੱਲੋਂ ਵਰਤੀ ਕਥਿਤ ਅਣਗਹਿਲੀ ਦੇ ਦੋਸ਼ਾਂ ਤੋਂ ਨਾਰਾਜ਼ ਹੋ ਗਏ। ਹਲਕਾ ਵਿਧਾਇਕ ਦੇਵ ਮਾਨ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦਿਆਂ ਕਥਿਤ ਅਣਗਹਿਲੀ ਵਰਤਣ ਵਾਲੇ ਫਾਇਰ ਬ੍ਰਿਗੇ‍ਡ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਹਲਕਾ ਵਿਧਾਇਕ ਦੀ ਸਖਤ ਕਾਰਵਾਈ ਬਾਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਸ਼ੋਸ਼ਲ ਮੀਡੀਆ ਤੋਂ ਅੱਗ ਲੱਗਣ ਦੀ ਘਟਨਾ ਦੀਆਂ ਵੀਡੀਓ ਮਿਟਾ ਦਿੱਤੀਆਂ ਅਤੇ ਪੱਖ ਜਾਣਨ ਲਈ ਕਈ ਵਾਰ ਕੀਤੇ ਫੋਨ ਦਾ ਜੁਆਬ ਦੇਣਾ ਵੀ ਉਚਿੱਤ ਨਾ ਸਮਝਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।