ਪੰਜਾਬ ’ਚ ਰੋਜ਼ਾਨਾ ਹੀ ਗੈਂਗਸਟਰਾਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਕਿਤੇ-ਕਿਤੇ ਗੈਂਗਵਾਰ ਵੀ ਚੱਲ ਰਹੀ ਹੈ। ਦੂਜੇ ਪਾਸੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਸਾਰਾ ਕੁਝ ਵੇਖ ਕੇ ਇਹ ਗੱਲ ਭਲੀ-ਭਾਤ ਸਾਹਮਣੇ ਆਉਂਦੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾ ਭਟਕ ਚੁੱਕੀ ਹੈ। ਜਿਹੜੇ ਨੌਜਵਾਨਾਂ ਪੜ੍ਹ-ਲਿਖ ਕੇ ਦੇਸ਼ ਦੀ ਸੇਵਾ ਕਰਨੀ ਸੀ, ਦੇਸ਼ ਦਾ ਨਾਂਅ ਉੱਚਾ ਕਰਨਾ ਸੀ, ਉਹੀ ਨੌਜਵਾਨ ਅਪਰਾਧਾਂ ’ਚ ਫਸ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ। ਕਾਨੂੰਨ ਦੀ ਕਾਰਵਾਈ ਆਪਣੀ ਥਾਂ ਹੈ ਪਰ ਸਰਕਾਰਾਂ ’ਤੇ ਸਮਾਜ ਨੂੰ ਇਸ ਗੱਲ ’ਤੇ ਵੀ ਗੌਰ ਕਰਨੀ ਪਵੇਗੀ ਕਿ ਆਖਰ ਨੌਜਵਾਨ ਕਿਸ ਬੁਰੇ ਦੌਰ ’ਚ ਪਹੁੰਚ ਗਏ ਹਨ।
ਅਮਨ-ਅਮਾਨ ਤੇ ਖੁਸ਼ਹਾਲ ਨੌਜਵਾਨਾਂ ਤੋਂ ਬਿਨਾ ਵਿਕਾਸ ਦੀ ਪਰਿਭਾਸ਼ਾ ਪੂਰੀ ਨਹੀਂ ਹੋ ਸਕਦੀ। ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਦੀ ਵਿਉਂਤ (ਯੋਜਨਾ) ਬਣਨੀ ਚਾਹੀਦੀ ਹੈ। ਇਸ ਗੱਲ ’ਤੇ ਗੌਰ ਹੋਣੀ ਚਾਹੀਦੀ ਹੈ ਕਿ ਆਖਰ ਨੌਜਵਾਨ ਹਿੰਸਾ ਵਾਲੇ ਬੁਰੇ ਪਾਸੇ ਕਿਉਂ ਗਏ? ਤੱਥ ਹਨ ਕਿ ਕੋਈ ਵੀ ਬੰਦਾ ਜਨਮ ਤੋਂ ਅਪਰਾਧੀ ਨਹੀਂ ਹੁੰਦਾ। ਉਸ ਨੂੰ ਵਾਤਾਵਰਨ ਹੀ ਬੁਰੇ ਪਾਸੇ ਲੈ ਜਾਂਦਾ ਹੈ। ਵਾਤਾਵਰਨ ਕਈ ਤਰ੍ਹਾਂ ਦਾ ਹੈ ਜਿਵੇਂ ਘਰੇਲੂ, ਸਮਾਜਿਕ ਆਰਥਿਕ ਤੇ ਰਾਜਨੀਤਕ। ਜੇਕਰ ਬੱਚੇ ਨੂੰ ਘਰੋਂ ਚੰਗੇ ਸੰਸਕਾਰ ਮਿਲਣ ਤਾਂ ਬੁਰਾ ਨਹੀਂ ਬਣਦਾ। ਜੇਕਰ ਘਰੋਂ ਚੰਗੇ ਸੰਸਕਾਰ ਮਿਲ ਗਏ ਪਰ ਤੇ ਸਮਾਜ ’ਚ ਕੋਈ ਕਮੀ ਹੋਈ ਤਾਂ ਉੱਥੇ ਬੁਰਾ ਅਸਰ ਪੈ ਜਾਂਦਾ ਹੈ।
ਹਿੰਸਾ ਛੱਡ ਮੁੱਖ ਧਾਰਾ ’ਚ ਪਰਤੋ
ਜੇਕਰ ਸਮਾਜ ਚੰਗਾ ਹੋਵੇ ਤਾਂ ਰਾਜਨੀਤੀ ’ਚ ਕਿਸੇ ਤਰ੍ਹਾਂ ਦੀ ਬੁਰਾਈ ਬੁਰੇ ਪਾਸੇ ਲੈ ਜਾਂਦੀ ਹੈ। ਕਈ ਗੈਂਗਸਟਰਾਂ ਦੀ ਇਹੀ ਕਹਾਣੀ ਸਾਹਮਣੇ ਆਈ ਹੈ ਕਿ ਕੁਝ ਸਵਾਰਥੀ ਸਿਆਸਤਦਾਨਾਂ ਨੇ ਹੀ ਉਨ੍ਹਾਂ ਨੂੰ ਇਸ ਪਾਸੇ ਲਾਇਆ ਤੇ ਫਿਰ ਉਹ ਅਪਰਾਧ ਦੀ ਦੁਨੀਆ ’ਚੋਂ ਬਾਹਰ ਨਹੀਂ ਆਏ। ਖਾਸ ਕਰਕੇ ਨੌਜਵਾਨਾਂ ਨੂੰ ਚੋਣਾਂ ਵੇਲੇ ਜ਼ਿਆਦਾ ਵਰਤਿਆ ਗਿਆ। ਜ਼ਰੂਰਤ ਹੈ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੇਣ ਦੀ। ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਤੇ ਨਾ ਹੀ ਇਸ ਵਿੱਚ ਪਰਿਵਾਰਕ ਜ਼ਿੰਦਗੀ ਵਾਲਾ ਆਨੰਦ ਹੈ।
ਬੇਫ਼ਿਕਰੀ ਦੀ ਜਿੰਦਗੀ ਜਿਹੀ ਕੋਈ ਚੀਜ਼ ਨਹੀਂ। ਨੌਜਵਾਨਾਂ ਨੂੰ ਵੀ ਇਸ ਗੱਲ ਵੱਲ ਗੌਰ ਕਰਨੀ ਚਾਹੀਦੀ ਹੈ ਕਿ ਉਹ ਅਪਰਾਧਾਂ ਦਾ ਖਹਿੜਾ ਛੱਡ ਕੇ ਸਮਾਜ ਦੀ ਮੁੱਖ ਧਾਰਾ ’ਚ ਪਰਤਣ। ਸਰਕਾਰਾਂ ਇਸ ਤਰ੍ਹਾਂ ਦਾ ਸਿਸਟਮ ਬਣਾਉਣ ਤਾਂ ਜੋ ਭਟਕੇ ਹੋਏ ਨੌਜਵਾਨ ਸਮਾਜ ਮੁੱਖ ਧਾਰਾ ’ਚ ਪਰਤਣ। ਆਰਥਿਕ ਪੱਧਰ ’ਤੇ ਵੀ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਤਾਂ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਕਿਸੇ ਸਵਾਰਥੀ ਵਿਅਕਤੀ ਦੇ ਝਾਂਸੇ ’ਚ ਨਾ ਫਸਣ। ਇਸ ਮਕਸਦ ਦੀ ਪੂਰਤੀ ਲਈ ਸਿਆਸੀ ਨਫ਼ੇ-ਨੁਕਸਾਨ ਨੂੰ ਪਾਸੇ ਰੱਖ ਕੇ ਸਿਰਫ਼ ਦੇਸ਼ ਤੇ ਸਮਾਜ ਦੇ ਹਿੱਤ ’ਚ ਸੋਚਣ ਦੀ ਜ਼ਰੂਰਤ ਹੈ। ਸਹੀ ਤੇ ਸੰਤੁਲਿਤ ਫੈਸਲੇ ਲੈਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ