ਪੀਐੱਸਈਬੀ ਇੰਜੀਨੀਅਰ ਐਸੋ. ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਰੱਖਿਆ ਬਿਜਲੀ ਨਿਗਮ ਦਾ ਵੇਰਵਾ
- ਗੁਰੂ ਨਾਨਕ ਦੇਵ ਥਰਮਲ ਪਲਾਂਟ ਰਾਜਨੀਤੀ ਦੀ ਭੇਂਟ ਚੜਿਆ, ਉਸ ਥਾਂ ’ਤੇ ਲੱਗੇ 250 ਮੈਗਾਵਾਟ ਦਾ ਸੋਲਰ ਪਲਾਂਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਮੀਟਿੰਗ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਪਾਵਰਕੌਮ (Powercom) ਦਾ ਪੂਰਾ ਹਿਸਾਬ ਕਿਤਾਬ ਖੋਲ੍ਹ ਕੇ ਰੱਖ ਦਿੱਤਾ। ਜਨਰਲ ਬਾਡੀ ਮੀਟਿੰਗ ਦੌਰਾਨ ਪਾਵਰਕੌਮ ਦੀ ਵਿੱਤੀ ਸਥਿਤੀ ਤੋਂ ਲੈ ਕੇ ਕਰਮਚਾਰੀਆਂ ਦੀ ਘਾਟ ਸਮੇਤ ਬਿਜਲੀ ਪ੍ਰਬੰਧਾਂ ’ਚ ਆ ਰਹੀਆਂ ਮੁਸ਼ਕਿਲਾਂ ਮੁੱਖ ਮੰਤਰੀ ਅੱਗੇ ਰੱਖੀਆਂ ਗਈਆਂ।
ਜਾਣਕਾਰੀ ਅਨੁਸਾਰ ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਮੀਟਿੰਗ ਤਿੰਨ ਸਾਲ ਦੇ ਵਕਫ਼ੇ ਬਾਅਦ ਹੁੰਦੀ ਹੈ। ਇਸ ਜਨਰਲ ਬਾਡੀ ਮੀਟਿੰਗ ਵਿੱਚ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਪਾਵਰਕੌਮ ਦੀ ਸਥਿਤੀ ਦੱਸਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਦੀ ਸਬਸਿਡੀ ਸਲਾਨਾ 19 ਹਜਾਰ ਕਰੋੜ ’ਤੇ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਸਬਸਿਡੀ ਦੀ ਰਕਮ ਮੁਹੱਈਆਂ ਕਰਵਾਈ ਜਾ ਰਹੀ ਹੈ, ਪਰ ਪਿਛਲੀ ਪੈਂਡਿੰਗ ਸਬਸਿਡੀ ਪਾਵਰਕੌਮ ਲਈ ਔਖੀ ਸਥਿਤੀ ਪੈਦਾ ਕਰ ਰਹੀ ਹੈ। (Powercom)
26 ਹਜ਼ਾਰ ਕਰੋੜ ਦਾ ਬਕਾਇਆ ਪਾਵਰਕੌਮ ਨੂੰ ਦਿਵਾਇਆ ਜਾਵੇ
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਵੱਲ ਖੜ੍ਹਾ 26 ਹਜਾਰ ਕਰੋੜ ਦਾ ਬਕਾਇਆ ਪਾਵਰਕੌਮ ਨੂੰ ਦਿਵਾਇਆ ਜਾਵੇ, ਤਾਂ ਜੋ ਪਾਵਰਕੌਮ ਨੂੰ ਕੁਝ ਰਾਹਤ ਮਿਲ ਸਕੇ। ਮੌਜੂਦਾ ਸਮੇਂ ਪਾਵਰਕੌਮ ਅਤੇ ਟਰਾਂਸਕੋ ਵਿੱਚ 32 ਹਜਾਰ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਕਿ ਦੋਹਾਂ ਕੰਪਨੀਆਂ ਵਿੱਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਦੱਸਿਆ ਕਿ ਬੀਬੀਐਮਬੀ ਅੰਦਰ ਵੀ 1235 ਅਸਾਮੀਆਂ ਖਾਲੀ ਪਈਆਂ ਹਨ ਅਤੇ ਇੱਥੇ ਪੰਜਾਬ ਦੀਆਂ ਪੋਸਟਾਂ ’ਤੇ ਹੋਰਨਾ ਰਾਜਾਂ ਦੇ ਕਰਮਚਾਰੀ ਭਰਤੀ ਕੀਤੇ ਹੋਏ ਹਨ। ਇੱਥੇ ਸਪੈਸ਼ਲ ਭਰਤੀ ਜਲਦੀ ਕਰਨ ਦੀ ਮੰਗ ਰੱਖੀ ਗਈ।
ਐਸੋਸੀਏਸ਼ਨ ਵੱਲੋਂ ਗਿਲਾ ਜਤਾਇਆ ਗਿਆ ਕਿ ਪਿਛਲੇ ਸਮੇਂ ਦੌਰਾਨ ਗਲਤ ਹੋਏ ਰਾਜਨੀਤਿਕ ਫੈਸਲੇ ਕਰਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਪਾਵਰਕੌਮ ਨੂੰ 880 ਮੈਗਾਵਾਟ ਦਾ ਘਾਟਾ ਪਿਆ ਹੈ। ਉਨ੍ਹਾਂ ਮੁੱਖ ਮੰਤਰੀ ਅੱਗੇ ਮੰਗ ਰੱਖੀ ਕਿ ਗੁਰੂ ਨਾਨਕ ਦੇਵ ਥਮਰਲ ਪਲਾਂਟ ਦੀ ਇਸ ਜਗ੍ਹਾਂ ਉਪਰ 250 ਮੈਗਾਵਾਟ ਦਾ ਸੋਲਰ ਪਲਾਂਟ ਲਗਾਇਆ ਜਾਵੇ ਅਤੇ ਸਰਕਾਰੀ ਥਰਮਲ ਰੋਪੜ ਵਿਖੇ ਬੰਦ ਪਏ ਯੂਨਿਟਾਂ ਦੀ ਥਾਂ ਆਧੁਨਿਕ ਯੂਨਿਟ ਲਗਾਏ ਜਾਣ, ਤਾਂ ਜੋ ਪ੍ਰਾਈਵੇਟ ਥਰਮਲਾਂ ’ਤੇ ਨਿਰਭਰਤਾ ਘਟੇ ਅਤੇ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ। ਇਸ ਦੌਰਾਨ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਪਾਵਰਕੌਮ ਅਤੇ ਟਰਾਂਸਕੋ ਦੋਹਾਂ ਕੰਪਨੀਆਂ ਨੂੰ ਇੱਕ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਖਰਚਾ ਘਟੇਗਾ ਅਤੇ ਪ੍ਰੋਗਰੈਸ ਜਿਆਦਾ ਹੋਵੇਗੀ।
ਬਿਜਲੀ ਚੋਰੀ ਕਰਨ ਵਾਲੇ ਖਪਤਕਾਰ ਦੀ ਦੋ ਸਾਲਾਂ ਲਈ ਸਬਸਿਡੀ ਹੋਵੇ ਬੰਦ
ਸੂਬੇ ਅੰਦਰ ਦਿੱਤੀ ਜਾ ਰਹੀ ਸਬਸਿਡੀ ਪਾਲਿਸੀ ਸਮੇਤ ਬਿਜਲੀ ਚੋਰੀ ਦਾ ਮੁੱਦਾ ਵੀ ਗੂੰਜਿਆ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਪੰਜਾਬ ਅੰਦਰ 1200 ਕਰੋੜ ਦੀ ਸਲਾਨਾਂ ਬਿਜਲੀ ਚੋਰੀ ਹੋ ਰਹੀ ਹੈ। ਜਦੋਂ ਕਰਮਚਾਰੀਆਂ ਵੱਲੋਂ ਬਿਜਲੀ ਚੋਰਾਂ ਨੂੰ ਫੜਿਆ ਜਾਂਦਾ ਹੈ ਤਾਂ ਉੱਥੇ ਰਾਜਨੀਤਿਕ ਨੁੰਮਾਇਦਿਆਂ ਵੱਲੋਂ ਰੋਕਿਆ ਜਾਂਦਾ ਹੈ। ਇਸ ਦੌਰਾਨ ਮੁੱਖ ਮੰਤਰੀ ਅੱਗੇ ਮੰਗ ਰੱਖੀ ਗਈ ਕਿ ਜੋ ਕਿ ਖਪਤਕਾਰ ਬਿਜਲੀ ਚੋਰੀ ਕਰਦਾ ਪਾਇਆ ਗਿਆ ਤਾਂ ਉਸਨੂੰ ਮੁਫ਼ਤ ਮਿਲ ਰਹੀ ਬਿਜਲੀ ਸਬਡਿਸੀ ਦੋ ਸਾਲ ਲਈ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬਿਜਲੀ ਚੋਰੀ ਨੂੰ ਸਮਾਜਿਕ ਬੁਰਾਈ ਦੇ ਤੌਰ ’ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ