ਪੰਜਾਬ ’ਚ ਅਜੇ ਨਹੀਂ ਮਿਲੇਗੀ ਸਸਤੀ ਰੇਤਾ-ਬਜਰੀ, ਜਾਣੋ ਕੀ ਹੈ ਕਾਰਨ?

Sand in Punjab

ਜਲੰਧਰ। ਜਿਹੜੇ ਲੋਕਾਂ ਨੂੰ ਸਸਤੀ ਰੇਤਾ-ਬਜਰੀ (Sand in Punjab) ਦੀ ਝਾਕ ਸੀ ਉਹ ਅਜੇ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਸਰਕਾਰ ਵੱਖ-ਵੱਖ ਥਾਵਾਂ ’ਤੇ ਜਿਹੜੇ ਨਵੇਂ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਸੀ, ਉਹ ਹੁਣ ਕੁਝ ਥਾਵਾਂ ’ਤੇ ਨਹੀਂ ਖੁੱਲ੍ਹਣਗੇ ਕਿਉਂਕਿ ਇਨ੍ਹਾਂ ਵਿਕਰੀ ਕੇਂਦਰਾਂ ’ਤੇ ਰੇਤਾ ਅਤੇ ਬੱਜਰੀ ਲਿਆਉਣ ਲਈ ਸਰਕਾਰ ਨੂੰ ਵੱਖਰਾ ਖਰਚਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਅਜੇ ਸਰਕਾਰ ਵੱਲੋਂ ਤੈਅ ਕੀਤਾ ਗਿਆ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਨਹੀਂ ਮਿਲੇਗਾ।

ਬਿਲਡਿੰਗ ਮਟੀਰੀਅਲ ਵਾਲੇ ਵੀ ਰੇਤਾ ਅਤੇ ਬਜਰੀ ਨਹੀਂ ਚੁੱਕ ਰਹੇ ਹਨ। ਜਿੰਨੀ ਵੀ ਰੇਤਾ-ਬੱਜਰੀ ਸਿਟੀ ਵਿਚ ਸਪਲਾਈ ਹੋ ਰਹੀ ਹੈ, ਉਹ ਨਾਜਾਇਜ ਢੰਗ ਨਾਲ ਹੀ ਆ ਰਹੀ ਹੈ ਪਰ ਲੋਕਾਂ ਨੂੰ ਸਸਤੀ ਰੇਤਾ ਅਤੇ ਬੱਜਰੀ ਦੇਣ ਲਈ ਪੰਜਾਬ ਸਰਕਾਰ ਮਾਈਨਿੰਗ ਵਿਭਾਗ ਤੋਂ ਸਰਵੇ ਰਿਪੋਰਟ ਤਿਆਰ ਕਰਵਾ ਰਹੀ ਹੈ, ਜਿਹੜੀ ਹੁਣ ਪੂਰੀ ਹੋ ਚੁੱਕੀ ਹੈ। 20 ਫਰਵਰੀ ਨੂੰ ਸਰਵੇ ਰਿਪੋਰਟ ਜਮ੍ਹਾ ਕਰਵਾ ਦਿੱਤੀ ਜਾਵੇਗੀ। ਮਾਈਨਿੰਗ ਅਧਿਕਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ 31 ਨਵੀਆਂ ਸਾਈਟਾਂ ਲੱਭੀਆਂ ਗਈਆਂ ਹਨ। ਜੇਕਰ ਸ਼ੁਰੂ ਹੋਈਆਂ ਤਾਂ ਇਸ ਤੋਂ ਵੀ ਜ਼ਿਆਦਾ ਸ਼ੁਰੂ ਹੋ ਸਕਦੀਆਂ ਹਨ।

ਕੁਝ ਦੇਰ ਹੋਰ ਕਰਨੀ ਪਵੇਗੀ ਉਡੀਕ | Sand in Punjab

ਰੇਤਾ ਅਤੇ ਬਜਰੀ ਕਾਰਨ ਜਿੱਥੇ ਸਰਕਾਰੀ ਕੰਮਾਂ ਨੂੰ ਅਜੇ ਲਗਾਮ ਲੱਗੀ ਹੋਈ ਹੈ, ਉਥੇ ਹੀ ਲੋਕਾਂ ਨੇ ਮਕਾਨ ਬਣਾਉਣ ’ਤੇ ਵੀ ਰੋਕ ਲਾਈ ਹੋਈ ਹੈ। ਜਿਹੜਾ ਇਸ ਸਮੇਂ ਮਕਾਨ ਬਣਾ ਵੀ ਰਿਹਾ ਹੈ, ਉਸ ਨੂੰ 4 ਗੁਣਾ ਭਾਅ ’ਤੇ ਰੇਤਾ-ਬਜਰੀ ਮਿਲ ਰਹੀ ਹੈ। 550 ਰੁਪਏ ਵਾਲੀ ਰੇਤਾ ਦੀ ਟਰਾਲੀ 3500 ਤੋਂ ਲੈ ਕੇ 4000 ਰੁਪਏ ਵਿਚ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮਾਈਨਿੰਗ ਪਾਲਿਸੀ ਲਾਗੂ ਨਹੀਂ ਕਰ ਰਹੀ, ਬਸ ਵਾਅਦੇ ਕਰਕੇ ਅਤੇ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਹੜੇ ਵਿਕਰੀ ਕੇਂਦਰ ਖੋਲ੍ਹਣ ਦੀ ਤਿਆਰੀ ਸੀ, ਉਹ ਵੀ ਹੁਣ ਨਹੀਂ ਖੁੱਲ੍ਹਣਗੇ ਕਿਉਂਕਿ ਜਦੋਂ ਵਿਭਾਗ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਜਿਸ ਜਗ੍ਹਾ ’ਤੇ ਵਿਕਰੀ ਕੇਂਦਰ ਖੋਲ੍ਹਿਆ ਜਾਣਾ ਸੀ, ਉਥੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਮਹਿੰਗੇ ਭਾਅ ’ਤੇ ਹੀ ਰੇਤਾ-ਬੱਜਰੀ ਮਿਲ ਰਹੀ ਸੀ।

ਸਰਕਾਰ ਵੱਲੋਂ ਇਹ ਨਿਯਮ ਲਿਆਉਣ ਦੀ ਤਿਆਰੀ

ਪੰਜਾਬ ਸਰਕਾਰ ਰੇਤਾ ਅਤੇ ਬਜਰੀ ਸਸਤੀ ਦੇਣ ਲਈ ਇੱਕ ਨਵਾਂ ਨਿਯਮ ਲਿਆਉਣ ਜਾ ਰਹੀ ਹੈ, ਜਿਸ ਵਿਚ ਗਾਹਕ ਆਪਣੀ ਟਰਾਲੀ ਅਤੇ ਲੇਬਰ ਨਾਲ ਲੈ ਕੇ ਮਾਈਨਿੰਗ ਵਾਲੀ ਜਗ੍ਹਾ ’ਤੇ ਜਾਵੇਗਾ, ਜਿੱਥੇ ਉਹ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਟਰਾਲੀ ਵਿੱਚ ਭਰੇਗਾ। ਡਿੱਚ ਮਸ਼ੀਨ ਨਾਲ ਭਰਨ ਵਿਚ ਪੂਰੀ ਤਰ੍ਹਾਂ ਮਨਾਹੀ ਰਹੇਗੀ। ਬਿਲਡਿੰਗ ਮਟੀਰੀਅਲ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਖੁਦ ਦੀ ਟਰਾਲੀ ਵੀ ਭੇਜਦੇ ਹਨ ਤਾਂ ਲੇਬਰ ਅਤੇ ਆਉਣ-ਜਾਣ ਦਾ ਖਰਚ ਉਨ੍ਹਾਂ ’ਤੇ ਹੀ ਪਵੇਗਾ। ਗਾਹਕ ਨੂੰ ਫਿਰ ਵੀ ਸਸਤੀ ਰੇਤਾ-ਬੱਜਰੀ ਨਹੀਂ ਮਿਲੇਗੀ।

ਸਤਲੁਜ ਵਾਲੀ ਖੱਡ ਤੋਂ ਹੀ ਆ ਰਹੀ ਰੇਤਾ | Sand in Punjab

ਮਾਈਨਿੰਗ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਫਿਰੋਜਪੁਰ ਨੇੜੇ ਸਤਲੁਜ ਵਾਲੀ ਖੱਡ ਤੋਂ ਹੀ ਰੇਤਾ ਆ ਰਹੀ ਹੈ। ਜਲੰਧਰ ਜ਼ਿਲ੍ਹੇ ਅਧੀਨ ਪਿੱਪਲੀ ਵਾਲੀ ਖੱਡ ਵੀ ਇਸ ਸਮੇਂ ਚੱਲ ਰਹੀ ਹੈ। ਉਮੀਦ ਹੈ ਕਿ ਜਦੋਂ ਸਾਰੀਆਂ ਸਾਈਟਾਂ ਚਾਲੂ ਹੋ ਜਾਣਗੀਆਂ ਤਾਂ ਲੋਕਾਂ ਨੂੰ ਸਸਤੀ ਰੇਤਾ-ਬੱਜਰੀ ਮਿਲਣੀ ਸ਼ੁਰੂ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ