ਗੱਡੀਆਂ, ਦੋਪਹੀਆ ਵਾਹਨ, ਸਕਰੈਪ ਅਤੇ ਨਕਦੀ ਬਰਾਮਦ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਵੱਲੋਂ ਸਾਲ 2021 ਤੋਂ ਜ਼ਿਲ੍ਹਾ ਮੋਹਾਲੀ, ਹਰਿਆਣਾ, ਦਿੱਲੀ ਅਤੇ ਯੂ.ਪੀ ਦੇ ਏਰੀਆ ਵਿੱਚੋ ਗੱਡੀਆਂ ਅਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੀਆਂ 35 ਕਾਰਾਂ, ਸਕੂਟਰ/ਮੋਟਰਸਾਈਕਲ ਅਤੇ ਸਕਰੇਪ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਡਾ ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਾਹਨ ਚੋਰੀ ਸਬੰਧੀ ਮੁਕੱਦਮਾ ਨੰਬਰ 12 ਮਿਤੀ 16-01-2023 ਅ/ਧ 379,411 ਭ:ਦ:, ਥਾਣਾ ਫੇਸ-8, ਮੋਹਾਲੀ ਦਰਜ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੌਰਾਨ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਵਾਸੀ ਪਿੰਡ ਰਾਈਆਵਾਲਾ ਰੋਡ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਉਮਰ ਕਰੀਬ 30 ਸਾਲ, ਗੁਰਵਿੰਦਰ ਸਿੰਘ ਉੱਰਫ ਗੁਰੀ ਵਾਸੀ #165/6 ਗੁਰੂ ਤੇਗ ਬਹਾਦਰ ਨਗਰ ਖਰੜ ਥਾਣਾ ਸਿਟੀ ਖਰੜ ਜ਼ਿਲ੍ਹਾ ਮੋਹਾਲੀ, ਉਮਰ ਕਰੀਬ 31 ਸਾਲ, ਪਰਵਿੰਦਰ ਸਿੰਘ ਉੱਰਫ ਪਿੰਦੂ ਵਾਸੀ ਪਿੰਡ ਕਮਰਾਵਾਲੀ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਉਮਰ ਕਰੀਬ 22 ਸਾਲ, ਰਾਜੇਸ਼ ਕੁਮਾਰ ਉੱਰਫ ਰਿੰਕੂ ਵਾਸੀ ਜੋਹਲ ਕਲੋਨੀ ਜਲਾਲਾਬਾਦ ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜਿਲਕਾ, ਉਮਰ ਕਰੀਬ 30 ਸਾਲ, ਸੁਖਰਾਜ ਸਿੰਘ ਉੱਰਫ ਸੁੱਖਾ ਵਾਸੀ ਪਿੰਡ ਠੱਠਾ ਥਾਣਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ #218 ਏ.ਕੇ.ਐਸ ਕਲੋਨੀ ਨੇੜੇ ਫੌਜੀ ਢਾਬਾ ਜ਼ੀਰਕਪੁਰ, ਮੋਹਾਲੀ, ਉਮਰ ਕਰੀਬ 27 ਸਾਲ, ਜਸਪਾਲ ਸਿੰਘ ਉੱਰਫ ਜੱਸਾ ਵਾਸੀ #218 ਏ.ਕੇ.ਐਸ ਕਲੋਨੀ ਨੇੜੇ ਫ਼ੌਜੀ ਢਾਬਾ ਜ਼ੀਰਕਪੁਰ, ਐਸ.ਏ.ਐਸ ਨਗਰ, ਉਮਰ ਕਰੀਬ 22 ਸਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਨੂੰ ਕਾਬੂ ਕਰਨ ਨਾਲ ਜ਼ਿਲਾ ਮੋਹਾਲੀ ਵਿੱਚ ਵਾਹਨ ਚੋਰੀ ਹੋਣ ਦੇ ਕਰੀਬ 20 ਮੁਕੱਦਮੇ ਟਰੇਸ ਕਰਕੇ 31 ਵਹੀਕਲ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।
ਮੁਲਜ਼ਮਾਂ ਪਾਸੋਂ 4,08,150 ਰੁਪਏ ਨਕਦ, 35 ਗੱਡੀਆਂ, 8 ਦੋਪਹੀਆ ਵਾਹਨ ਅਤੇ ਗੱਡੀਆਂ ਦੀ ਸਕਰੈਪ ਬ੍ਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਵਿੱਚੋ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ, ਗੁਰਵਿੰਦਰ ਸਿੰਘ ਉੱਰਫ ਗੁਰੀ, ਸੁਖਰਾਜ ਸਿੰਘ ਉੱਰਫ ਸੁੱਖਾ, ਜਸਪਾਲ ਸਿੰਘ ਉੱਰਫ ਜੱਸਾ ਅਤੇ ਪਰਵਿੰਦਰ ਸਿੰਘ ਉੱਰਫ ਪਿੰਦੂ ਮਿਲ ਕੇ ਪਹਿਲਾ ਮੋਟਰਸਾਇਕਲ ਜਾਂ ਸਕੂਟਰ ਦੀ ਵਰਤੋਂ ਕਰ ਕੇ ਚੋਰੀ ਕਰਨ ਵਾਲੀ ਗੱਡੀਆਂ ਦੀ ਦਿਨ ਸਮੇਂ ਰੇਕੀ ਕਰਦੇ ਸਨ ਤੇ ਖਾਸ ਕਰਕੇ ਇਹ ਛੋਟੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ ਅਤੇ ਸਕਰੈਪ ਡੀਲਰ ਪਾਸ ਆਸਾਨੀ ਨਾਲ ਵੇਚ ਦਿੰਦੇ ਸਨ।
ਇਹ ਗਿਰੋਹ ਪਿਛਲੇ 2 ਸਾਲ ਤੋਂ ਮੋਟਰਸਾਇਕਲ ਅਤੇ ਕਾਰਾਂ ਚੋਰੀ ਕਰਦੇ ਸਨ
ਇਹ ਗਿਰੋਹ ਪਿਛਲੇ 2 ਸਾਲ ਤੋਂ ਮੋਟਰਸਾਇਕਲ ਅਤੇ ਕਾਰਾਂ ਚੋਰੀ ਕਰਦੇ ਸਨ। ਇਹ ਪ੍ਰਤੀ ਕਾਰ 17 ਤੋਂ 20 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਇਸ ਗਿਰੋਹ ਵਿੱਚ ਸ਼ਾਮਿਲ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਜੋ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਸਾਲ 2021 ਤੋਂ ਜ਼ੀਰਕਪੁਰ ਵਿੱਚ ਰਹਿ ਕੇ ਟ੍ਰਾਈਸਿਟੀ ਵਿੱਚ ਟੈਕਸੀ ਚਲਾਉਂਦਾ ਸੀ। ਇਸ ਕਰਕੇ ਮੁਲਜ਼ਮ ਪ੍ਰਿੰਸ ਨੂੰ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਕੇ ਵੇਚਣੇ ਪੈਸੇ ਕਮਾਉਣ ਦਾ ਆਸਾਨ ਸਾਧਨ ਲੱਗਦਾ ਸੀ ਜੋ ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਵਿਖੇ ਹੀ ਮੁਲਜ਼ਮ ਰਾਜੇਸ਼ ਕੁਮਾਰ ਉੱਰਫ ਰਿੰਕੂ ਸਕਰੈਪ ਡੀਲਰ ਨੂੰ ਵੇਚ ਦਿੰਦਾ ਸੀ। ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਦੇ ਕਬਾੜੀਆਂ ਵੱਲੋਂ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਏਰੀਏ ਵਿੱਚ ਅੱਗੇ ਵੇਚ ਦਿੱਤਾ ਜਾਂਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਤਾਂ ਕਿ ਹੋਰ ਵੀ ਚੋਰੀ ਵਾਰਦਾਤਾਂ ਬਾਰੇ ਪਤਾ ਲਗਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ