Who is Dalip Kaur Tiwana
ਆਓ! ਅੱਜ ਤੁਹਾਨੂੰ 1947 ਤੋਂ ਪਹਿਲਾਂ ਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਂਅ ਦਲੀਪ ਕੌਰ ਰੱਖਿਆ ਜਾਂਦਾ ਹੈ। ਦਲੀਪ ਕੌਰ (Who is Dalip Kaur Tiwana) ਨੇ ਆਪਣਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਹੀ ਮਾਣਿਆ। ਭੂਆ ਤੇ ਫੁੱਫੜ ਨੇ ਉਹ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ, ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟਿ੍ਰਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ. ਏ. ਮਹਿੰਦਰਾ ਕਾਲਜ ਪਟਿਆਲਾ (1954) ਤੋਂ ਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐਮ. ਏ. ਪੰਜਾਬੀ ਪਾਸ ਕੀਤੀ।
1966 ਵਿੱਚ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ’ ਵਿਸ਼ੇ ’ਤੇ ਪੀ. ਐਚ. ਡੀ. ਕਰਨ ਦਾ ਮਾਣ ਦਲੀਪ ਕੌਰ ਟਿਵਾਣਾ ਦੇ ਹਿੱਸੇ ਹੀ ਆਇਆ। ਯੂਨੀਵਰਸਿਟੀ ’ਚ ਪੰਜਾਬੀ ਦੀ ਪੀ. ਐਚ. ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ।
ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੁਝ ਚਿਰ ਕੰਮ ਕਰਨ ਤੋਂ ਬਾਅਦ ਟਿਵਾਣਾ ਨੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਰੀਡਰ 1971 ਤੋਂ 1981 ਤੱਕ, ਪ੍ਰੋਫੈਸਰ 1981 ਤੋਂ 1983 ਤੱਕ ਤੇ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਆਪਣੀ ਡਿਊਟੀ ਕੀਤੀ।
ਇੰਝ ਕੀਤੀ ਪੜ੍ਹਾਈ (Who is Dalip Kaur Tiwana)
ਉਸ ਤੋਂ ਬਾਅਦ ਫਿਰ ਟਿਵਾਣਾ ਨੇ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ ਇਨ ਉਰਦੂ, ਪਰਸ਼ੀਅਨ ਐਂਡ ਅਰੈਬਿਕ ਮਲੇਰਕੋਟਲਾ ਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਜ਼ਿੰਮੇਵਾਰੀ ਨਿਭਾਈ। ਫਿਰ ਯੂਜੀਸੀ ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ’ਤੇ 1989 ਤੋਂ 1990 ਤੱਕ ਕੰਮ ਕੀਤਾ। 1992 ਤੋਂ 1994 ਤੱਕ ਉਨ੍ਹਾਂ ਨੇ ਪੁਨਰ ਨਿਯੁਕਤੀ ’ਤੇ ਸੇਵਾ ਕੀਤੀ। 1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਵਿੱਦਿਅਕ ਖੇਤਰ ਵਿੱਚ ਉਪਰੋਕਤ ਪ੍ਰਾਪਤੀਆਂ ਨਾਲ ਨਾਲ ਡਾ. ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਦੀ ਝੋਲੀ ਜੋ ਨਾਵਲ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਪਾਇਆ, ਉਹ ਇਸ ਪ੍ਰਕਾਰ ਹੈ:-
ਅਗਨੀ ਪ੍ਰੀਖਿਆ-1967, ਏਹੁ ਹਮਾਰਾ ਜੀਵਣਾ-1968, ਵਾਟ ਹਮਾਰੀ-1970, ਤੀਲੀ ਦਾ ਨਿਸ਼ਾਨ-1970, ਸੂਰਜ ਤੇ ਸਮੁੰਦਰ-1971, ਵਿਦ ਇਨ ਵਿਦਆਊਟ-1975, ਦੂਸਰੀ ਸੀਤਾ-1975, ਸਰਕੰਡਿਆਂ ਦੇ ਦੇਸ਼-1976, ਧੁੱਪ ਛਾਂ ਤੇ ਰੁੱਖ-1976, ਸਭੁ ਦੇਸੁ ਪਰਾਇਆ-1976, ਹੇ ਰਾਮ-1977, ਲੰਮੀ ਉਡਾਰੀ-1978, ਪੀਲੇ ਪੱਤਿਆਂ ਦੀ ਦਾਸਤਾਨ-1980, ਹਸਤਾਖਰ-1982, ਪੈੜਚਾਲ-1984, ਰਿਣ ਪਿੱਤਰਾਂ ਦਾ-1985, ਐਰ ਵੈਰ ਮਿਲਦਿਆਂ-1986, ਲੰਘ ਗਏ ਦਰਿਆ-1990, ਜਿਮੀਂ ਪੁੱਛੈ ਅਸਮਾਨ ਨੂੰ-1991, ਕਥਾ ਕੁਕਨੁਸ ਦੀ-1993, ਦੁਨੀ ਸੁਹਾਵਾ ਬਾਗੁ-1995, ਕਥਾ ਕਹੋ ਉਰਵਸੀ-1999, ਭਉਜਲ-2001, ਉਹ ਤਾਂ ਪਰੀ ਸੀ-2002, ਮੋਹ ਮਾਇਆ-2003, ਜਨਮ ਜੂਏ ਹਾਰਿਆ-2005, ਖੜ੍ਹਾ ਪੁਕਾਰੇ ਪਾਤਣੀ-2006, ਪੌਣਾਂ ਦੀ ਜਿੰਦ ਮੇਰੀ-2006, ਖਿਤਿਜ ਤੋਂ ਪਾਰ-2007, ਤੀਨ ਲੋਕ ਸੇ ਨਿਆਰੀ-2008, ਤੁਮਰੀ ਕਥਾ ਕਹੀ ਨਾ ਜਾਏ-2008, ਵਿਛੜੇ ਸਭੋ ਵਾਰੋ ਵਾਰੀ-2011, ਤਖਤ ਹਜਾਰਾ ਦੂਰ ਕੁੜੇ-2011, ਜੇ ਕਿਧਰੇ ਰੱਬ ਟੱਕਰਜੇ-2018, ਗਫੂਰ ਸੀ ਉਸ ਦਾ ਨਾਓਂ-2019 ਦੇ ਨਾਂ ਵਰਣਨਯੋਗ ਹਨ।
ਫੁੱਲਾਂ ਦੀਆਂ ਕਹਾਣੀਆਂ-1994 (Who is Dalip Kaur Tiwana)
ਨਾਵਲ ਤੋਂ ਇਲਾਵਾ ਰੇਖਾ ਚਿੱਤਰ-ਜਿਊਣ ਜੋਗੇ ਤੇ ਸਵੈ-ਜੀਵਨੀ ਸਾਹਿਤ ਵਿੱਚ ਪੂਛਤੇ ਹੋ ਤੋ ਸੁਨੋ (ਸਾਹਿਤਕ ਸਵੈ-ਜੀਵਨੀ), ਨੰਗੇ ਪੈਰਾਂ ਦਾ ਸਫ਼ਰ, ਤੇ ਤੁਰਦਿਆਂ ਤੁਰਦਿਆਂ’ ਦਾ ਨਾਂ ਵਰਣਨਯੋਗ ਹੈ। ਪੰਜਾਬੀ ਸਾਹਿਤ ਵਿੱਚ ਦਲੀਪ ਕੌਰ ਟਿਵਾਣਾ ਦੀ ਵੱਡੀ ਪਛਾਣ ਬੇਸ਼ੱਕ ਨਾਵਲਕਾਰ ਦੇ ਤੌਰ ’ਤੇ ਬਣੀ ਪਰ ਸਾਹਿਤਕ ਸਫਰ ਦੀ ਸ਼ੁਰੂਆਤ ਡਾ. ਟਿਵਾਣਾ ਨੇ ਇੱਕ ਕਹਾਣੀ ਤੋਂ ਹੀ ਕੀਤੀ ਸੀ। ਪ੍ਰਬਲ ਵਹਿਣ, ਤਰਾਟਾਂ, ਵੈਰਾਗੇ ਨੈਣ, ਵੇਦਨਾ, ਤੂੰ ਭਰੀਂ ਹੁੰਗਾਰਾ, ਪੀੜਾਂ, ਯਾਤਰਾ, ਕਿਸੇ ਦੀ ਧੀ, ਇੱਕ ਕੁੜੀ, ਤੇਰਾ ਮੇਰਾ ਕਮਰਾ, ਮਾਲਣ, ਮੇਰੀਆਂ ਸਾਰੀਆਂ ਕਹਾਣੀਆਂ, ਮੇਰੀ ਪ੍ਰਤੀਨਿਧ ਰਚਨਾ ਪੁਸਤਕਾਂ ਡਾ. ਟਿਵਾਣਾ ਦੀ ਕਹਾਣੀਕਾਰ ਦੇ ਤੌਰ ’ਤੇ ਵਿਸ਼ੇਸ਼ ਪਛਾਣ ਹਨ। ਇਸ ਤੋਂ ਇਲਾਵਾ ਬਾਲ ਸਾਹਿਤ ਵਿੱਚ ‘ਫੁੱਲਾਂ ਦੀਆਂ ਕਹਾਣੀਆਂ-1994, ਪੰਜਾਂ ਵਿਚ ਪਰਮੇਸ਼ਰ-1994, ਮੈਨੂੰ ਫੁੱਲ ਬਣਾ ਦਿਉ ਤੇ ਪੰਛੀਆਂ ਦੀਆਂ ਕਹਾਣੀਆਂ-2011 ਬਾਲ ਕਹਾਣੀ ਸੰਗ੍ਰਹਿ ਇਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ। ‘ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਤੇ ਮੇਰਾ ਅਨੁਭਵ’ ਡਾ. ਟਿਵਾਣਾ ਦਾ ਆਲੋਚਨਾਤਮਕ ਕਾਰਜ ਹੈ।
ਉਪਰੋਕਤ ਸਾਰੇ ਸਾਹਿਤਕ ਕਾਰਜ ਦੇ ਨਾਲ ਟਿਵਾਣਾ ਨੇ ਅਨੁਵਾਦ ਦਾ ਵੀ ਮਹੱਤਵਪੂਰਨ ਕੰਮ ਕੀਤਾ। ਪੰਜਾਬੀ ਮਾਂ-ਬੋਲੀ ਹਿੱਸੇ ਰੂਹਦਾਰੀ ਤੋਂ ਆਪਣੀ ਕਲਮ ਦੀ ਕਮਾਈ ਪਾਉਣ ਵਾਲੀ ਮਹਾਨ ਲੇਖਕਾ ਨੂੰ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਰਚਨਾਵਾਂ ਬਦਲੇ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲੇ। ਜਿੰਨ੍ਹਾਂ ਵਿੱਚ ਸਾਲ 1971 ਵਿੱਚ ‘ਏਹੁ ਹਮਾਰਾ ਜੀਵਣਾ’ ਨਾਵਲ ਲਈ ਸਾਹਿਤ ਅਦਾਕਮੀ ਐਵਾਰਡ ਮਿਲਿਆ। 1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ੍ਰੋਮਣੀ ਸਾਹਿਤਕਾਰ ਐਵਾਰਡ, 1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ (1980-90) ਦੀ ਸਭ ਤੋਂ ਵਧੀਆ ਨਾਵਲਕਾਰ ਦਾ ਸਨਮਾਨ ਮਿਲਿਆ। 2004 ਵਿੱਚ ਪਦਮਸ੍ਰੀ ਸਨਮਾਨ (ਜੋ ਕਿ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਸਨਮਾਨ ਹੈ) ਮਿਲਿਆ। ਅਕਤੂਬਰ 2015 ’ਚ ਮੌਜ਼ੂਦਾ ਸੰਸਦ ਮੈਂਬਰ ਦੇ ਦਾਦਰੀ ਕਤਲਕਾਂਡ ਨੂੰ ਇੱਕ ‘ਛੋਟੀ ਜਿਹੀ ਘਟਨਾ’ ਕਹਿਣ ’ਤੇ ਆਪਣੇ ਰੋਸ ਨੂੰ ਪ੍ਰਗਟ ਕਰਦਿਆਂ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮਸ੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।
ਕਥਾ ਕਹੋ ਉਰਵਸ਼ੀ
2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ, 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਐਵਾਰਡ, 2011 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਡੀ.ਲਿਟ ਦੀ ਉਪਾਧੀ ਦਿੱਤੀ ਗਈ। ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿਸ ਦੀ ਰਚਨਾ ‘ਕਥਾ ਕਹੋ ਉਰਵਸ਼ੀ’ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ। ਟਿਵਾਣਾ ਦੀ ਸਵੈਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਐਵਾਰਡ ਪ੍ਰਾਪਤ ਹੋਇਆ।
ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੇ।
ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਉਹ ਪਹਿਲੀ ਔਰਤ ਸਨ। ਦਲੀਪ ਕੌਰ ਟਿਵਾਣਾ ਨੇ ਜੋ ਵੀ ਸਵੈ-ਪਹਿਚਾਣ ਬਣਾਈ ਉਹ ਉਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਕਾਇਮ ਕੀਤੀ। ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਲਾਤਾਂ ਅੱਗੇ ਨਹੀਂ ਝੁਕੇ ਸਗੋਂ ਉਨ੍ਹਾਂ ਨੇ ਹਮੇਸ਼ਾ ਆਪਣੀ ਅੰਦਰਲੀ ਔਰਤ ਦੀ ਸ਼ਕਤੀ ਨੂੰ ਪਹਿਚਾਣ ਕੇ ਸਮਾਜ ਵਿੱਚ ਵਿਚਰਦਿਆਂ ਚੁਣੌਤੀਆਂ ਨੂੰ ਵੰਗਾਰਦਿਆਂ ਸਾਹਿਤ ਨਾਲ ਸਾਂਝ ਬਣਾਈ ਰੱਖੀ।
ਪ੍ਰੋ. ਪ੍ਰੀਤਮ ਸਿੰਘ ਦਲੀਪ ਕੌਰ ਟਿਵਾਣਾ ਬਾਰੇ ਗੱਲ ਕਰਦਿਆਂ ਕਹਿੰਦੇ ਸਨ ਕਿ ਜੇ ਕਿਸੇ ਨੇ ਇੱਕ-ਇੱਕ ਇੱਟ ਆਪਣੀ ਚਿਣਾਈ ਵਿੱਚ ਆਪ ਲਾਈ ਹੈ ਤਾਂ ਉਹ ਦਲੀਪ ਕੌਰ ਟਿਵਾਣਾ ਹੀ ਹੈ। ਅਖੀਰ ਆਪਣੀ ਜ਼ਿੰਦਗੀ ਹੰਢਾਉਂਦਿਆਂ ਸੰਖੇਪ ਬਿਮਾਰੀ ਨਾਲ ਜੂਝਦਿਆਂ 31 ਜਨਵਰੀ 2020 ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ, ਚੰਡੀਗੜ੍ਹ ਵਿੱਚ ਦਲੀਪ ਕੌਰ ਟਿਵਾਣਾ ਨੇ ਆਪਣਾ ਆਖਰੀ ਸਾਹ ਲਿਆ। ਸਰੀਰਕ ਤੌਰ ’ਤੇ ਚਲੇ ਜਾਣ ਤੋਂ ਬਾਅਦ ਵੀ ਪੰਜਾਬੀ ਸਾਹਿਤ ਜਗਤ ਦੇ ਪਾਠਕਾਂ ਦੇ ਦਿਲਾਂ ਵਿੱਚ ਦਲੀਪ ਕੌਰ ਟਿਵਾਣਾ ਆਪਣੀਆਂ ਰਚਨਾਵਾਂ ਸਦਕਾ ਹਮੇਸ਼ਾ ਜਿਉਂਦੇ ਰਹਿਣਗੇ।
ਸ. ਸੁਖਚੈਨ ਸਿੰਘ ਕੁਰੜ
ਪੰਜਾਬੀ ਅਧਿਆਪਕ,
ਸਰਕਾਰੀ ਸੀਨੀ. ਸੈਕੰ. ਸਕੂਲ ਮਾਨਾ ਸਿੰਘ ਵਾਲਾ, ਫਿਰੋਜਪੁਰ