ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ (Shah Satnam Ji Green S Welfare Force Wing) ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਖੇਡ ਮੁਕਾਬਲੇ ਅੱਜ ‘ਐਮਐਸਜੀ ਭਾਰਤੀਆ ਖੇਲ ਗਾਓਂ’ ਵਿੱਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਏ। ਇਨਾਂ ਮੁਕਾਬਲਿਆਂ ’ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਾਲ ਪ੍ਰਦੇਸ਼ ਅਤੇ ਦਿੱਲੀ ਆਦਿ ਰਾਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਖੇਡਾਂ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਅਤੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਵੱਲੋਂ ਅਰਦਾਸ ਬੇਨਤੀ ਦਾ ਸ਼ਬਦ ਭਜਨ ਬੋਲ ਕੇ ਕੀਤੀ ਗਈ। ਇਨਾਂ ਖੇਡਾਂ ਦੌਰਾਨ ਰੁਮਾਲ ਛੂਹ (ਮਹਿਲਾ ਤੇ ਪੁਰਸ਼), ਰੱਸਾਕਸੀ (ਪੁਰਸ਼) ਤੇ ਦਸਤ ਪੰਜਾ (ਮਹਿਲਾਵਾਂ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਸ਼ੁਰੂਆਤੀ ਗੇੜ ਦੇ ਰੁਮਾਲ ਛੂਹ ਪੁਰਸ਼ ਵਰਗ ਦੇ ਮੁਕਾਬਲਿਆਂ ’ਚ ਯੂਪੀ ਨੇ ਹਿਮਾਚਲ ਨੂੰ 30-19 ਨਾਲ, ਰਾਜਸਥਾਨ ਨੇ ਦਿੱਲੀ ਨੂੰ 32-3 ਨਾਲ, ਹਰਿਆਣਾ ਨੇ ਹਿਮਾਚਲ ਨੂੰ 40-24 ਨਾਲ ਅਤੇ ਪੰਜਾਬ ਨੇ ਰਾਜਸਥਾਨ ਨੂੰ 19-3 ਦੇ ਵੱਡੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਰੁਮਾਲ ਛੂਹ ਦੇ ਮਹਿਲਾ ਵਰਗ ਦੇ ਮੁਕਾਬਲਿਆਂ ’ਚ ਪੰਜਾਬ ਨੇ ਹਿਮਾਚਲ ਨੂੰ 24-3 ਨਾਲ ਅਤੇ ਹਰਿਆਣਾ ਨੇ ਯੂਪੀ ਨੂੰ 24-14 ਦੇ ਫਰਕ ਨਾਲ ਹਰਾਇਆ। ਖੇਡ ਮੁਕਾਬਲਿਆਂ ’ਚ ਖਿਡਾਰੀਆਂ ਵੱਲੋਂ ਪੂਰੀ ਖੇਡ ਭਾਵਨਾ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਮੁਕਾਬਲੇ ਦੇਖਣ ਪੁੱਜੇ ਦਰਸ਼ਕਾਂ ਵੱਲੋਂ ਖਿਡਾਰੀਆਂ ਦੀ ਤਾੜੀਆਂ ਨਾਲ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਹੈ।
ਇਨਾਂ ਖੇਡ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਖਿਡਾਰੀਆਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇਸ਼-ਵਿਦੇਸ਼ ’ਚ ਕਿਤੇ ਵੀ ਕੋਈ ਕੁਦਰਤੀ ਆਫਤ ਜਾਂ ਕਿਸੇ ਹੋਰ ਸਮੱਸਿਆ ਆਦਿ ’ਚ ਫਸੇ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੀ ਹੈ ਤੇ ਸੇਵਾਦਾਰਾਂ ਦੀ ਸਰੀਰਕ ਚੁਸਤੀ-ਫੁਰਤੀ ਅਤੇ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ। ਕਰੀਬ ਪੰਜ ਸਾਲ ਬਾਅਦ ਹੋ ਰਹੀਆਂ ਇਨਾਂ ਖੇਡਾਂ ਲਈ ਖਿਡਾਰੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟ ਧੰਨਵਾਦ ਕੀਤਾ। (Shah Satnam Ji Green S Welfare Force Wing)
ਕੱਲ ਹੋਣਗੇ ਫਾਈਨਲ ਮੁਕਾਬਲੇ
ਇਨਾਂ ਦੋ ਰੋਜ਼ਾ ਖੇਡਾਂ ਦੇ ਸ਼ੁਰੂਆਤੀ ਮੁਕਾਬਲਿਆਂ ’ਚੋਂ ਜਿੱਤ ਕੇ ਅਗਲੇ ਗੇੜ ’ਚ ਪੁੱਜਣ ਵਾਲੀਆਂ ਟੀਮਾਂ ਕੱਲ ਨੂੰ ਫਾਈਨਲ ਮੁਕਾਬਲਿਆਂ ’ਚ ਹਿੱਸਾ ਲੈਣਗੀਆਂ। ਵੱਖ-ਵੱਖ ਰਾਜਾਂ ਦੀਆਂ ਟੀਮਾਂ ਵੱਲੋਂ ਆਪੋ-ਆਪਣੀ ਜਿੱਤ ਲਈ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਤੂ ਟੀਮਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।