ਨਵੀਂ ਦਿੱਲੀ। ਮਹਿਲਾ ਪਹਿਲਵਾਨਾਂ ਦੇ ਸੋਸ਼ਣ ਦਾ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸਰਨ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਖੇਡ ਮੰਤਰਾਲਾ ਹਰਕਤ ’ਚ ਹੈ। ਨੋਟਿਸ ਜਾਰੀ ਕਰਕੇ 72 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਤਾਜਾ ਖਬਰ ਇਹ ਹੈ ਕਿ ਪਹਿਲਵਾਨਾਂ ਦਾ ਪ੍ਰਦਰਸਨ ਅੱਜ ਵੀ ਜਾਰੀ ਹੈ। ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਜਾਰੀ ਹੈ। ਬਜਰੰਗ ਪੂਨੀਆ ਅੱਜ ਵੀ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਹੇ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸੀ ਮਲਿਕ ਅਤੇ ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਤੇ ਓਲੰਪੀਅਨ ਵਿਨੇਸ਼ ਫੋਗਾਟ ਨੇ ਜੰਤਰ-ਮੰਤਰ ’ਤੇ ਧਰਨੇ ਦੌਰਾਨ ਬਿ੍ਰਜ ਭੂਸ਼ਣ ਸਰਨ ਸਿੰਘ ’ਤੇ ਗੰਭੀਰ ਦੋਸ਼ ਲਾਏ ਸਨ, ਜਿਸ ਨਾਲ ਪੂਰਾ ਖੇਡ ਜਗਤ ਵਿਚ ਹੜਕੰਪ ਮਚ ਗਿਆ ਸੀ।
ਦੋ ਵਾਰ ਦੀ ਵਿਸਵ ਚੈਂਪੀਅਨਸ਼ਿਪ ਅਤੇ ਤਿੰਨ ਵਾਰ ਦੀ ਰਾਸਟਰਮੰਡਲ ਖੇਡਾਂ ਦੀ ਤਮਗਾ ਜੇਤੂ ਵਿਨੇਸ, ਜੋ ਬਿ੍ਰਜ ਭੂਸ਼ਣ ਦੇ ਸੰਸਦੀ ਘਰ ਤੋਂ 200 ਮੀਟਰ ਦੀ ਦੂਰੀ ’ਤੇ ਧਰਨਾ ਦੇ ਰਹੀ ਸੀ, ਨੇ ਦੋਸ ਲਾਇਆ ਕਿ ਸਪੀਕਰ ਕਈ ਸਾਲਾਂ ਤੋਂ ਮਹਿਲਾ ਪਹਿਲਵਾਨਾਂ ਦਾ ਜਿਣਸੀ ਸੋਸ਼ਣ ਕਰ ਰਿਹਾ ਹੈ। ਲਖਨਊ ’ਚ ਰਾਸਟਰੀ ਕੈਂਪ ’ਚ ਹਿੱਸਾ ਲੈ ਚੁੱਕੀਆਂ ਕਈ ਮਹਿਲਾ ਪਹਿਲਵਾਨਾਂ ਦਾ ਕੋਚਾਂ ਨੇ ਸੋਸ਼ਣ ਕੀਤਾ ਹੈ। ਕੁਝ ਕੋਚ ਅਜਿਹੇ ਵੀ ਹਨ ਜੋ ਪਹਿਲਵਾਨਾਂ ਤੱਕ ਪਹੁੰਚ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਡਬਲਯੂਐਫਆਈ ਦੇ ਪ੍ਰਧਾਨ ਤੱਕ ਪਹੁੰਚਾਉਂਦੇ ਹਨ।
ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬਿ੍ਰਜ ਭੂਸ਼ਨ ਸ਼ਰਨ ਸਿੰਘ ਨੇ ਕਿਹਾ ਹੈ ਕਿ ਮੇਰੇ ’ਤੇ ਲੱਗੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ। ਜਿਨਸੀ ਸੋਸ਼ਣ ਦਾ ਇੱਕ ਵੀ ਮਾਮਲਾ ਸਾਬਤ ਹੋਣ ’ਤੇ ਮੈਂ ਫਾਂਸੀ ’ਤੇ ਜਾਣ ਲਈ ਤਿਆਰ ਹਾਂ। ਮੇਰੇ ਖਿਲਾਫ ਇਸ ਸਾਜਿਸ਼ ਪਿੱਛੇ ਇੱਕ ਉਦਯੋਗਪਤੀ ਦਾ ਹੱਥ ਹੈ। ਜਦੋਂ ਵਿਨੇਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਤਾਂ ਉਸ ਨੇ ਪੁਲਿਸ ਜਾਂ ਮੇਰੇ ਨਾਲ ਸੰਪਰਕ ਕਿਉਂ ਨਹੀਂ ਕੀਤਾ। ਇਸ ਮਾਮਲੇ ਦੀ ਸੀਬੀਆਈ ਜਾਂ ਕੋਈ ਜਾਂਚ ਏਜੰਸੀ ਜਾਂਚ ਕਰੇ, ਸੱਚ ਸਾਹਮਣੇ ਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ