ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਚਾਇਤੀ ਕਮਾਂ ’ਚ ਈ-ਟੈਂਡਰਿੰਗ ਵਿਵਸਥਾ ਦੇ ਖਿਲਾਫ਼ ਸਰਪੰਚਾਂ ਦੇ ਸ਼ੁਰੂ ਹੋਏ ‘ਤਾਲਾਬੰਦੀ’ ਅਭਿਆਨ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Khattar) ਨੇ ਕਿਹਾ ਕਿ ਪੰਚਾਇਤਾਂ ਲਈ ਈ-ਟੈਂਡਰ ਦੇ ਨਾਂਅ ’ਤੇ ਕੁਝ ਸਿਆਸੀ ਆਗੂ ਰਾਜਨੀਤੀ ਕਰ ਰਹੇ ਹਨ, ਜੋ ਸਹੀ ਨਹੀਂ ਹੈ।
ਉਨ੍ਹਾਂ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਹਰਿਆਣਾ ’ਚ ਹੁਣ ਪੜ੍ਹੇ-ਲਿਖੇ ਪੰਚਾਇਤ ਮੈਂਬਰ ਹਨ ਜੋ ਅਫ਼ਸਰਾਂ ਤੋਂ ਕੰਮ ਕਰਵਾਉਣ ਦੇ ਸਮਰੱਥ ਹਨ, ਉਹ ਅਜਿਹੇ ਨੇਤਾਵਾਂ ਦੀ ਰਾਜਨੀਤੀ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਆਈਟੀ ਦੀ ਵਰਤੋਂ ਕਰਨਾ ਅੱਜ ਦੀਆਂ ਪੰਚਾਇਤਾਂ ਚੰਗੀ ਤਰ੍ਹਾਂ ਜਾਣਦੀਆਂ ਹਨ। ਜ਼ਿਕਰਯੋਗ ਹੈ ਕਿ ਸੂਬੇ ਭਰ ’ਚ ਕਈ ਥਾਵਾਂ ’ਤੇ ਸਰਪੰਚਾਂ ਨੇ ਪੰਚਾਇਤਾਂ ਦੇ ਅਧਿਕਾਰ ਦੋ ਲੱਖ ਰੁਪਏ ਤੱਕ ਦੇ ਕੰਮਾਂ ਤੱਕ ਸੀਮਿਤ ਕਰਨ ਦੇ ਖਿਲਾਫ਼ ਬਲਾਕ ਵਿਕਾਸ, ਪੰਚਾਇਤ ਅਧਿਕਾਰੀ ਦਫ਼ਤਰਾਂ ਨੂੰ ਤਾਲੇ ਲਾਏ ਹਨ ਅਤੇ ਮੰਗਲਵਾਰ ਤੋਂ ਅਣਨਿਸ਼ਚਿਤ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। (CM Khattar)