ਅੱਜ ਭਾਰਤ 21ਵੀਂ ਸਦੀ ’ਚ ਬੇਸ਼ੱਕ ਚੰਨ ’ਤੇ ਪਹੁੰਚ ਗਿਆ ਹੈ, 5ਜੀ ਟੈਕਨਾਲੋਜੀ ਵਿਕਸਿਤ ਕਰ ਲਈ ਹੈ, ਡਿਜ਼ੀਟਲਾਈਜੇਸ਼ਨ ਵਿੱਚ ਬਹੁਤ ਅੱਗੇ ਵਧ ਗਿਆ ਹੈ, ਅਰਥਵਿਵਸਥਾ ਦੁਨੀਆਂ ਦੇ ਟਾਪ 5 ਦੇਸ਼ਾਂ ਵਿੱਚ ਗਿਣੀ ਜਾਂਦੀ ਹੋਵੇ ਪਰੰਤੂ ਫੇਰ ਵੀ ਅੱਜ ਸਾਡੇ ਦੇਸ਼ ਨੂੰ ਅਨੇਕਾਂ ਸਮੱਸਿਆਵਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ, ਭਿ੍ਰਸ਼ਟਾਚਾਰ ਆਦਿ ਨੇ ਘੇਰ ਰੱਖਿਆ ਹੈ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਵਧਦੀ ਹੋਈ ਅਬਾਦੀ (Population in 2023) ਹੈ ਚਾਹੇ ਵਧਦੀ ਹੋਈ ਅਬਾਦੀ ਮਨੁੱਖੀ ਪੂੰਜੀ ਅਤੇ ਸਮੱਰਥਾ ਦਾ ਪ੍ਰਤੀਕ ਹੈ ਤੇ ਇਸ ਨਾਲ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਸੁਧਾਰ ਹੋ ਸਕਦਾ ਹੈ ਪਰੰਤੂ ਇਹ ਸਭ ਉਨ੍ਹਾਂ ਦੇਸ਼ਾਂ ’ਚ ਮੌਜ਼ੂਦ ਆਰਥਿਕ, ਭੌਤਿਕ, ਸਮਾਜਿਕ ਆਦਿ ਸਾਧਨਾਂ ’ਤੇ ਨਿਰਭਰ ਕਰਦਾ ਹੈ।
11 ਸਾਲਾਂ ਬਾਅਦ ਭਾਰਤ ਦੀ ਅਬਾਦੀ ਲਗਭਗ 19 ਕਰੋੜ ਵਧ ਗਈ
ਫਿਰ ਵੀ ਭਾਰਤ ਵਰਗੇ ਦੇਸ਼ ਵਿੱਚ ਵਧਦੀ ਹੋਈ ਅਬਾਦੀ ਦੇ ਫਾਇਦੇ ਘੱਟ ਅਤੇ ਨੁਕਸਾਨ ਬਹੁਤ ਜ਼ਿਆਦਾ ਹਨ। ਅੱਜ ਭਾਰਤ ਵਿਸ਼ਵ ਵਿੱਚ ਆਬਾਦੀ ਦੇ ਹਿਸਾਬ ਨਾਲ ਚੀਨ ਤੋਂ ਬਾਅਦ ਦੂਸਰੇ ਨੰਬਰ ’ਤੇ ਹੈ ਜਿੱਥੇ ਸਾਲ 2011 ਦੀ ਜਨਗਣਨਾ ਮੁਤਾਬਿਕ ਭਾਰਤ ਦੀ ਅਬਾਦੀ ਲਗਭਗ 121 ਕਰੋੜ ਸੀ, ਉਹੀ ਅਬਾਦੀ ਹੁਣ 11 ਸਾਲਾਂ ਬਾਅਦ ਲਗਭਗ 140 ਕਰੋੜ ਹੋ ਗਈ ਹੈ ਸੋ 11 ਸਾਲਾਂ ਬਾਅਦ ਭਾਰਤ ਦੀ ਅਬਾਦੀ ਲਗਭਗ 19 ਕਰੋੜ ਵਧ ਗਈ ਹੈ। ਭਾਵ ਹਰ ਸਾਲ ਪੌਣੇ 2 ਕਰੋੜ, ਹਰ ਦਿਨ 48000, ਇੱਕ ਘੰਟੇ ’ਚ 2000, ਇੱਕ ਮਿੰਟ ’ਚ 33 ਅਤੇ ਹਰ 2 ਸੈਕਿੰਡ ਬਾਅਦ ਲਗਭਗ ਇੱਕ ਬੱਚਾ ਜਨਮ ਲੈ ਰਿਹਾ ਹੈ ਹੇਠ ਲਿਖੇ ਤੱਥਾਂ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਭਾਰਤ ਦੀ ਆਬਾਦੀ ਕਿੰਨੀ ਰਫਤਾਰ ਨਾਲ ਵਧ ਰਹੀ ਹੈ।
ਹੈਰਾਨੀ ਦੀ ਗੱਲ
ਭਾਰਤ ਦੁਨੀਆਂ ਦੀ ਸਿਰਫ 2.4% ਧਰਤੀ ਘੇਰਦਾ ਹੈ ਪਰੰਤੂ ਅਬਾਦੀ ਲਗਭਗ 18 ਪ੍ਰਤੀਸ਼ਤ ਕਵਰ ਕਰਦਾ ਹੈ ਜੋ ਬਹੁਤ ਹੀ ਜਿਆਦਾ ਹੈ। ਭਾਰਤ ’ਚ ਉੱਤਰ ਪ੍ਰਦੇਸ਼ ਸਭ ਤੋਂ ਵੱਧ ਵਸੋਂ ਵਾਲਾ ਰਾਜ ਹੈ ਜਿੱਥੇ 23 ਕਰੋੜ ਲੋਕ ਰਹਿੰਦੇ ਹਨ ਅਤੇ ਸਿਰਫ ਉੱਤਰ ਪ੍ਰਦੇਸ਼ ਦੀ ਵਸੋਂ ਹੀ ਬੰਗਲਾਦੇਸ਼, ਰੂਸ, ਫਰਾਂਸ, ਜਰਮਨੀ, ਇਰਾਨ ਆਦਿ 170 ਦੇਸ਼ ਤੋਂ ਵੀ ਵਧੇਰੇ ਹੈ। ਭਾਰਤ ਵਿੱਚ ਸਿੱਕਿਮ ਰਾਜ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹੈ ਜਿੱਥੇ ਸਿਰਫ ਲਗਭਗ 7 ਲੱਖ ਲੋਕ ਰਹਿੰਦੇ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕੱਲੇ ਸਿੱਕਿਮ ਦੀ ਆਬਾਦੀ ਹੀ 25 ਦੇਸ਼ਾਂ ਤੋਂ ਵਧੇਰੇ ਹੈ। 80 ਤੋਂ ਵਧੇਰੇ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਆਬਾਦੀ 60-70 ਲੱਖ ਤੱਕ ਹੀ ਹੈ ਜਦੋਂਕਿ ਐਨੀ ਅਬਾਦੀ ਤਾਂ ਮੁੰਬਈ ਦੀਆਂ ਲੋਕਲ ਟਰੇਨਾਂ ’ਚ ਹਰ ਰੋਜ਼ ਸਫਰ ਕਰ ਲੈਂਦੀ ਹੈ। ਇੱਕ ਰਿਪੋਰਟ ਮੁਤਾਬਿਕ 2013 ਵਿੱਚ ਹੋਏ ਕੁੰਭ ਮੇਲੇ ਵਿੱਚ 1 ਕਰੋੜ ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ ਭਾਵ ਅਸੀਂ ਕਹਿ ਸਕਦੇ ਹਾਂ ਕਿ 100 ਤੋਂ ਵੀ ਵਧੇਰੇ ਦੇਸ਼ਾਂ ਦੀ ਸਾਰੀ ਅਬਾਦੀ ਨੇ ਆਪਣੇ ਦੇਸ਼ ਵਿੱਚ ਹੋਣ ਵਾਲੇ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੋਵੇ, ਹੈਰਾਨੀ ਦੀ ਗੱਲ ਹੋਵੇਗੀ।
ਭਾਰਤ ਦੀ ਤੁਲਨਾ ਚੀਨ ਨਾਲ ਕੀਤੀ
ਭਾਰਤ ਦੁਨੀਆਂ ਦਾ ਸਿਰਫ 4 ਪ੍ਰਤੀਸ਼ਤ ਪਾਣੀ ਰੱਖਦਾ ਹੈ ਸੋ ਇਸ ਹਿਸਾਬ ਨਾਲ ਭਾਰਤ ਦੀ ਆਬਾਦੀ 4 ਪ੍ਰਤੀਸ਼ਤ ਹੋਣੀ ਚਾਹੀਦੀ ਹੈ ਪਰ 4 ਨਹੀਂ ਲਗਭਗ 18 ਪ੍ਰਤੀਸ਼ਤ ਹੈ ਜੋ ਬਹੁਤ ਹੀ ਜ਼ਿਆਦਾ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਸਾਰੀ ਅਬਾਦੀ ਨੂੰ ਪਾਣੀ ਪ੍ਰਾਪਤੀ ਲਈ ਕਿੰਨਾ ਸੰਘਰਸ਼ ਅਤੇ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਹੋਰ ਪੈ ਸਕਦਾ ਹੈ। ਅਕਸਰ ਹੀ ਭਾਰਤ ਦੀ ਤੁਲਨਾ ਚੀਨ ਨਾਲ ਕੀਤੀ ਹੈ ਚੀਨ ਦਾ ਖੇਤਰਫਲ 96 ਲੱਖ ਵਰਗ ਕਿਲੋਮੀਟਰ ਅਤੇ ਭਾਰਤ ਦਾ 32 ਲੱਖ ਵਰਗ ਕਿਲੋਮੀਟਰ ਹੈ ਸੋ ਇਸ ਹਿਸਾਬ ਨਾਲ ਤਾਂ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਦਾ ਤੀਜਾ ਹਿੱਸਾ ਭਾਵ ਲਗਭਗ 48 ਕਰੋੜ ਹੋਣੀ ਚਾਹੀਦੀ ਸੀ ਪਰ ਆਪਣੀ ਆਬਾਦੀ ਤਾਂ 48 ਕਰੋੜ ਦੀ ਵੀ ਲਗਭਗ 3 ਗੁਣਾ ਹੈ।
ਦੁਨੀਆਂ ਵਿੱਚ ਲਗਭਗ 200 ਦੇਸ਼ ਹਨ ਸੋ ਇਸ ਹਿਸਾਬ ਨਾਲ ਹਰ 200ਵਾਂ ਵਿਅਕਤੀ ਭਾਰਤੀ ਹੋਣਾ ਚਾਹੀਦਾ ਹੈ ਪਰੰਤੂ 200ਵਾਂ ਨਹੀਂ ਪਰ 6ਵਾਂ ਵਿਅਕਤੀ ਭਾਰਤੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤ ਕੋਲ ਧਰਤੀ ਓਨੀ ਹੀ ਹੈ ਜਿੰਨੀ 1947 ਸਮੇਂ ਸੀ ਪਰੰਤੂ ਉਸ ਸਮੇਂ ਅਬਾਦੀ ਲਗਭਗ 40 ਕਰੋੜ ਸੀ ਜੋ ਹੁਣ 140 ਕਰੋੜ ਹੋ ਗਈ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਵਧਦੀ ਹੋਈ ਅਬਾਦੀ ਨੂੰ ਵੀ ਜ਼ਮੀਨ ਪ੍ਰਾਪਤੀ ਲਈ ਕਿੰਨਾ ਸੰਘਰਸ਼ ਅਤੇ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਹੋਰ ਪੈ ਸਕਦਾ ਹੈ।
ਨੰਬਰ ਇੱਕ ਦੇਸ਼ ਅਬਾਦੀ ਵਿੱਚ ਬਣ ਚੁੱਕਾ ਹੈ
UIDAI ਮੁਤਾਬਿਕ ਹੁਣ ਤੱਕ 131 ਕਰੋੜ ਲੋਕਾਂ ਦੇ ਅਧਾਰ ਕਾਰਡ ਬਣ ਚੁੱਕੇ ਹਨ ਤੇ ਇੱਕ ਅਨੁਮਾਨ ਅਨੁਸਾਰ ਅਜੇ ਵੀ 10 ਤੋਂ 20 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੀ ਨਹੀਂ ਹਨ ਤਾਂ ਕੀ ਕਹਿ ਸਕਦੇ ਹਾਂ ਕਿ ਭਾਰਤ ਚੀਨ ਨੂੰ ਪਛਾੜਦੇ ਹੋਏ ਨੰਬਰ ਇੱਕ ਦੇਸ਼ ਅਬਾਦੀ ਵਿੱਚ ਬਣ ਚੁੱਕਾ ਹੈ? United Nations Population Report 2022 ਅਨੁਸਾਰ 15 ਨਵੰਬਰ, 2022 ਨੂੰ ਦੁਨੀਆਂ ਦੀ ਆਬਾਦੀ 8 ਅਰਬ ਭਾਵ 800 ਕਰੋੜ ਹੈ ਤੇ 2023 ਵਿੱਚ ਚੀਨ ਨੂੰ ਪਿੱਛੇ ਛੱਡ ਕੇ ਨੰਬਰ ਇੱਕ ਅਬਾਦੀ ਦੇਸ਼ ਬਣ ਜਾਵੇਗਾ ਜੋ ਇੱਕ ਬਹੁਤ ਵੱਡਾ ਸਵਾਲ ਤੇ ਚਿੰਤਾ ਦਾ ਵਿਸ਼ਾ ਹੈ।
ਸੋ ਉਪਰੋਕਤ ਤੱਥਾਂ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਕਿ ਵਧਦੀ ਹੋਈ ਆਬਾਦੀ ਨਾਲ ਜਿੱਥੇ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ ਆਦਿ ਸਮੱਸਿਆ ਪੈਦਾ ਹੋ ਰਹੀਆਂ ਹਨ, ਉੱਥੇ ਹੀ ਟ੍ਰੈਫਿਕ, ਪ੍ਰਦੂਸ਼ਣ, ਬਿਜਲੀ-ਪਾਣੀ ਦੀ ਕਮੀ, ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਘਟਣਾ, ਕੁਦਰਤ ਦਾ ਵਿਨਾਸ਼ ਹੋਣਾ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਦਾ ਵਧਣਾ ਆਦਿ ਸਮੱਸਿਆ ਵੀ ਵਧ ਰਹੀਆਂ ਹਨ।
ਦੇਸ਼ ਵਿੱਚ ਐਨਾ ਪੈਸਾ, ਹੁਨਰ, ਇੰਫ੍ਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਵਧਦੀ ਹੋਈ ਅਬਾਦੀ ਕਾਰਨ ਜਿੰਨੀ ਤਰੱਕੀ ਭਾਰਤ ਕਰ ਸਕਦਾ ਹੈ, ਓਨੀਂ ਨਹੀਂ ਹੋ ਰਹੀ ਹੈ ਜਿੱਥੇ ਵਧਦੀ ਹੋਈ ਅਬਾਦੀ ਦਾ ਮੁੱਖ ਕਾਰਨ ਉੱਚ ਜਨਮ ਦਰ, ਘੱਟ ਮੌਤ ਦਰ, ਪਰਿਵਾਰ ਨਿਯੋਜਨ ਪੋ੍ਰਗਰਾਮ ਦਾ ਅਸਫਲ ਹੋਣਾ ਹੈ, ਉੱਥੇ ਹੀ ਅਨਪੜ੍ਹਤਾ, ਅਗਿਆਨਤਾ, ਗਰੀਬੀ, ਛੋਟੀ ਉਮਰ ’ਚ ਵਿਆਹ ਹੋਣਾ ਆਦਿ ਵੀ ਹਨ।
ਇੱਕ-ਇੱਕ ਨੌਕਰੀ ਲਈ ਹਜ਼ਾਰਾਂ ਲੋਕ ਅਪਲਾਈ ਕਰਦੇ ਰਹਿਣਗੇ
ਜੇਕਰ ਸਾਡੇ ਦੇਸ਼ ਦੀ ਆਬਾਦੀ ਐਵੇਂ ਹੀ ਤੇਜ ਹਫ਼ਤਾਰ ਨਾਲ ਅੱਗੇ ਵਧਦੀ ਗਈ ਤਾਂ ਆਉਣ ਵਾਲੇ ਸਮੇਂ ’ਚ ਹਸਪਤਾਲ, ਆਟੋ ਰਿਕਸ਼ਾ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸੜਕਾਂ ਆਦਿ ਸਭ ਭਰੇ ਰਹਿਣਗੇ ਲੋਕ ਨਦੀਆਂ, ਜੰਗਲ, ਪਹਾੜਾਂ ਆਦਿ ਨੂੰ ਨਸ਼ਟ ਕਰਕੇ ਆਪਣੇ ਰਹਿਣ ਦਾ ਸਥਾਨ ਲੱਭਦੇ ਰਹਿਣਗੇ ਇੱਕ-ਇੱਕ ਨੌਕਰੀ ਲਈ ਹਜ਼ਾਰਾਂ ਲੋਕ ਅਪਲਾਈ ਕਰਦੇ ਰਹਿਣਗੇ ਲੋਕਾਂ ਨੂੰ ਅਦਾਲਤ ’ਚ ਇਨਸਾਫ ਹੋਰ ਵੀ ਦੇਰੀ ਨਾਲ ਮਿਲਿਆ ਕਰੇਗਾ ਦੇਸ਼ ਦਾ ਯੁਵਾ ਬਾਹਰ ਜਾਣ ਲਈ ਹੋਰ ਮਜਬੂਰ ਹੋ ਜਾਵੇਗਾ ਸਾਫ ਹਵਾ ਤੇ ਪਾਣੀ ਲਈ ਲੋਕ ਹੋਰ ਤਰਸਿਆ ਕਰਨਗੇ।
ਸੋ ਲੋੜ ਹੈ ਜਾਗਰੂਕਤਾ ਅਭਿਆਨ, ਪਰਿਵਾਰ ਨਿਯੋਜਨ, ਸਿੱਖਿਆ, ਸਰਕਾਰੀ ਸਹੂਲਤਾਂ, ਕਾਨੂੰਨੀ ਵਿਵਸਥਾ ਆਦਿ ਤਰੀਕੇ ਨਾਲ ਸਰਕਾਰ, ਆਮ ਜਨਤਾ, ਸਮਾਜਿਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਬਾਦੀ ਨੂੰ ਕੰਟਰੋਲ ਕਰਨ ਦੀ ਤਾਂ ਜੋ ਵਰਤਮਾਨ ਅਤੇ ਆਉਣ ਵਾਲੇ ਸਮੇਂ ਵਿੱਚ ਮਨੁੱਖ ਦੇ ਬਿਹਤਰ ਭਵਿੱਖ ਦੀ ਕਲਪਨਾ ਕੀਤੀ ਜਾ ਸਕੇ।
ਰਮੇਸ਼ ਕੁਮਾਰ
ਮੋ. 94636-34303
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ