ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਧੱਕੇ ਮਾਰਨ ਦੀ ਘਟਨਾ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਵੀਰਵਾਰ ਨੂੰ ’ਭਾਰਤ ਜੋੜੋ ਯਾਤਰਾ’ ਦੇ ਪਾਇਲ ਤੋਂ ਲੁਧਿਆਣਾ ਪੁੱਜਣ ਦੌਰਾਨ ਰਾਹ ’ਚ ਰਾਜਾ ਵੜਿੰਗ ਇੱਕ ਕਾਂਗਰਸੀ ਨੇਤਾ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਹਾਲਾਂਕਿ ਇਸ ਮਾਮਲੇ ’ਚ ਰਾਜਾ ਵੜਿੰਗ ਵੱਲੋਂ ਵੀਰਵਾਰ ਸ਼ਾਮ ਨੂੰ ਹੀ ਆਪਣੇ ਫੇਸਬੁੱਕ ਪੇਜ ਜ਼ਰੀਏ ਸਫ਼ਾਈ ਦਿੱਤੀ ਗਈ ਸੀ ਕਿ ’ਭਾਰਤ ਜੋੜੋ ਯਾਤਰਾ’ ਨੂੰ ਕਾਮਯਾਬ ਕਰਨ ਲਈ ਜੋ ਵਰਕਰ 20 ਘੰਟੇ ਤੱਕ ਕੰਮ ਕਰ ਰਹੇ ਹਨ, ਉਨ੍ਹਾਂ ਦਾ ਹੱਥ ਫੜ ਕੇ ਰਾਹੁਲ ਗਾਂਧੀ ਨਾਲ ਮਿਲਾਉਣ ਤੋਂ ਉਹ ਪਿੱਛੇ ਨਹੀਂ ਹਟਣਗੇ, ਉਨ੍ਹਾਂ ਨੂੰ ਕਿੰਨੀ ਵਾਰ ਵੀ ਧੱਕੇ ਕਿਉਂ ਨਾ ਖਾਣੇ ਪੈਣ। ਰਾਜਾ ਵੜਿੰਗ ਨੇ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ’ਤੇ ਲੋਕਾਂ ਦੇ ਮੁੱਦੇ ਨੂੰ ਛੱਡ ਕੇ ਇਸ ਮਾਮਲੇ ’ਚ ਝੂਠੀ ਅਫ਼ਵਾਹ ਫੈਲਾਉਣ ਦਾ ਦੋਸ਼ ਲਾਇਆ ਸੀ ਪਰ ਸ਼ੁੱਕਰਵਾਰ ਸਵੇਰੇ ਰਾਜਾ ਵੜਿੰਗ ਦਾ ਸਟੈਂਡ ਇਸ ਤੋਂ ਬਿਲਕੁਲ ਉਲਟਾ ਨਜ਼ਰ ਆਇਆ।
ਵਰਕਰ ਨੂੰ ਰਾਹੁਲ ਗਾਂਧੀ ਨੂੰ ਮਿਲਾਉਣ ਦਾ ਯਤਨ ਰੱਖਾਂਗਾ ਜਾਰੀ
ਉਨ੍ਹਾਂ ਕਿਹਾ ਕਿ ਉਹ ਕੋਈ ਜਨਮ ਤੋਂ ਮਹਾਰਾਜ ਜਾਂ ਕਿਸੇ ਮੁੱਖ ਮੰਤਰੀ ਦੇ ਪਰਿਵਾਰ ’ਚ ਪੈਦਾ ਨਹੀਂ ਹੋਏ, ਜਿਸ ਨੂੰ ਧੱਕੇ ਨਹੀਂ ਖਾਣੇ ਪੈਣਗੇ, ਸਗੋਂ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਵਰਕਰ ਦਾ ਹੱਥ ਫੜ ਕੇ ਰਾਹੁਲ ਗਾਂਧੀ ਨਾਲ ਮਿਲਾਉਣ ਦੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ। ਰਾਜਾ ਵੜਿੰਗ ਮੁਤਾਬਕ ਸੁਰੱਖਿਆ ਮੁਲਾਜ਼ਮ ਵੱਲੋਂ ਉਨ੍ਹਾਂ ਨੂੰ ਪਛਾਣ ਨਾ ਸਕਣ ਕਾਰਨ ਧੱਕੇ ਮਾਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਉਨਾਂ ਕਿਹਾ ਕਿ ਮੈਨੂੰ ਇਸ ਦਾ ਕੋਈ ਗੁੱਸਾ ਨਹੀਂ ਹੈ ਕਿਉਂਕਿ ਇਹ ਧੱਕਾ ਰਾਹੁਲ ਗਾਂਧੀ ਨੇ ਨਹੀਂ ਮਾਰਿਆ ਅਤੇ ਸ਼ਾਇਦ ਦੁਸ਼ਮਣ ਦੀ ਚਾਲ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ’ਭਾਰਤ ਜੋੜੋ ਯਾਤਰਾ’ ਤੋਂ ਤਕਲੀਫ਼ ਹੋ ਰਹੀ ਹੈ, ਉਹ ਕਦੇ ਰਾਹੁਲ ਗਾਂਧੀ ਦੀ ਟੀ-ਸ਼ਰਟ ’ਤੇ ਸਵਾਲ ਚੁੱਕਦੇ ਹਨ ਤਾਂ ਕਦੇ ਭੀੜ ਨਾ ਹੋਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਦੇ ਨਾਲ ਚੱਲ ਰਹੇ ਸੀਆਰਪੀਐੱਫ ਦੇ ਸੁਰੱਖਿਆ ਮੁਲਾਜ਼ਮ ਗ੍ਰਹਿ ਮੰਤਰੀ ਦੇ ਅਧੀਨ ਆਉਂਦੇ ਹਨ, ਜਿਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਧੱਕੇ ਮਾਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਬੇਇੱਜ਼ਤੀ ਹੋਵੇ।