ਹੱਡ ਚੀਰਵੀਂ ਠੰਢ ’ਚ ਵੀ ਕੱਚੀਆਂ ਗਿੱਲੀਆਂ ਇੱਟਾਂ ਥੱਪ ਰਹੇ ਨੇ ਸੈਂਕੜੇ ਭੱਠਾ ਮਜ਼ਦੂਰ (Work and Money)
ਖਨੌਰੀ (ਬਲਕਾਰ ਸਿੰਘ)। ਉੱਤਰੀ ਭਾਰਤ ਵਿੱਚ ਕਈ ਦਿਨਾਂ ਤੋਂ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਪੈ ਰਹੀ ਹੈ। ਜਿਸ ਕਰਕੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ-ਜੁੱਤੇ ਵੰਡੇ ਜਾ ਰਹੇ ਹਨ, ਪਰ ਦੂਜੇ ਪਾਸੇ ਵੇਖਣ ਵਿੱਚ ਆਇਆ ਕਿ ਭੱਠਿਆਂ ’ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਇਸ ਕੜਾਕੇ ਦੀ ਠੰਢ ਵਿੱਚ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਗਿੱਲੀ ਮਿੱਟੀ ਦੀਆਂ ਇੱਟਾਂ ਪੱਥ ਰਹੇ ਹਨ ਜ਼ਿਆਦਾਤਰ ਭੱਠਿਆਂ ’ਤੇ ਇਨ੍ਹਾਂ ਮਜ਼ਦੂਰਾਂ ਦੇ ਨਾਲ ਹੀ ਛੋਟੇ-ਛੋਟੇ ਬੱਚੇ ਕੰਮ ਕਰਦੇ ਨਜ਼ਰ ਆ ਰਹੇ ਹਨ।
ਸਾਲ ਵਿੱਚ ਮਹਿਜ਼ ਕੁਝ ਮਹੀਨੇ ਹੀ ਦਿਹਾੜੀ ਮਿਲਦੀ ਹੈ ਇਨ੍ਹਾਂ ਭੱਠਾ ਮਜ਼ਦੂਰਾਂ ਨੂੰ (Work and Money)
ਖਨੌਰੀ ਨੇੜੇ ਕਈ ਭੱਠਿਆਂ ’ਤੇ ਇਹ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਕੰਮ ਕਰਨ ਲਈ ਬੈਠੇ ਹੋਏ ਹਨ। ਇਸ ਕੜਾਕੇ ਦੀ ਠੰਢ ਵਿੱਚ ਇੱਟਾਂ ਪੱਥਦੇ ਹੋਏ ਉਨ੍ਹਾਂ ਦੱਸਿਆ ਕਿ ਭਾਵੇਂ ਠੰਢ ਹੋਵੇ ਅਸੀਂ ਤਾਂ ਮਜ਼ਦੂਰੀ ਕਰਕੇ ਹੀ ਖਾਣਾ ਹੈ, ਜੇਕਰ ਕੰਮ ਨਹੀਂ ਕਰਾਂਗੇ ਤਾਂ ਪਰਿਵਾਰ ਨੂੰ ਰੋਟੀ ਕਿੱਥੋਂ ਦੇਵਾਂਗੇ, ਹਰ ਰੋਜ਼ ਪਰਿਵਾਰ ਸਮੇਤ ਦੋ-ਤਿੰਨ ਹਜ਼ਾਰ ਇੱਟਾਂ ਪੱਥ ਕੇ ਪਰਿਵਾਰ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਵਕਤ ਸਰਕਾਰ ਜਾਂ ਭੱਠਾ ਮਾਲਕਾਂ ਵੱਲੋਂ ਠੰਢ ਨੂੰ ਵੇਖਦੇ ਹੋਏ ਤੁਹਾਡੇ ਬੱਚਿਆਂ ਨੂੰ ਠੰਢ ਤੋਂ ਬਚਾਅ ਲਈ ਕੋਈ ਗਰਮ ਕੱਪੜੇ ਜਾਂ ਜੁੱਤੇ ਵਗੈਰਾ ਦੀ ਮੱਦਦ ਕੀਤੀ ਗਈ ਹੈ ਤਾਂ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਗਈ ਹੈ। ਜਦੋਂ ਲਕਸ਼ਮੀ ਭੱਠਾ ਦੇ ਭਾਈਵਾਲ ਅਮਰ ਨਾਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਰਫ਼ ਇੱਟਾਂ ਦੀ ਲੇਬਰ ਹੀ ਦਿੱਤੀ ਜਾਂਦੀ ਹੈ, ਇਸ ਤੋਂ ਇਲਾਵਾ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਭੱਠੇ ਦਾ ਕੰਮ ਵੀ ਸਾਲ ਵਿੱਚ ਸਿਰਫ਼ ਕੁਝ ਹੀ ਮਹੀਨੇ ਚੱਲਦਾ ਹੈ ਜਿਸ ਕਾਰਨ ਇਨ੍ਹਾਂ ਮਜ਼ਦੂਰਾਂ ਦਾ ਚੁੱਲ੍ਹਾ ਤਪਦਾ ਹੈ।
ਸਹੂਲਤ ਦੇਣ ਲਈ ਨਿਯਮ ਨਹੀਂ : ਲੇਬਰ ਕਮਿਸ਼ਨ ਅਧਿਕਾਰੀ
ਜਦੋਂ ਇਸ ਸਬੰਧੀ ਲੇਬਰ ਕਮਿਸ਼ਨ ਅਧਿਕਾਰੀ ਜਗਪ੍ਰੀਤ ਸਿੰਘ ਏ ਐਲ ਸੀ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਮਹਿਕਮੇ ਵਿੱਚ ਇਸ ਤਰ੍ਹਾਂ ਦੀ ਕੋਈ ਸਹੂਲਤ ਦੇਣ ਲਈ ਨਿਯਮ ਨਹੀਂ ਹੈ। ਇਸ ਦੇ ਨਾਲ ਹੀ ਚਾਈਲਡ ਹੈਲਪ ਲਾਈਨ 1098 ’ਤੇ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਵੰਦ ਬੱਚਿਆਂ ਲਈ ਸੰਸਥਾਵਾਂ ਵੱਲੋਂ ਮੱਦਦ ਕੀਤੀ ਜਾਂਦੀ ਹੈ, ਜਲਦੀ ਹੀ ਪੜਤਾਲ ਕਰਕੇ ਇਹਨਾਂ ਬੱਚਿਆਂ ਦੀ ਵੀ ਮੱਦਦ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਭੱਠਾ ਉਦਯੋਗ ਸਬੰਧੀ ਬਣਾਏ ਨਿਯਮਾਂ ਤਹਿਤ ਭੱਠਿਆਂ ’ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਪਾਣੀ, ਸਿਹਤ ਸਹੂਲਤਾਂ ਦੇ ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਭੱਠਾ ਮਾਲਕਾਂ ਦੀ ਬਣਦੀ ਹੈ।
ਲੰਮੇ ਸਮੇਂ ਤੋਂ ਸੰਘਰਸ਼ ਜਾਰੀ
ਭੱਠਾ ਮਜ਼ਦੂਰਾਂ ਨੂੰ ਡੀਸੀ ਰੇਟਾਂ ’ਤੇ ਤਨਖਾਹ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸਬੰਧੀ ਕਈ ਆਗੂਆਂ ਨੇ ਦੱਸਿਆ ਕਿ ਕੁਝ ਭੱਠਾ ਮਾਲਕਾਂ ਵੱਲੋਂ ਘੱਟ ਦਿਹਾੜੀ ’ਤੇ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਭੱਠਿਆਂ ’ਤੇ ਜਾ ਕੇ ਚੈੱਕ ਕਰਨ ਕਿ ਇਨ੍ਹਾਂ ਮਜ਼ਦੂਰਾਂ ਤੋਂ ਕਿੰਨਾ ਕੰਮ ਕਰਵਾਇਆ ਜਾਂਦਾ ਹੈ ਅਤੇ ਕਿੰਨੀ ਦਿਹਾੜੀ ਮਿਲ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਡੀਸੀ ਰੇਟਾਂ ’ਤੇ ਤਨਖਾਹ ਲੈਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਭੱਠਾ ਮਜ਼ਦੂਰ ਆਪਣੇ ਹੱਕਾਂ ਲਈ ਇੱਕ ਹੋ ਜਾਣ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਵਾਇਆ ਜਾ ਸਕਦਾ ਹੈ।