ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕਰਵਾਈ ਗਈ ਮੀਟਿੰਗ (SYL Issue) ਬੇਨਤੀਜਾ ਰਹੀ ਹੈ। ਇਸ ਮੀਟਿੰਗ ਤੋਂ ਆਸ ਕਰਨੀ ਵੀ ਔਖੀ ਸੀ ਕਿਉਂਕਿ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਜੋ ਮੀਟਿੰਗ ’ਚ ਕਹਿਣਾ ਸੀ ਉਹ ਪਹਿਲਾਂ ਹੀ ਸਪੱਸ਼ਟ ਸੀ। ਜਦੋਂ ਦੋਵੇਂ ਰਾਜ ਪੁਰਾਣੇ ਰੁਖ਼ ’ਤੇ ਹੀ ਕਾਇਮ ਹਨ ਤਾਂ ਹੱਲ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ।
ਅਸਲ ’ਚ ਇਹ ਮਾਮਲਾ ਸਿਆਸੀ ਪੇਚਾਂ ਅਤੇ ਤਕਨੀਕੀ ਉਲਝਣਾਂ ’ਚ ਇੰਨਾ ਜ਼ਿਆਦਾ ਫਸ ਗਿਆ ਹੈ ਕਿ ਇਸ ਦਾ ਹੱਲ ਬੇਹੱਦ ਔਖਾ ਨਜ਼ਰ ਆ ਰਿਹਾ ਹੈ। ਸਰਕਾਰ ’ਚ ਆਈ ਕੋਈ ਵੀ ਪਾਰਟੀ ਆਪਣਾ ਰੁਖ਼ ਬਦਲਣ ਲਈ ਤਿਆਰ ਨਹੀਂ ਹਰ ਸੱਤਾਧਾਰੀ ਪਾਰਟੀ ਨੂੰ ਇਹੀ ਡਰ ਸਤਾਉਂਦਾ ਹੈ ਕਿ ਜੇਕਰ ਉਹ ਹਲਕੀ ਜਿਹੀ ਵੀ ਨਰਮੀ ਵਿਖਾਉਂਦੇ ਹਨ ਤਾਂ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ ਜਾਣਾ ਹੈ। ਇਸ ਮਸਲੇ ਦਾ ਸਿਆਸੀ ਹੱਲ ਹੋਣ ਦੀ ਆਸ ਉਦੋਂ ਹੀ ਮੁੱਕ ਗਈ ਸੀ ਜਦੋਂ ਕੇਂਦਰ, ਹਰਿਆਣਾ ਤੇ ਪੰਜਾਬ ’ਚ ਇੱਕੋ ਪਾਰਟੀ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਹੱਲ ਨਹੀਂ ਨਿੱਕਲ ਸਕਿਆ।
ਤਾਲਮੇਲ ਨਹੀਂ ਬੈਠ ਸਕਿਆ
ਕਾਂਗਰਸ ਤੇ ਭਾਜਪਾ ਰਾਸ਼ਟਰੀ ਪਾਰਟੀਆਂ ਹੋਣ ਦੇ ਬਾਵਜ਼ੂਦ ਇਨ੍ਹਾਂ ਦੀਆਂ ਸੂਬਾ ਇਕਾਈਆਂ ਇੱਕ ਪਾਰਟੀ ਦੀਆਂ ਹੋਣ ਦੇ ਬਾਵਜੂਦ ਆਪਣੀ ਹੀ ਪਾਰਟੀ ਦੀ ਸੂਬਾ ਇਕਾਈ ਦੇ ਖਿਲਾਫ਼ ਭੁਗਤਦੀਆਂ ਆ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬ ਦੇ ਮੁੱਦਿਆਂ ’ਤੇ ਸੱਤਾ ’ਚ ਆਏ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਵੀ ਸਤਲੁਜ ਯਮੁਨਾ ਲਿੰਕ ਨਹਿਰ (SYL Issue) ਦੇ ਮੁੱਦੇ ’ਤੇ ਪੰਜਾਬ ਖਿਲਾਫ਼ ਭੁਗਤੀ ਅਸਲ ’ਚ ਰਾਸ਼ਟਰੀ ਪਾਰਟੀਆਂ ਦੀ ਵਿਚਾਰਧਾਰਾ ਤੇ ਸੂਬਾ ਇਕਾਈਆਂ ਦੀ ਵਿਚਾਰਧਾਰਾ ’ਚ ਤਾਲਮੇਲ ਨਹੀਂ ਬੈਠ ਸਕਿਆ।
ਮਾਮਲਾ ਸਮਝੌਤਿਆਂ ਤੱਕ ਸੀਮਿਤ ਰਿਹਾ
ਜੇਕਰ ਰਾਸ਼ਟਰੀ ਪਾਰਟੀਆਂ ਦੀ ਵਿਚਾਰਧਾਰਾ ’ਚ ਫਰਕ ਨਾ ਹੋਵੇ ਤਾਂ ਇਹ ਮਾਮਲਾ ਕੁਝ ਹੱਦ ਤੱਕ ਸੌਖਾ ਹੋ ਸਕਦਾ ਹੈ। ਦੂਜੇ ਪਾਸੇ ਦਰਿਆਈ ਪਾਣੀ ਸਬੰਧੀ ਕੌਮੀ ਕਾਨੂੰਨ ਨਾ ਹੋਣਾ ਵੀ ਵੱਡੀ ਸਮੱਸਿਆ ਹੈ ਅਜੇ ਤਾਈਂ ਇਹ ਮਾਮਲਾ ਸਮਝੌਤਿਆਂ ਤੱਕ ਸੀਮਿਤ ਰਿਹਾ ਹੈ ਰਾਜਾਂ ਦੇ ਪੁਨਰਗਠਨ ਐਕਟ ਦੀ ਸਹੀ ਵਿਆਖਿਆ ਤੇ ਬਦਲੀਆਂ ਪਰਸਥਿਤੀਆਂ ’ਚ ਪੁਨਰਗਠਨ ਐਕਟ ਦੀ ਵਿਆਖਿਆ ’ਚ ਫੇਰਬਦਲ ਵੀ ਅਜਿਹੀਆਂ ਚੀਜ਼ਾਂ ਹਨ ਜੋ ਸਮੱਸਿਆ ਨਾਲ ਨਜਿੱਠਣ ’ਚ ਮੁਸ਼ਕਲ ਬਣ ਰਹੀਆਂ ਹਨ ਵਿਧਾਨ ਸਭਾ ਦੀਆਂ ਵਿਧਾਨਕ ਸ਼ਕਤੀਆਂ ਤੇ ਵਿਧਾਨ ਸਭਾਵਾਂ ਦੀਆਂ ਸੰਵਿਧਾਨਕ ਤਜਵੀਜ਼ਾਂ ਵੀ ਇਸ ਮਸਲੇ ਨਾਲ ਜੁੜੀਆਂ ਹੋਈਆਂ ਹਨ।
ਕੌਮੀ ਭਾਵਨਾ ਦੇ ਨਜ਼ਰੀਏ ਨਾਲ ਕੰਮ ਕਰਨ ਦੀ ਜ਼ਰੂਰਤ
ਜਿਨ੍ਹਾਂ ਨੂੰ ਨਕਾਰਨਾ/ਸਵੀਕਾਰਨਾ ਜਟਿਲਤਾ ਭਰਿਆ ਕਾਰਜ ਹੈ। ਦੂਜੇ ਪਾਸੇ ਐੱਸਵਾਈਐੱਲ (SYL Issue) ਦਾ ਸੁਪਰੀਮ ਕੋਰਟ ’ਚ ਵੀ ਲੰਮੇ ਸਮੇਂ ਤੱਕ ਲਟਕਣਾ ਇਸ ਮਸਲੇ ਦੇ ਸੰਵਿਧਾਨਕ ਤੇ ਕਾਨੂੰਨੀ ਪਹਿਲੂਆਂ ਦੀ ਅਸਪੱਸ਼ਟਤਾ ਵੱਲ ਇਸ਼ਾਰਾ ਕਰਦਾ ਹੈ। ਅਸਲ ’ਚ ਇਸ ਮਸਲੇ ਦਾ ਹੱਲ ਗੈਰ ਸਿਆਸੀ ਤੇ ਵਿਗਿਆਨਕ ਨਜ਼ਰੀਆ ਅਪਣਾਉਣ ਨਾਲ ਹੀ ਸੰਭਵ ਹੈ।
1966 ’ਚ ਸੂਬਿਆਂ ਦੇ ਪੁਨਰਗਠਨ ਤੋਂ ਬਾਅਦ ਬਦਲੀਆਂ ਪਰਸਥਿਤੀਆਂ ’ਤੇ ਕੌਮੀ ਭਾਵਨਾ ਦੇ ਨਜ਼ਰੀਏ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਮਸਲੇ ਦਾ ਹੱਲ ਸਦਭਾਵਨਾ ਨਾਲ ਹੋਣਾ ਚਾਹੀਦਾ ਹੈ ਇਸ ਨੂੰ ਸਿਆਸੀ ਟਕਰਾਅ ਜਾਂ ਧਾਰਮਿਕ ਟਕਰਾਅ ਨਾ ਬਣਨ ਦਿੱਤਾ ਜਾਵੇ ਅਮਨ-ਅਮਾਨ ਤੇ ਭਾਈਚਾਰਕ ਸਾਂਝ ਸਭ ਤੋਂ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ