ਵੱਸਦੇ ਘਰਾਂ ਦੇ ਸੁੰਨੇ ਵਿਹੜੇ (Empty houses)
ਰੰਗਲੇ ਪੰਜਾਬ ਦੀ ਫਿਜ਼ਾ ਹੁਣ ਸਹਿਮ ਦਾ ਮਾਹੌਲ ਸਿਰਜ ਰਹੀ ਹੈ। ਨਿੱਤ ਦਿਨ ਹੁੰਦੇ ਕਤਲ ਤੇ ਲੁੱਟਾਂ-ਮਾਰਾਂ ਨਾਲ ਘਰਾਂ ਦੇ ਚਿਰਾਗ ਬੁਝ ਰਹੇ ਹਨ। (Empty houses) ਗਲੀ-ਗਲੀ ਫਿਰਦੇ ਮੌਤ ਦੇ ਸੌਦਾਗਰ ਦਰਦ ਵੰਡ ਰਹੇ ਹਨ। ਤਿੱਖੜ ਦੁਪਹਿਰੇ ਵਰ੍ਹਦੀਆਂ ਗੋਲੀਆਂ ਰੂਹ ਨੂੰ ਕਾਂਬਾ ਛੇੜ ਲੰਘਦੀਆਂ ਹਨ। ਮੁੱਛ-ਫੁੱਟ ਗੱਭਰੂਆਂ ਦੇ ਹੱਥਾਂ ਵਿੱਚ ਚੁੱਕੇ ਵਿਦੇਸ਼ੀ ਹਥਿਆਰ ਪੰਜਾਬ ਦੇ ਵਿਕਾਸ ਦੀ ਨਿਵੇਕਲੀ ਤਸਵੀਰ ਹੈ। ਸ਼ਾਤਿਰ ਦਿਮਾਗ ਲੋਕ ਜਵਾਨੀ ਨਾਲ ਖੂਨੀ ਹੋਲੀ ਖੇਡ ਘਰ-ਘਰ ਲਾਲੀ ਡੋਲ ਰਹੇ ਹਨ ।
ਹਵਾ ਵਿੱਚ ਵਧਦੀ ਜ਼ਹਿਰ ਆਉਣ ਵਾਲੀਆਂ ਨਸਲਾਂ ਦੀ ਬਰਬਾਦੀ ਸਿਰਜ ਰਹੀ ਹੈ। ਬਾਹਰਲੇ ਮੁਲਕਾਂ ’ਚੋਂ ਸ਼ਾਂਤ ਮਾਹੌਲ ਵਿੱਚ ਖਰਾਬੇ ਲਈ ਖੜਕਦੇ ਫੋਨ ਤੇ ਪੁੱਜਦੇ ਸੁਨੇਹੇ ਗੈਂਗਵਾਰ ਦੇ ਵਾਧੇ ਨੂੰ ਹੁਲਾਰਾ ਦੇ ਰਹੇ ਹਨ। ਲਗਾਤਾਰ ਹੋ ਰਹੇ ਕਤਲ, ਬੱਚੇ ਅਗਵਾ ਕਰਨ ਦੀਆਂ ਘਟਨਾਵਾਂ ਤੇ ਫਿਰੌਤੀ ਦੀਆਂ ਮੰਗਾਂ ਪੰਜਾਬ ਨਾਲ ਗੈਂਗਲੈਂਡ ਵਰਗੇ ਵਿਸ਼ੇਸ਼ਣਾਂ ਨੂੰ ਜੋੜ ਰਹੀਆਂ ਹਨ ਤੇ ਇਹੋ-ਜਿਹੇ ਗੈਰ-ਸਮਾਜਿਕ ਵਰਤਾਰੇ ਆਮ ਲੋਕਾਂ ਵਿੱਚ ਉਹਨਾਂ ਦੇ ਸੁਰੱਖਿਅਤ ਹੋਣ ਦੇ ਅਹਿਸਾਸ ਨੂੰ ਖਤਮ ਕਰ ਰਹੇ ਹਨ।
ਘਰੋਂ ਕੰਮਾਂ ਲਈ ਨਿੱਕਲੀਆਂ ਔਰਤਾਂ ਨਾਲ ਖਿੱਚ-ਧੂਹ ਤੇ ਝਪਟਮਾਰ ਹੱਦੋਂ ਵੱਧ ਵਧ ਗਈ ਹੈ। ਘਰੇਲੂ ਸੁਆਣੀਆਂ ਤੋਂ ਕੰਨਾਂ ਦੀਆਂ ਵਾਲੀਆਂ, ਗਲੇ ਦੀਆਂ ਚੇਨਾਂ, ਪਰਸ, ਮੋਬਾਇਲ ਫੋਨ ਆਦਿ ਖੋਹਣ ਦੀਆਂ ਖਬਰਾਂ ਆਏ ਦਿਨ ਨਸ਼ਰ ਹੋ ਰਹੀਆਂ ਹਨ। ਲੰਘੇ ਹਫਤੇ ਆਈ ਬੇਬੇ ਦੇ ਪੁੱਟੇ ਗਏ ਕੰਨਾਂ ਦੀ ਤਸਵੀਰ ਪੰਜਾਬ ਦੇ ਧੁੰਦਲੇ ਭਵਿੱਖ ਦਾ ਚਿੱਤਰ ਉਲੀਕਦੀ ਜਾਪੀ । ਮਾਂ ਦੇ ਕੰਨਾਂ ਵਿੱਚੋਂ ਰਿਸਦਾ ਲਹੂ ਪੁੱਤਾਂ ਦੇ ਹਿੰਸਕ ਹੋ ਚੁੱਕੇ ਰਵੱਈਏ ਦੀ ਗਵਾਹੀ ਭਰਦਾ ਹੈ। ਇੰਝ ਲੱਗਦਾ ਹੈ ਜਿਵੇਂ ਅਜੋਕਾ ਆਦਮ ਪੌਣ, ਪਾਣੀ, ਧਰਤ ਤੇ ਜੰਗਲਾਂ ਦੀ ਤਬਾਹੀ ਕਰਨ ਦਾ ਜੁੰਮਾਂ ਮੁਕਾ ਮਨੁੱਖਤਾ ਦੇ ਵਿਨਾਸ਼ ਕਰਨ ਵੱਲ ਹੋ ਤੁਰਿਆ ਹੋਵੇ। ਹਰ ਬਾਸ਼ਿੰਦਾ ਇਸ ਵਾਤਾਵਰਨ ਤੇ ਬਦਲੇ ਮਾਹੌਲ ਤੋਂ ਡਾਹਢਾ ਚਿੰਤਤ ਤੇ ਪ੍ਰੇਸ਼ਾਨ ਹੈ ।
ਇਹ ਮੌਸਮ ਹੈ ਕਿੱਥੋਂ ਆਇਆ
ਅੱਕ ਮਹਿਕਣ ਪਰ ਫੁੱਲ/ਗੁਲਾਬ/ਪੰਜਾਬ ਮੁਰਝਾਇਆ।
ਗਲੀਆਂ ਦੇ ਵਿੱਚ ਖੂਨੀ ਹੋਲੀ
ਗੋਲੀਆਂ ਨੇ ਹੈ ਕਾਂਬਾ ਚੜ੍ਹਾਇਆ।
ਨਫਰਤ ਫੈਲੀ ਚਾਰ-ਚੁਫ਼ੇਰੇ,
ਹਵਾਵਾਂ ਵਿੱਚ ਕਿਸ ਜ਼ਹਿਰ ਰਲਾਇਆ ?
ਮੇਰੇ ਸ਼ਹਿਰ ਦੇ ਨੇੜਲੇ ਪਿੰਡ ਵਿੱਚ ਵਾਪਰੀ ਘਟਨਾ ਨੇ ਸਭ ਦਾ ਧਿਆਨ ਖਿੱਚਿਆ। ਪੰਜ ਭੈਣਾਂ ਦਾ ਇਕਲੌਤਾ ਵੀਰ ਸਿਰਫ਼ ਬਾਰਾਂ ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਇਆ ਤਾਂ ਪੂਰੇ ਪਿੰਡ ਵਿੱਚ ਸੋਗ ਦਾ ਮਾਤਮ ਛਾ ਗਿਆ। ਨਸ਼ੇ ਦੀ ਲਤ ਨੇ ਘਰ ਦਾ ਵਾਰਿਸ ਖੋਹ ਲਿਆ। ਪੰਜਾਂ ਭੈਣਾਂ ਤੇ ਪੂਰੇ ਪਰਿਵਾਰ ਨੇ ਨੰਗੇ ਪੈਰੀਂ ਹੋਰ ਭਰਾਵਾਂ ਨੂੰ ਚਿੱਟੇ ਦੇ ਕਹਿਰ ਤੋਂ ਬਚਾਉਣ ਲਈ ਰੋਸ ਮਾਰਚ ਕੱਢਿਆ। ਸੁਨੇਹਾ ਨਸ਼ਿਆਂ ਦੇ ਵਧਦੇ ਪ੍ਰਕੋਪ ਖਿਲਾਫ ਨਿੱਠ ਕੇ ਡਟਣ ਦਾ ਦਿੱਤਾ। ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ੀਲੇ ਪਦਾਰਥਾਂ ਵਿਰੁੱਧ ਪਾਏ ਗਏ ਮਤੇ ਇਸ ਪ੍ਰਦਰਸ਼ਨ ਦਾ ਅਸਰ ਜਾਪੇ। ਬੇਵਕਤੀ ਢਲਦੇ ਸੂਰਜਾਂ ਨੂੰ ਕਾਇਮ ਰੱਖਣ ਲਈ ਅਜਿਹੀਆਂ ਪਹਿਲ-ਕਦਮੀਆਂ ਸਮੇਂ ਦੀ ਲੋੜ ਹਨ, ਨਹੀਂ ਤਾਂ ਮਾਵਾਂ ਦੇ ਖੇੜਿਆਂ ’ਚੋਂ ਰੌਣਕਾਂ ਖਤਮ ਹੁੰਦਿਆਂ ਦੇਰ ਨਹੀਂ ਲੱਗੇਗੀ। ਨਿੱਤ ਦਿਨ ਸਰਹੱਦ ’ਤੇ ਫੜੇ ਜਾ ਰਹੇ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਪੰਜਾਬ ਅੰਦਰ ਡਰੋਨੀ ਘੁਸਪੈਠੀਆਂ ਦੇ ਮਨਸੂਬੇ ਘਾਤਕ ਹੋਣ ਵੱਲ ਇਸ਼ਾਰਾ ਕਰਦੀ ਹੈ ।
ਨਸ਼ਿਆਂ ਦੀ ਕਿਤੋਂ ਆਈ ਸੁਨਾਮੀ
ਕੁਰਾਹੇ ਪੈ ਗਈ ਜਵਾਨੀ।
ਕਾਲੇ ਬੱਦਲ ਛਾਏ ਅੰਬਰ
ਤੇ ਨਸਲਾਂ ਨੂੰ ਹੈ ਖਤਰੇ ਪਾਇਆ।
ਪੜ੍ਹਾਕੂ ਮੁੰਡਿਆਂ ਦੇ ਦਿਲੋ-ਦਿਮਾਗ ’ਤੇ ਛਾਇਆ ਬਾਹਰ ਜਾਣ ਦਾ ਫਿਤੂਰ ਪੰਜਾਬ ਖਾਲੀ ਕਰ ਰਿਹਾ ਹੈ। ਹਰ ਹੀਲੇ ਜਹਾਜ਼ ਫੜ ਵਿਦੇਸ਼ ਪੁੱਜਣਾ ਹੀ ਉਹਨਾਂ ਦੇ ਜੀਵਨ ਦਾ ਉਦੇਸ਼ ਬਣ ਗਿਆ ਹੈ। ਹਵਾਈ ਅੱਡਿਆਂ ’ਤੇ ਲੱਗਦੇ ਮੇਲੇ ਪੰਜਾਬ ਅੰਦਰ ਹੋਣੀ ਦੀ ਅਸਲ ਹਕੀਕਤ ਬਿਆਨ ਕਰਦੇ ਹਨ। ਮਾਝੇ ਤੇ ਦੁਆਬੇ ਬਾਅਦ ਮਾਲਵੇ ਵਿੱਚ ਚੱਲੀ ਇਹ ਲਹਿਰ ਹੁਣ ਸੁਨਾਮੀ ਬਣ ਚੁੱਕੀ ਹੈ । ਮਾਪੇ ਬੱਚਿਆਂ ਦੀ ਇਸ ਜਿੱਦ ਅੱਗੇ ਸਮੱਰਪਣ ਕਰ ਨਾਲ ਨਿਭਣ ਲੱਗੇ ਹਨ । ਮਹਿੰਗੇ ਭਾਅ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚ-ਵੱਟ ਨਿਆਣਿਆਂ ਦੇ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਪਿੰਡਾਂ ਵਿੱਚੋਂ ਵੱਡੀਆਂ ਕੈਬਾਂ ਪੰਜਾਬ ਦੇ ਧਨ-ਮਾਲ ਨੂੰ ਲੱਦ ਬੇਗਾਨਾ ਕਰ ਰਹੀਆਂ ਹਨ।
ਕਈ ਟੱਬਰ ਤਾਂ ਘਰਾਂ ਨੂੰ ਪੱਕੇ ਜਿੰਦਰੇ ਮਾਰ ਵਤਨੋਂ ਰਵਾਨਗੀ ਲੈ ਤੁਰੇ ਹਨ। ਪੰਜਾਬ ਦਾ ਨਾਸਾਜ਼ ਮਾਹੌਲ ਵੀ ਇਸ ਵਰਤਾਰੇ ਨੂੰ ਹੋਰ ਤੇਜ਼ ਕਰ ਰਿਹਾ ਹੈ । ਹਰ ਤੀਜੇ ਘਰ ਦੀ ਦੇਹਲੀ ਦੀ ਰਾਖੀ ਬਜ਼ੁਰਗਾਂ ਦੇ ਹੱਥ ਹੈ ਜਾਂ ਫਿਰ ਕੋਈ ਕੋਹਾਂ ਦੂਰ ਦਾ ਸੰਬੰਧੀ ਸਾਫ-ਸਫਾਈ ਦੀ ਜ਼ਿੰਮੇਵਾਰੀ ਚੁੱਕ ਰਿਹਾ ਹੈ । ਹਾਲਾਤ ਇਸ ਕਦਰ ਗੰਭੀਰ ਹਨ ਕਿ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਬੱਚਿਆਂ ਨੂੰ ਪੰਜਾਬ ਨਾ ਛੱਡਣ ਦੀਆਂ ਅਰਜੋਈਆਂ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਵਿਦੇਸ਼ੋਂ ਪਰਤੇ ਸੱਜਣ ਦੇ ਘਰ ਸਮਾਗਮ ’ਤੇ ਜਾਣਾ ਹੋਇਆ । ਘਰ ਪਰਤੀਆਂ ਰੌਣਕਾਂ ਦੀ ਬੇਬੇ ਨੂੰ ਵਧਾਈ ਦੇਣੀ ਚਾਹੀ ਤਾਂ ਮਾਂ ਤੋਂ ਆਪਣੇ ਹੰਝੂ ਰੋਕ ਨਾ ਹੋਏ । ਗਿੱਲੀਆਂ ਅੱਖਾਂ ਦੇ ਕੋਇਆਂ ਨੂੰ ਪੂੰਝਦੇ ਹੋਏ ਉਸ ਨੇ ਕਿਹਾ, ‘‘ਰੌਣਕਾਂ ਤਾਂ ਪੁੱਤਰਾ ਵਕਤੀ ਹੋ ਗਈਆਂ ਨੇ ! ਹੁਣ ਤਾਂ ਸਿਰਫ ਮਕਾਨ ਹੀ ਵੱਸਦੇ ਨੇ , ਵਿਹੜੇ ਤਾਂ ਸਾਲਾਂਬੱਧੀ ਸੁੰਨੇ ਹੀ ਰਹਿੰਦੇ ਨੇ! ਇੱਟਾਂ-ਪੱਥਰਾਂ ਨਾਲ ਬੰਗਲੇ ਤਾਂ ਉਸਾਰੇ ਜਾ ਸਕਦੇ ਨੇ, ਘਰ ਨਹੀਂ! ਵੰਨ-ਸੁਵੰਨੇ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਹੀ ਮਕਾਨ ਨੂੰ ਘਰ ਦਾ ਦਰਜਾ ਦਿੰਦੀਆਂ ਹਨ । ਪਰ ਨਵੀਂ ਪੀੜ੍ਹੀ ਇਨ੍ਹਾਂ ਸੂਖਮ ਤੰਦਾਂ ਦੀ ਖਿੱਚ ਤੋਂ ਪੂਰਨ ਵਿਰਵੀ ਹੈ। ਮੋਇਆਂ ਦਾ ਵਿਛੋੜਾ ਤਾਂ ਜ਼ਰਿਆ ਜਾ ਸਕਦਾ ਹੈ ਪਰ ਜਿਉਂਦੇ-ਜੀਅ ਆਪਣਿਆਂ ਦੀ ਜੁਦਾਈ ਹੰਢਾਉਣੀ ਡਾਹਢੀ ਤਕਲੀਫਦੇਹ ਹੁੰਦੀ ਹੈ । ਕੁੱਝ ਕੁ ਦਮੜਿਆਂ ਲਈ ਔਲਾਦ ਦਾ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਕਿੰਨਾ ਕੁ ਸਹੀ ਹੈ?
ਭੋਲੇ ਜਿਹੇ ਚਿਹਰੇ ਨਾਲ ਪੁੱਛਿਆ ਅੰਮੀ ਦਾ ਸਵਾਲ ਸਾਰਿਆਂ ਨੂੰ ਨਿਰ-ਉੱਤਰ ਕਰ ਗਿਆ।
ਵਸਦੇ ਘਰਾਂ ਦੇ ਸੁੰਨੇ ਵਿਹੜੇ
ਦਰ-ਦਰ ਇਹੋ ਕਹਾਣੀ ਏ।
ਮੋੜਿਆ ਨਾ ਜੇ ਰੁਖ਼ ਲਹਿਰਾਂ ਦਾ
ਖਤਮ ਨਾ ਹੋਣੀ ਰਵਾਨੀ ਏ।
ਸਿੱਲੀਆਂ ਰਹਿਣੀਆਂ ਮਾਵਾਂ ਦੀਆਂ ਪਲਕਾਂ
ਜੁਦਾਈ ਨਾ ਝੱਲੀ ਜਾਣੀ ਏ।
ਕੇ. ਮਨੀਵਿਨਰ
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ