ਪਟਿਆਲਾ ਦੇ 1997 ’ਚ ਡਿਪਟੀ ਕਮਿਸ਼ਨਰ ਰਹੇ ਵਿਸ਼ਵਜੀਤ ਖੰਨਾ ਨੇ ਸਾਂਝੇ ਕੀਤੇ ਸੁਚੱਜੇ ਪ੍ਰਸ਼ਾਸਨ ਦੇ ਨੁਕਤੇ

ਸੁਚੱਜਾ ਪ੍ਰਸ਼ਾਸਨ ਸਪਤਾਹ-ਪ੍ਰਸ਼ਾਸਨ ਪਿੰਡਾਂ ਵੱਲ ਦੌਰਾਨ ਚੰਗੇ ਪ੍ਰਸ਼ਾਸਕੀ ਅਭਿਆਸਾਂ ਤੇ ਪਹਿਲਕਦਮੀਆਂ ’ਤੇ ਵਰਕਸ਼ਾਪ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਸੁਚੱਜਾ ਪ੍ਰਸ਼ਾਸਨ ਸਪਤਾਹ ਮਨਾਏ ਜਾਣ ਦੌਰਾਨ ‘ਪ੍ਰਸ਼ਾਸਨ ਪਿੰਡਾਂ ਵੱਲ’ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸੁਚੱਜੇ ਪ੍ਰਸ਼ਾਸਨ ਦੇ ਚੰਗੇ ਪ੍ਰਸ਼ਾਸਕੀ ਅਭਿਆਸਾਂ ਅਤੇ ਪਹਿਲਕਦਮੀਆਂ ’ਤੇ ਇੱਕ ਵਰਕਸ਼ਾਪ ਕਰਵਾਈ ਗਈ।

ਵਰਕਸ਼ਾਪ ’ਚ 1997-98 ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਹੇ ਅਤੇ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਸ਼ਿਰਕਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੰਵਿਧਾਨ ਦੇ ਘੇਰੇ ’ਚ ਰਹਿੰਦੇ ਹੋਏ ਲੋਕਾਂ ਦੇ ਬਣਦੇ ਅਧਿਕਾਰ ਮੁਹੱਈਆ ਕਰਵਾਉਣ ਦੀ ਤਾਕੀਦ ਵੀ ਕੀਤੀ। ਵਿਸ਼ਵਜੀਤ ਖੰਨਾ ਨੇ ਸੁਚੱਜੇ ਪ੍ਰਸ਼ਾਸਨ ਦੇ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸੰਵਿਧਾਨ ਦੇ ਘੇਰੇ ’ਚ ਰਹਿੰਦੇ ਹੋਏ ਸੰਵਿਧਾਨ ਵੱਲੋਂ ਲੋਕਾਂ ਨੂੰ ਪ੍ਰਦਾਨ ਕੀਤੇ ਮੌਲਿਕ ਅਧਿਕਾਰਾਂ ਅਧੀਨ ਸਿਆਸੀ, ਸਮਾਜਿਕ, ਆਰਥਿਕ ਨਿਆਂ ਪ੍ਰਦਾਨ ਕਰਨ ਲਈ ਆਪਣੀ ਬਣਦੀ ਜਿੰਮੇਵਾਰੀ, ਬਿਨ੍ਹਾਂ ਪੱਖਪਾਤ ਤੇ ਪਾਰਦਰਸ਼ਤਾ ਨਾਲ ਨਿਭਾਈ ਜਾਵੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਸ਼ਵਜੀਤ ਖੰਨਾ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਿਸ਼ੇੇਸ਼ ਪਹਿਲਕਦਮੀ ਤਹਿਤ ਲੋਕਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਪ੍ਰਸ਼ਾਸਕੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਸਾਬਕਾ ਸੈਸ਼ਨਜ ਜੱਜ ਪਰਮਜੀਤ ਸਿੰਘ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨਜੋਤ ਕੌਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ