ਨੌਜਵਾਨ ਵਰਗ ਨੂੰ ਨਸ਼ਿਆਂ ਦੀ ਗਿ੍ਰਫ਼ਤ ’ਚੋਂ ਕੱਢਣ ਲਈ ਠੋਸ ਯਤਨਾਂ ਦੀ ਲੋੜ

Depth

ਨੌਜਵਾਨ ਵਰਗ ਨੂੰ ਨਸ਼ਿਆਂ ਦੀ ਗਿ੍ਰਫ਼ਤ ’ਚੋਂ ਕੱਢਣ ਲਈ ਠੋਸ ਯਤਨਾਂ ਦੀ ਲੋੜ

ਦੇਸ਼ ਦੇ ਨੌਜਵਾਨ ਵਰਗ ਵਿੱਚ ਨਸ਼ਿਆਂ ਦੀ ਆਦਤ ਦਾ ਨਿਰੰਤਰ ਵਧਣਾ ਦੇਸ਼ ਲਈ ਅਤਿ ਚਿੰਤਾਜਨਕ ਹੈ। ਨਸ਼ਿਆਂ ਦਾ ਇਹ ਰੁਝਾਨ ਹੁਣ ਪਿੰਡਾਂ, ਕਸਬਿਆਂ, ਸ਼ਹਿਰਾਂ ਆਦਿ ਵਿੱਚੋਂ ਹੁੰਦਾ ਹੋਇਆ ਹਸਪਤਾਲਾਂ ਅਤੇ ਸਿੱਖਿਅਕ ਸੰਸਥਾਵਾਂ ਤੱਕ ਵੀ ਪਹੁੰਚ ਚੁੱਕਾ ਹੈ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਭਾਵੇਂ ਨਸ਼ਿਆਂ ਨੂੰ ਕਾਬੂ ਕਰਨ ਦੇ ਲੱਖ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਰੋਜ਼ਾਨਾ ਖ਼ਬਰਾਂ ਰਾਹੀਂ ਸਾਡੇ ਸਾਹਮਣੇ ਆ ਰਹੀ ਹੈ। ਅਜਿਹੇ ਵਰਤਾਰੇ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਿਰਫ਼ ਅੰਕੜਿਆਂ ਤੱਕ ਹੀ ਸੀਮਤ ਹੋ ਰਹੀਆਂ ਹਨ।

ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਉੱਥੋਂ ਦੀ ਨੌਜਵਾਨ ਪੀੜ੍ਹੀ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਜਦੋਂ ਦੇਸ਼ ਦਾ ਨੌਜਵਾਨ ਵਰਗ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਵੇ ਤਾਂ ਇਸ ਨਾਲ ਜਿੱਥੇ ਦੇਸ਼ ਦਾ ਭਵਿੱਖ ਧੁੰਦਲਾ ਹੋਣ ਲੱਗਦਾ ਹੈ, ਉੱਥੇ ਹੀ ਦੇਸ਼ ਵਿੱਚ ਅਨੇਕਾਂ ਸਮਾਜਿਕ ਬੁਰਾਈਆਂ ਵੀ ਇਸ ਨਸ਼ੇ ਦੀ ਬਹੁਤਾਤ ਕਾਰਨ ਪੈਦਾ ਹੋਣ ਲੱਗਦੀਆਂ ਹਨ। ਚੋਰੀ, ਡਕੈਤੀ, ਜਬਰ-ਜਨਾਹ ਵਰਗੀਆਂ ਦਿਨੋ-ਦਿਨ ਵਧ ਰਹੀਆਂ ਘਟਨਾਵਾਂ ਵੀ ਨਸ਼ਿਆਂ ਦੀ ਬੁੱਕਲ ਵਿੱਚੋਂ ਹੀ ਪੈਦਾ ਹੁੰਦੀਆਂ ਹਨ। ਨਸ਼ਿਆਂ ਦੀ ਦਲਦਲ ਵਿੱਚ ਫਸਿਆ ਇਨਸਾਨ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ।

ਚਾਇਲਡ ਲਾਈਨ ਇੰਡੀਆ ਫਾਊਂਡੇਸ਼ਨ ਦੀ ਰਿਪੋਰਟ ਅਨੁਸਾਰ, ਦੇਸ਼ ਵਿੱਚ 65 ਫ਼ੀਸਦੀ ਨਸ਼ੇ ਅਜਿਹੇ ਨੌਜਵਾਨ ਕਰ ਰਹੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੀ ਘੱਟ ਹੈ। ਸ਼ਰਾਬ ਦਾ ਸੇਵਨ ਕਰਨ ਵਿੱਚ ਵੀ ਦੇਸ਼ ਦਾ ਨੌਜਵਾਨ ਵਰਗ ਮੋਹਰੀ ਹੈ। 40 ਦੇਸ਼ਾਂ ਵਿੱਚ ਸ਼ਰਾਬ ਦੇ ਸੇਵਨ ਸਬੰਧੀ ਕੀਤੇ ਗਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 20 ਸਾਲਾਂ ਦੌਰਾਨ ਭਾਰਤ ਵਿੱਚ ਸ਼ਰਾਬ ਦੀ ਵਰਤੋਂ ਵਿੱਚ 60 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਜਿਸ ਵਿੱਚ ਨੌਜਵਾਨ ਵਰਗ ਦੀ ਗਿਣਤੀ ਵਧੇਰੇ ਹੈ। ਅੱਜ ਨੌਜਵਾਨ ਵਰਗ ਵਿੱਚ ਨਸ਼ੇ ਸਿਰਫ਼ ਸ਼ਰਾਬ, ਸਿਗਰਟ ਜਾਂ ਅਫ਼ੀਮ ਤੱਕ ਹੀ ਸੀਮਤ ਨਹੀਂ ਸਗੋਂ ਹੁਣ ਕੋਕੀਨ, ਹੈਰੋਇਨ ਗਾਂਜਾ, ਚਰਸ ਅਤੇ ਨਸ਼ੀਲੀਆਂ ਦਵਾਈਆਂ ਸਮੇਤ ਅਨੇਕਾਂ ਮੈਡੀਕਲ ਨਸ਼ਿਆਂ ਦਾ ਸੇਵਨ ਨੌਜਵਾਨਾਂ ਵਿੱਚ ਵਧੇਰੇ ਵਧ ਰਿਹਾ ਹੈ।

ਇਹ ਨਸ਼ੇ ਨੌਜਵਾਨ ਪੀੜ੍ਹੀ ਨੂੰ ਅੰਦਰੋਂ-ਅੰਦਰੀ ਖੁਣ ਵਾਂਗ ਖੋਖਲਾ ਕਰ ਰਹੇ ਹਨ। ਭਾਰਤ ਦੀ ਅਬਾਦੀ ਦਾ ਬਹੁਤ ਵੱਡਾ ਹਿੱਸਾ ਅੱਜ ਜਿੱਥੇ ਨਸ਼ੀਲੀਆਂ ਦਵਾਈਆਂ ਦਾ ਪ੍ਰਯੋਗ ਕਰ ਰਿਹਾ ਹੈੈ, ਉੱਥੇ ਹੀ ਅਜਿਹੇ ਲੋਕ ਪੂਰੀ ਤਰ੍ਹਾਂ ਨਸ਼ਿਆਂ ਦੇ ਗੁਲਾਮ ਹੋ ਚੁੱਕੇ ਹਨ। ਕੌਮੀ ਅਪਰਾਧ ਬਿਊਰੋ (ਐਨਸੀਬੀ ) ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਰ ਸਾਲ ਔਸਤ 6000 ਲੋਕ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਆਤਮ-ਹੱਤਿਆ ਕਰ ਰਹੇ ਹਨ। ਇਹ ਅੰਕੜੇ ਸੰਕੇਤ ਕਰਦੇ ਹਨ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ।ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੇ 70 ਫੀਸਦੀ ਮਾਮਲੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਦਨਾਮੀ ਦੇ ਡਰ ਕਾਰਨ ਆਤਮ-ਹੱਤਿਆ ਜਾਂ ਮਾਨਸਿਕ ਪਰੇਸ਼ਾਨੀ ਦਾ ਨਾਂਅ ਦਿੱਤਾ ਜਾਂਦਾ ਹੈ। ਬਹੁਤੇ ਮਾਮਲੇ ਤਾਂ ਪੁਲੀਸ ਪ੍ਰਸ਼ਾਸਨ ਕੋਲ ਪਹੁੰਚਦੇ ਹੀ ਨਹੀਂ ਇਸ ਲਈ ਆਖਿਆ ਜਾ ਸਕਦਾ ਹੈ ਕਿ ਇਹ ਅੰਕੜੇ ਹੋਰ ਵੀ ਵਧੇਰੇ ਭਿਆਨਕ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਪੰਜ ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਹਰ ਸਾਲ ਅਰਬਾਂ ਰੁਪਏ ਦਾ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ। ਇੰਡੀਅਨ ਕਾਊਂਸਲ ਮੈਡੀਕਲ ਰਿਸਰਚ ਵੱਲੋਂ ਕਰਵਾਏ ਸਰਵੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਸ਼ੇ ਦੀ ਪੂਰਤੀ ਲਈ ਹਰ ਰੋਜ਼ 300 ਤੋਂ 400 ਰੁਪਏ ਪ੍ਰਤੀ ਵਿਅਕਤੀ ਵੱਲੋਂ ਖਰਚ ਕੀਤੇ ਜਾ ਰਹੇ ਹਨ। ਇੱਕ ਗੈਰ-ਸਰਕਾਰੀ ਸੰਸਥਾ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕਈ ਕਰੋੜ ਰੁਪਏ ਦੀ ਡਰੱਗਸ ਦੀ ਖਪਤ ਹਰ ਸਾਲ ਹੋ ਰਹੀ ਹੈ।

ਪੰਜਾਬ ਵਿੱਚ ਹਰ ਮਹੀਨੇ 112 ਨੌਜਵਾਨ ਨਸ਼ਿਆਂ ਅੱਗੇ ਆਪਣੀ ਜ਼ਿੰਦਗੀ ਹਾਰ ਰਹੇ ਹਨ। ਇੱਕ ਹੀ ਸਿਰਿੰਜ ਨਾਲ ਡਰੱਗਸ ਲੈਣ ਦੀ ਵਜ੍ਹਾ ਕਾਰਨ ਨੌਜਵਾਨਾਂ ਵਿੱਚ ਐਚਆਈਵੀ, ਹੈਪੇਟਾਇਟਸ-ਸੀ ਅਤੇ ਹੈਪੇਟਾਇਟਸ-ਬੀ ਵਰਗੀਆਂ ਬਿਮਾਰੀਆਂ ਵੀ ਤੇਜੀ ਨਾਲ ਫੈਲ ਰਹੀਆਂ ਹਨ। ਪੰਜਾਬ ਵਿੱਚ ਐਚਆਈਵੀ ਦੇ ਮਰੀਜਾਂ ਦੀ ਗਿਣਤੀ ਵਿੱਚ ਪਿਛਲੇ 5 ਸਾਲਾਂ ਦੌਰਾਨ 30 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਪੰਜਾਬ ਵਿੱਚੋਂ ਹਰ ਸਾਲ ਕਰੀਬ 45 ਹਜ਼ਾਰ ਵਿਦਿਆਰਥੀਆਂ ਦਾ ਪੜ੍ਹਾਈ ਵੀਜ਼ੇ ’ਤੇ ਬਾਹਰ ਜਾਣ ਪਿੱਛੇ ਉਨ੍ਹਾਂ ਦੇ ਮਾਪਿਆਂ ਦਾ ਇੱਕ ਤਰਕ ਇਹ ਵੀ ਹੈ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਗਿ੍ਰਫ਼ਤ ਤੋਂ ਬਚ ਸਕਣ।

ਪਿਛਲੇ 10 ਸਾਲ ਦੇ ਅੰਕੜਿਆਂ ਅਨੁਸਾਰ ਇਕੱਲੇ ਪੰਜਾਬ ਵਿੱਚ ਹੀ 38 ਪ੍ਰਤੀਸ਼ਤ ਤੋਂ ਵਧ ਕੇ 78 ਪ੍ਰਤੀਸ਼ਤ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਨੌਜਵਾਨਾਂ ਵਿੱਚ ਇਹ ਰੁਝਾਨ ਮਾਨਸਿਕ ਪਰੇਸ਼ਾਨੀ ਕਾਰਨ ਨਿਰੰਤਰ ਵਧ ਰਿਹਾ ਹੈ। ਰੁਜ਼ਗਾਰ ਦੀ ਵੱਡੀ ਘਾਟ ਇਸ ਦਾ ਮੁੱਖ ਕਾਰਨ ਹੈ। ਨੌਜਵਾਨ ਵਰਗ ਦਾ ਲਗਾਤਾਰ ਗਲਤ ਦਿਸ਼ਾ ਵੱਲ ਨੂੰ ਜਾਣਾ ਬਿਲਕੁਲ ਵੀ ਸ਼ੁੱਭ-ਸੰਕੇਤ ਨਹੀਂ ਹੈ ਜਿਸ ਲਈ ਜ਼ਰੂਰੀ ਹੈ ਕਿ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਵਕਤ ਰਹਿੰਦੇ ਠੋਸ ਕਦਮ ਚੁੱਕੇ ਤਾਂ ਕਿ ਨਿਰੰਤਰ ਬਰਬਾਦੀ ਵੱਲ ਵਧ ਰਹੇ ਨੌਜਵਾਨ ਵਰਗ ਦੇ ਵੱਡੇ ਹਿੱਸੇ ਨੂੰ ਬਚਾਇਆ ਜਾ ਸਕੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ