ਹਥਿਆਰ ਕਦੇ ਪੰਜਾਬ ਦੀ ਜ਼ਰੂਰਤ ਹੁੰਦੇ ਸਨ ਨਾਦਰਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਪਤਾ ਨਹੀਂ ਕਿੰਨੇ ਹੀ ਹਮਲਾਵਰ ਦਗੜ-ਦਗੜ ਕਰਦੇ ਇਸ ਧਰਤੀ ਤੋਂ ਲੰਘਦੇ ਦੱਖਣ ਤੱਕ ਜਾ ਪਹੰੁਚਦੇ ਸਨ ਲੁਟੇਰੇ ਲੁੱਟ ਮਚਾਉਣ ਜਾਂਦਿਆਂ ਜਾਂ ਆਉਂਦਿਆਂ ਪੰਜਾਬ ਵੀ ਲੁੱਟਦੇ ਹਰ ਘਰ ’ਚ ਬਰਛੇ, ਗੰਡਾਸੇ, ਕਿਰਪਾਨਾਂ ਸਮੇਤ ਦਰਜਨਾਂ ਹਥਿਆਰ ਹੰੁਦੇ ਸਨ ਪਰ ਹੁਣ ਅਜ਼ਾਦ ਦੇਸ਼ ਹੈ ਜਿੱਥੇ ਮੱਧਕਾਲ ਵਾਂਗ ਹਥਿਆਰਾਂ ਦੀ ਜ਼ਰੂਰਤ ਨਹੀਂ ਪਰ ਜ਼ਰੂਰਤ ਦੀ ਥਾਂ ਸ਼ੌਂਕ ਜਾਂ ਸ਼ੁਹਰਤ ਨੇ ਲੈ ਲਈ ਹੈ ਇੱਕ-ਦੂਜੇ ਨੂੰ ਚਿੜਾਉਣ, ਨੀਵਾਂ ਦਿਖਾਉਣ ਲਈ ਅਸਲਾ ਸੋਸ਼ਲ ਮੀਡੀਆ ’ਤੇ ਵਿਖਾਇਆ ਜਾਂਦਾ ਹੈ l
ਛੋਟੇ-ਛੋਟੇ ਬੱਚੇ ਵੀ ਆਪਣੀਆਂ ਹਥਿਆਰਾਂ ਨਾਲ ਤਸਵੀਰਾਂ ਫੇਸਬੁੱਕ ’ਤੇ ਸਾਂਝੀਆਂ ਕਰਦੇ ਹਨ ਇਸ ਰੁਝਾਨ ਨੇ ਗੈਂਗਸਟਰਵਾਦ ਨੂੰ ਹੱਲਾਸ਼ੇਰੀ ਦਿੱਤੀ ਹੈ ਇੱਕ-ਦੂਜੇ ਧੜੇ ਨੂੰ ਡਰਾਉਣ-ਧਮਕਾਉਣ ਲਈ ਸੋਸ਼ਲ ਮੀਡੀਆ ’ਤੇ ਹਥਿਆਰਾਂ ਵਾਲੀਆਂ ਤਸਵੀਰਾਂ ਪਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਹਥਿਆਰਾਂ ਦੇ ਵਿਖਾਵੇ ਨੇ ਦੁਸ਼ਮਣੀਆਂ, ਗੁੱਸਾ ਤੇ ਬਦਲੇ ਦੀ ਭਾਵਨਾ ਨੂੰ ਵਧਾਇਆ ਜਿਸ ਦਾ ਨਤੀਜਾ ਕਤਲੋਗਾਰਤ ਨਿੱਕਲਿਆ ਹੈ ਤੰਗ ਸੋਚ ਵਾਲੇ ਅਤੇ ਫਿਰਕਾਪ੍ਰਸਤੀ ਲੋਕ ਇੱਕ-ਦੂਜੇ ਫਿਰਕੇ ਨੂੰ ਡਰਾਉਣ ਲਈ ਇਹੋ ਕੁਝ ਕਰ ਰਹੇ ਹਨ ਬੋਲ ਵੀ ਨਫ਼ਰਤ ਭਰੇ ਉਗਲੇ ਜਾ ਰਹੇ ਹਨ ਇਸ ਨਫ਼ਰਤ ਨੇ ਪੰਜਾਬ ਦੀ ਸੋਚ ਨੂੰ ਦਾਗੀ ਕਰ ਦਿੱਤਾ ਹੈ ਪੰਜਾਬੀ ਵਿਦੇਸ਼ੀ ਤਾਕਤਾਂ ਨਾਲ ਤਾਂ ਲੜਦੇ ਸਨ ਪਰ ਕਦੇ ਨਿਰਦੋਸ਼ ਨੂੰ ਨਹੀਂ ਡਰਾਉਂਦੇ ਸਨ, ਨਿਰਦੋਸ਼ਾਂ ਦੀ ਰੱਖਿਆ ਕਰਦੇ ਸਨ l
ਆਤਮ-ਰੱਖਿਆ ਲਈ ਹਥਿਆਰ ਅੱਜ ਵੀ ਜਾਇਜ਼ ਹੈ ਪਰ ਕਿਸੇ ਨੂੰ ਡਰਾਉਣਾ ਪੰਜਾਬੀਅਤ ਦੀ ਭਾਵਨਾ ਦੇ ਖਿਲਾਫ ਹੈ ਅਸਲ ’ਚ ਪੰਜਾਬੀ ਸੱਭਿਆਚਾਰ ਭਾਈਚਾਰਕ ਸਾਂਝ, ਪਿਆਰ ਅਤੇ ਮਿਲਵਰਤਣ ਵਰਗੇ ਮੁੱਲਾਂ ਦੀਆਂ ਨੀਂਹਾਂ ’ਤੇ ਉੱਸਰਿਆ ਸੱਭਿਆਚਾਰ ਹੈ ਏਥੇ ਏਕੇ ਦੀ ਗੱਲ ਹੁੰਦੀ ਸੀ, ਸਭ ਨੂੰ ਗਲ਼ ਨਾਲ ਲਾਉਣ ਦੀ ਗੱਲ ਸੀ ਨਫਰਤ ਦੀਆਂ ਹਨ੍ਹੇਰੀਆਂ ਵਗਣ ਦੇ ਬਾਵਜ਼ੂਦ ਪੰਜਾਬੀਆਂ ਨੇ ਆਪਣੀ ਹੋਂਦ ਨੂੰ ਮੁੜ ਜੀਵਤ ਕੀਤਾ ਹੈ ਗੁਰੂ ਸਾਹਿਬਾਨਾਂ, ਪੀਰ-ਫਕੀਰਾਂ ਦਾ ਪੰਜਾਬ ਪਿਆਰ ਤੇ ਭਾਈਚਾਰੇ ਦਾ ਪੰਜਾਬ ਹੈ 21ਵੀਂ ਸਦੀ ’ਚ ਪੰਜਾਬੀ ਸਿਰਫ਼ ਕਿਸਾਨ ਜਾਂ ਜੰਗਜੂ ਨਹੀਂ ਰਹਿ ਗਏ ਸਗੋਂ ਪ੍ਰਬੁੱਧ ਵਕੀਲ, ਜੱਜ, ਅਧਿਆਪਕ, ਵਿਗਿਆਨੀ, ਇੰਜੀਨੀਅਰ, ਅਰਥਸ਼ਾਸਤਰੀ ਬਣ ਕੇ ਪੂਰੀ ਦੁਨੀਆ ’ਚ ਆਪਣੀ ਪਛਾਣ ਬਣਾ ਚੁੱਕੇ ਹਨ l
ਪੰਜਾਬੀਅਤ ਦਾ ਸੰਕਲਪ ਮਾਨਵਤਾ ਦੀ ਸੇਵਾ ਹੈ ਅੱਜ ਪੰਜਾਬ ਦੀ ਬੇੜੀ ਨੂੰ ਬੰਨੇ ਲਾਉਣ ਲਈ ਖੇਤੀ ਵਿਗਿਆਨਕ ਸੂਝ ਅਪਣਾਉਣ, ਦਰਿਆਵਾਂ ਨੂੰ ਪ੍ਰਦੂਸ਼ਣ ਰਹਿਤ ਕਰਨ, ਸਿੱਖਿਆ ਨੂੰ ਗੁਣਵੱਤਾ ਪੂਰਨ ਬਣਾਉਣ ਦੀ ਜ਼ਰੂਰਤ ਹੈ, ਪੰਜਾਬੀ ਵਿਆਹਾਂ ਤੇ ਭੋਗਾਂ ਦੇ ਖਰਚਿਆਂ ਸਮੇਤ ਹੋਰ ਵਿਖਾਵੇ ਦੀ ਰੁਚੀ ਕਾਰਨ ਕਰਜਾਈ ਹੋ ਰਹੇ ਹਨ ਪੰਜਾਬੀਆਂ ਨੂੰ ਨਾ ਸਿਰਫ਼ ਸਿਆਸੀ ਚੇਤਨਾ ਸਗੋਂ ਸਮਾਜਿਕ ਚੇਤਨਾ ਦੀ ਵੀ ਜ਼ਰੂਰਤ ਹੈ ਪੰਜਾਬ ਅੰਦਰ ਮਹਿੰਗੇ ਹੋਟਲ, ਮਹਿੰਗੇ ਹਸਪਤਾਲ, ਆਲੀਸ਼ਾਨ ਕੋਠੀਆਂ ਤਾਂ ਬਣ ਰਹੀਆਂ ਹਨ ਪਰ ਸਕੂਲਾਂ ਦੀਆਂ ਇਮਾਰਤਾਂ ਫਿੱਕੀਆਂ ਪੈ ਰਹੀਆਂ ਹਨ ਜ਼ਰੂਰਤ ਹੈ ਚੇਤਨਾ ਦਾ ਹਥਿਆਰ ਚੁੱਕਣ ਦੀ ਤਾਂ ਕਿ ਕੁਦਰਤੀ ਵਸੀਲਿਆਂ ਨਾਲ ਭਰਪੂਰ ਸੂਬਾ ਕੰਗਾਲ ਤੇ ਬਿਮਾਰ ਨਾ ਬਣਿਆ ਰਹੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ