ਬੱਚਿਆਂ ਵਿੱਚ ਵਧ ਰਹੀ ਹਮਲਾਵਰਤਾ ਇੱਕ ਵੱਡੀ ਚੁਣੌਤੀ

Aggression

ਇੰਟਰਨੈੱਟ ਦੀ ਦੁਨੀਆਂ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮਨੋਦਸ਼ਾ ਨੂੰ ਹਮਲਾਵਰ ਬਣਾ ਦਿੱਤਾ ਹੈ। ਕੌੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ ’ਚ ਬਜ਼ੁਰਗਾਂ ਦੀ ਅਹਿਮੀਅਤ ਖਤਮ ਜਿਹੀ ਹੋ ਗਈ ਹੈ। ਛੋਟੇ ਪਰਿਵਾਰਾਂ ਤੋਂ ਬਾਦ ਬਣੇ ਕੰਮਕਾਜੀ ਇਕੱਲੇ ਪਰਿਵਾਰਾਂ ’ਚ ਮਾਂ-ਬਾਪ ਵੀ ਹੁਣ ਬੱਚਿਆਂ ਦੇ ਬਚਪਨ ਤੋਂ ਗਾਇਬ ਹੋ ਰਹੇ ਹਨ। ਅਜਿਹੇ ਇਕੱਲੇ ਵਾਤਾਵਰਨ ’ਚ ਬੱਚੇ ਆਪਣੇ ਮਨੋਰੰਜਨ ਦੀਆਂ ਚੀਜ਼ਾਂ ਦੀ ਚੋਣ ਲਈ ਅਜਾਦ ਹੋ ਗਏ ਹਨ। ਇੰਟਰਨੈੱਟ ਦੀ ਦੁਨੀਆਂ ਨੇ ਬੱਚਿਆਂ ਅਤੇ ਨੌਜਵਾਨਾਂ ਦੇ ਮਨਾਂ ਨੂੰ ਉਤੇਜਿਤ ਬਣਾ ਦਿੱਤਾ ਹੈ। ਇਸ ਸੰਦਰਭ ਨੂੰ ਪ੍ਰਮਾਣ ਦੇਣ ਵਾਲੀਆਂ ਘਟਨਾਵਾਂ ਅਕਸਰ ਦੇਖਣ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਮੋਬਾਇਲ, ਇੰਟਰਨੈੱਟ ਆਦਿ ਦੀ ਲੱਤ ਦੇ ਸ਼ਿਕਾਰ ਬੱਚੇ ਤੱਕ ਦਹਿਲਾ ਦੇਣ ਵਾਲੇ ਅਪਰਾਧ ਕਰ ਬੈਠਦੇ ਹਨ।

ਮੋਬਾਇਲ ਇਸਤੇਮਾਲ ਕਰਨ ਅਤੇ ਪਬਜੀ ਜਿਹੀਆਂ ਹਿੰਸਕ ਖੇਡਾਂ ਖੇਡਣ ਤੋਂ ਰੋਕਣ ਜਿਹੀਆਂ ਗੱਲਾਂ ’ਤੇ ਹੀ ਬੱਚੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਜਾਂ ਖੁਦਕੁਸ਼ੀ ਜਿਹਾ ਆਤਮਘਾਤੀ ਕਦਮ ਚੱੁਕ ਲੈਂਦੇ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਤੇਜੀ ਨਾਲ ਵਧ ਰਹੀਆਂ ਹਨ। ਕੁਝ ਸਮਾਂ ਪਹਿਲਾਂ ਲਖਨਊ ’ਚ 16 ਸਾਲ ਦੇ ਇੱਕ ਲੜਕੇ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ। ਕਾਰਨ ਪਤਾ ਲੱਗਾ ਕਿ ਉੁਹ ਉਸ ਨੂੰ ਮੋਬਾਇਲ ’ਤੇ ਪਬਜੀ ਗੇਮ ਖੇਡਣ ਤੋਂ ਮਨ੍ਹਾ ਕਰਦੀ ਸੀ। ਇਹ ਲੜਕਾ ਦਸਵੀਂ ਕਲਾਸ ਦਾ ਵਿਦਿਆਰਥੀ ਸੀ। ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਇੰਟਰਨੈੱਟ ਰਾਹੀਂ ਉੱਭਰਦੀ ਇਸ ਹਿੰਸਾ ਦੇ ਸਮਾਜ ਸ਼ਾਸਤਰ ਨੂੰ ਸਮਾਂ ਰਹਿੰਦੇ ਸਮਝਣ ਅਤੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ। ਅਜਿਹੀਆਂ ਘਟਨਾਵਾਂ ਪਰਿਵਾਰ, ਸਮਾਜ ਅਤੇ ਸਮਾਜਿਕ ਤਾਣੇ-ਬਾਣੇ ’ਤੇ ਸਵਾਲ ਖੜ੍ਹਾ ਕਰਦੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਲੱਗਦਾ ਹੈ ਕਿ ਬੱਚਿਆਂ ਦੇ ਸਮਾਜੀਕਰਨ ’ਚ ਆਪਣਾ ਅਹਿਮ ਰੋਲ ਨਿਭਾਉਣ ਵਾਲੇ ਪਰਿਵਾਰ ਅਤੇ ਸਕੂਲ ਜਿਹੀਆਂ ਸੰਸਥਾਵਾਂ ਦੀ ਜਿੰਮੇਵਾਰੀ ਕਿਤੇ ਨਾ ਕਿਤੇ ਸਿਮਟਦੀ ਜਾ ਰਹੀ ਹੈ।

ਇਸ ਦਾ ਅਸਰ ਇਹ ਹੋਇਆ ਕਿ ਬੱਚੇ ਆਪਣੀ ਦੁਨੀਆਂ ਅਲੱਗ ਸਿਰਜਦੇ ਜਾ ਰਹੇ ਹਨ। ਸੱਚਾਈ ਇਹ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਕੰਪਿਊਟਰ ਅਤੇ ਇੰਟਰਨੈੱਟ ਸੂਚਨਾਵਾਂ ਨੇ ਇੱਕ ਸੰਵੇਦਨਹੀਣ ਸਮਾਜ ਘੜ ਦਿੱਤਾ ਹੈ। ਅੱਜ ਇੰਟਰਨੈੱਟ ’ਤੇ ਉਪਲੱਬਧ ਅਲੱਗ-ਅਲੱਗ ਹਿੰਸਕ ਖੇਡਾਂ ਦੇ ਸਾਹਮਣੇ ਸਾਡੇ ਦਿਮਾਗ ਨੂੰ ਤਰੋਤਾਜਾ ਰੱਖਣ ਵਾਲੀਆਂ ਸਮਾਜਿਕ ਅਤੇ ਵਿੱਦਿਅਕ ਗਤੀਵਿਧੀਆਂ ਸਮਾਜ ਵਿਚੋਂ ਗਾਇਬ ਕਿਉਂ ਹੁੰਦੀਆਂ ਜਾ ਰਹੀਆਂ ਹਨ। ਲਗਾਤਾਰ ਫੈਲ ਰਹੀ ਇਹ ਅਭਾਸੀ ਦੁਨੀਆਂ ਅੱਜ ਇੱਕ ਬਿਮਾਰੀ ਦੀ ਸ਼ਕਲ ਕਿਉਂ ਲੈਂਦੀ ਜਾ ਰਹੀ ਹੈ? ਸਕੂਲਾਂ ’ਚ ਪੜ੍ਹਨ-ਪੜ੍ਹਾਉਣ ਦੀ ਸਮੱਗਰੀ ਅਤੇ ਅਧਿਆਪਕਾਂ ਦੀ ਮੌਜ਼ੂਦਗੀ ਦੇ ਬਾਵਜੂਦ ਵੀ ਇੰਟਰਨੈੱਟ ਨਾਲ ਜੁੜੀਆਂ ਗੇਮਾਂ ਹਿੰਸਾ ਦੀ ਹੱਦ ਕਿਉਂ ਪਾਰ ਕਰ ਜਾਂਦੀਆਂ ਹਨ? ਤਕਨੀਕ ਅਤੇ ਡਿਜ਼ੀਟਲ ਸਮਾਜ ਦੀ ਤਰੱਕੀ ਦੇ ਇਸ ਮਾਇਆਜਾਲ ’ਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਲਾਜ਼ਮੀ ਹੋ ਗਏ ਹਨ। ਕੌੜੀ ਸੱਚਾਈ ਇਹ ਹੈ ਕਿ ਪਰਿਵਾਰ ਦੇ ਵਖਰੇਵੇਂ ਨਾਲ ਬੱਚਿਆਂ ਦਾ ਬਚਪਨ ਸਭ ਤੋਂ ਜਿਆਦਾ ਪ੍ਰਭਾਵਿਤ ਹੋੋਇਆ ਹੈ।

ਦਾਦਾ-ਦਾਦੀ, ਨਾਨਾ-ਨਾਨੀ ਦੀ ਦੇਖ-ਰੇਖ ’ਚ ਪਲਣ ਵਾਲਾ ਬਚਪਨ ਹੁਣ ਕੰਪਿਊਟਰ, ਇੰਟਰਨੈੱਟ, ਟੀ. ਵੀ. ਅਤੇ ਵੀਡੀਓ ਗੇਮ ਜਿਹੇ ਸੰਚਾਰ ਸਾਧਨਾਂ ਦੇ ਅਧੀਨ ਪਲ ਰਿਹਾ ਹੈ। ਅੱਜ ਆਰਥਿਕ ਦਬਾਅ ਦੇ ਚੱਲਦਿਆਂ ਮਾਪਿਆਂ ਨੂੰ ਐਨੀ ਫੁਰਸਤ ਹੀ ਨਹੀਂ ਹੈ ਕਿ ਜੋ ਉਸ ਨੂੰ ਦੱਸ ਸਕਣ ਕਿ ਉਸ ਦੀ ਜ਼ਿੰਦਗੀ ’ਚ ਸਕਾਰਾਤਮਕਤਾ ਅਤੇ ਉਪਯੋਗੀ ਚੀਜ਼ਾਂ ਦੀ ਚੋਣ ਕਰਨ ਲਈ ਕਿਸ ਦਿਸ਼ਾ ਵੱਲ ਆਪਣਾ ਰੁਝਾਨ ਕਰਨਾ ਹੈ। ਮੌਜੂਦਾ ਸਮੇਂ ਦਾ ਕੌੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ ’ਚ ਬਜ਼ੁਰਗਾਂ ਦਾ ਅਹਿਮ ਰੋਲ ਖ਼ਤਮ ਜਿਹਾ ਹੋ ਗਿਆ ਹੈ। ਤੱਥ ਦੱਸਦੇ ਹਨ ਕਿ ਅੱਜ ਦੇਸ਼-ਦੁਨੀਆਂ ’ਚ ਆਨਲਾਈਨ ਗੇਮਾਂ ਦਾ ਵਿਸ਼ਵ ਪੱਧਰੀ ਕਾਰੋਬਾਰ 37 ਅਰਬ ਡਾਲਰ ਤੋਂ ਵੀ ਜਿਆਦਾ ਦਾ ਰਿਹਾ ਹੈ। ਸਾਲ 2025 ਤੱਕ ਇਸ ਦੇ 120 ਅਰਬ ਡਾਲਰ ਤੋਂ ਵੀ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ।

ਆਨਲਾਈਨ ਗੇਮਾਂ ਖੇਡਣ ਵਾਲਿਆਂ ਦੀ ਗਿਣਤੀ ਨਾਲ ਜੁੜੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਕਾਲ ’ਚ ਇਨ੍ਹਾਂ ਦੀ ਗਿਣਤੀ 35 ਕਰੋੜ ਦੇ ਕਰੀਬ ਸੀ, ਜੋ ਇਸ ਸਾਲ ਦੇ ਅੰਤ ਤੱਕ 50 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ ’ਚ ਚੀਨ ਦੀਆਂ 100 ਤੋਂ ਜ਼ਿਆਦਾ ਐਪਲੀਕੇਸ਼ਨਜ਼ ’ਤੇ ਬੈਨ ਲਾਇਆ ਹੈ, ਪਰ ਇਸ ਦੇ ਬਾਵਜੂਦ ਨਾਂਅ ਬਦਲ-ਬਦਲ ਕੇ ਇਹ ਹਿੰਸਕ ਖੇਡਾਂ ਆਪਣੇ ਕਰਤਬ ਦਿਖਾਉਣ ਤੋਂ ਬਾਜ ਨਹੀਂ ਆ ਰਹੀਆਂ ਹਨ। ਅੱਜ ਜਿਸ ਹਿੰਸਾ ਦਾ ਇਸਤੇਮਾਲ ਬੱਚੇ ਆਪਣੇ ਦੋਸਤਾਂ, ਸਹਿਪਾਠੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਕਰ ਰਹੇ ਹਨ, ਉਹ ਯਕੀਨਨ ਹੀ ਉਨ੍ਹਾਂ ਦੀ ਸਹਿਣਸ਼ਕਤੀ ਦੇ ਕਮਜ਼ੋਰ ਹੋਣ ਅਤੇ ਉਨ੍ਹਾਂ ਦੀ ਕਰੋਧੀ ਸ਼ਖਸੀਅਤ ਦਾ ਪ੍ਰਤੀਬਿੰਬ ਹੈ। ਪਹਿਲਾਂ ਪਰਿਵਾਰ, ਅਧਿਆਪਕ ਅਤੇ ਸਿੱਖਿਆ ਦਾ ਸੁਮੇਲ ਬੱਚਿਆਂ ਦੀ ਸ਼ਖਸੀਅਤ ਲਈ ਸੁਰੱਖਿਆ ਕਵਚ ਦਾ ਕੰਮ ਕਰਦੇ ਸਨ ਪਰ ਲੱਗਦਾ ਹੈ ਕਿ ਹੁਣ ਉਹ ਕਵਚ ਕਮਜ਼ੋਰ ਹੁੰਦਾ ਜਾ ਰਿਹਾ ਹੈ।

ਸੰਚਾਰ ਸਾਧਨਾਂ ਨੇ ਤਾਂ ਬੱਚਿਆਂ ਦੀ ਕਲਪਨਾ ਅਤੇ ਉਨ੍ਹਾਂ ਦੇ ਯਥਾਰਥ ’ਚ ਘਾਲਮੇਲ ਕਰਦੇ ਹੋਏ ਗੱੁਸੇ, ਚਿੜਚਿੜੇਪਣ ਅਤੇ ਹਿੰਸਾ ਨੂੰ ਅੱਗੇ ਲਿਆ ਕੇ ਉਸ ਨੂੰ ਜ਼ਿੰਦਗੀ ਦਾ ਮਕਸਦ ਜਾਂ ਟੀਚਾ ਹਾਸਲ ਕਰਨ ਦਾ ਸਾਧਨ ਬਣਾ ਦਿੱਤਾ ਹੈ। ਹਿੰਸਾ ਹੁਣ ਬੱਚਿਆਂ ਦੀ ਆਮ ਜਿੰਦਗੀ ਦਾ ਹਿੱਸਾ ਬਣਦੀ ਜਾ ਰਹੀ ਹੈ। ਸੰਜਮ, ਸਹਿਣਸ਼ੀਲਤਾ, ਹਮਦਰਦੀ ਅਤੇ ਅਹਿੰਸਾ ਜਿਹੀਆਂ ਕਦਰਾਂ-ਕੀਮਤਾਂ ਆਪਣੀ ਅਹਿਮੀਅਤ ਲਗਾਤਾਰ ਗਵਾਉਂਦੀਆਂ ਪ੍ਰਤੀਤ ਹੋ ਰਹੀਆਂ ਹਨ। ਮੰਜ਼ਿਲ ਪ੍ਰਾਪਤੀ ’ਚ ਦੇਰੀ ਬੱਚਿਆਂ ਲਈ ਸਹਿਣ ਕਰਨੀ ਮੁਸ਼ਕਲ ਹੋ ਰਹੀ ਹੈ। ਪਰਿਵਾਰਾਂ ’ਚ ਬੱਚੇ ਘਰ ਵਾਲਿਆਂ ਤੋਂ ਅਲੱਗ ਹੋਣ ਦੀ ਮੰਗ ਕਰ ਰਹੇ ਹਨ। ਇਹੋ ਕਾਰਨ ਹੈ ਕਿ ਪਰਿਵਾਰ ’ਚ ਟੋਕ-ਟਕਾਈ ਤੱਕ ਬੱਚਿਆਂ ਦੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਬੱਚਿਆਂ ਨੂੰ ਹਿੰਸਾ ਦੀ ਗਿ੍ਰਫ਼ਤ ’ਚੋਂ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ।

ਇਸ ਤੋਂ ਇਲਾਵਾ ਬੱਚਿਆਂ ’ਚ ਹਿੰਸਕ ਪ੍ਰਵਿਰਤੀ ਨੂੰ ਘੱਟ ਕਰਦੇ ਹੋਏ ਮਾਪੇ ਉਨ੍ਹਾਂ ਨਾਲ ਨਜ਼ਦੀਕੀ ਅਤੇ ਸੰਵਾਦ ਸਥਾਪਿਤ ਕਰਨ ਦੇ ਯਤਨ ਲਗਾਤਾਰ ਜਾਰੀ ਰੱਖਣ। ਧਿਆਨ ਰਹੇ ਕਿ ਬੱਚਿਆਂ ਦੀ ਜ਼ਿੰਦਗੀ ਦਾ ਇਕੱਲਾਪਣ ਉਨ੍ਹਾਂ ਨੂੰ ਭਟਕਣ ਵਾਲੇ ਤਰ੍ਹਾਂ-ਤਰ੍ਹਾਂ ਦੇ ਵਿਚਾਰਾਂ ਲਈ ਉਕਸਾਉਂਦਾ ਹੈ। ਬੱਚਾ ਜੋ ਕਹਿਣਾ ਚਾਹੁੰਦਾ ਹੈ, ਮਾਪਿਆਂ ਦੇ ਨਾਲ-ਨਾਲ ਸਕੂਲ ’ਚ ਵੀ ਉਸ ਦੀ ਗੱਲ ਨੂੰ ਠੀਕ ਤਰੀਕੇ ਨਾਲ ਸੁਣਿਆ ਜਾਵੇ। ਬੱਚੇ ਦੇ ਸਕੂਲ ਜਾਂ ਪਰਿਵਾਰ ’ਚ ਉਸ ਦੇ ਲੋੜ ਤੋਂ ਵੱਧ ਸ਼ਾਂਤ ਰਹਿਣ ਅਤੇ ਅਲੱਗ -ਅਲੱਗ ਰਹਿਣ ਦੀ ਦਸ਼ਾ ’ਚ ਵੀ ਉਸ ਦੀ ਸੁਣਵਾਈ ਠੀਕ ਢੰਗ ਨਾਲ ਹੋਵੇ ਅਤੇ ਉਸ ਨਾਲ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਸਕਾਰਾਤਮਕ ਸੰਵਾਦ ਕਰਨ ਲਈ ਜ਼ਰੀਏ ਤਲਾਸ਼ੇ ਜਾਣ। ਇਨ੍ਹਾਂ ਛੋਟੇ-ਛੋਟੇ ਯਤਨਾਂ ਨਾਲ ਹੀ ਬੱਚਿਆਂ ਨੂੰ ਅਭਾਸੀ ਅਤੇ ਹਿੰਸਕ ਦੁਨੀਆਂ ਦੀਆਂ ਚੁਣੌਤੀਆਂ ਤੋਂ ਬਚਾਇਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ