ਅਮਨ ਕਾਨੂੰਨ ਤੇ ਸਾਂਝੀਵਾਲਤਾ ਦੀ ਰਾਖੀ ਲਈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ : ਅਰਸ਼ੀ

ਅਮਨ ਕਾਨੂੰਨ ਤੇ ਸਾਂਝੀਵਾਲਤਾ ਦੀ ਰਾਖੀ ਲਈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ : ਅਰਸ਼ੀ

ਮਾਨਸਾ, (ਸੁਖਜੀਤ ਮਾਨ) | ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਪੀਆਈ ਜ਼ਿਲ੍ਹਾ ਕੌਂਸਲ ਮੀਟਿੰਗ ਮੌਕੇ ਸੀਪੀਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਅੰਦਰ ਫਿਰਕੂ ਸਿਆਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਆਬੋ-ਹਵਾ ’ਚ ਜ਼ਹਿਰ ਦਾ ਪਸਾਰਾ ਕਰਕੇ ਮੁੜ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਫਿਰਕੂ ਜਨੂੰਨੀ ਤਾਕਤਾਂ ਤੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਵਿਉਂਤੇ ਨਵੇਂ ਸਿਆਸੀ ਪ੍ਰੋਜੈਕਟ ਤਹਿਤ ਸੂਬੇ ਅੰਦਰ ਪਾਟਕ ਪਾਊ ਤਾਕਤਾਂ ਮੁੜ ਸਰਗਰਮ ਹੋ ਗਈਆਂ ਹਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਤੇ ਸਾਂਝੀਵਾਲਤਾ ਦੀ ਰਾਖੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੰਜਾਬ ਦੀ ਸਦਭਾਵਨਾ ਮਾਨਵ ਜਾਤੀ ਦੀ ਆਪਸੀ ਸਾਂਝ ਨੂੰ ਬਰਕਰਾਰ ਰੱਖਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਸੱਚ ਦੇ ਮਾਰਗ ’ਤੇ ਚੱਲਣ ਲਈ ਮਲਕ ਭਾਗੋਆਂ ਦੇ ਖਿਲਾਫ਼ ਮੁਹਿੰਮ ਨੂੰ ਤੇਜ ਕਰਨਾ ਹੋਵੇਗਾ ਅਤੇ ਭਾਈ ਲਾਲੋਆਂ ਦੀ ਜਮਾਤ ’ਤੇ ਹੋ ਰਿਹਾ ਅੱਤਿਆਚਾਰ ਤੇ ਕਿਰਤ ਦੀ ਲੁੱਟ ਨੂੰ ਰੋਕਣ ਲਈ ਲਾਮਬੰਦ ਕਰਨਾ ਸਮੇਂ ਦੀ ਮੁੱਖ ਮੰਗ ਹੈ। ਅਰਸ਼ੀ ਨੇ ਪਾਰਟੀ ਦੀ 24ਵੀਂ ਪਾਰਟੀ ਕਾਂਗਰਸ ਵਿਜੇਵਾੜਾ ਦੀ ਰਿਪੋਰਟ ਪੇਸ਼ ਕੀਤੀ ਅਤੇ ਅਮਲ ਵਿੱਚ ਵਰਕਿੰਗ ਕਲਾਸ ਤੱਕ ਲੈ ਕੇ ਜਾਣ ਅਤੇ ਪਾਰਟੀ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।

ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਦਿਆਂ ਅਗਲੇ ਕੰਮਾਂ ਨੂੰ ਅਮਲ ਵਿੱਚ ਲਾਗੂ ਕਰਨ ਦੀ ਅਪੀਲ ਕਰਦਿਆਂ ਕਿਸਾਨ ਮੋਰਚੇ ਵੱਲੋਂ 19 ਅਤੇ 26 ਨਵੰਬਰ ਦੇ ਪ੍ਰੋਗਰਾਮ ਦੀ ਸਫ਼ਲਤਾ ਲਈ ਵੱਡੀ ਗਿਣਤੀ ਵਿੱਚ ਪੁੱਜਣ ਦੀ ਗੱਲ ਕੀਤੀ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ 30 ਨਵੰਬਰ ਨੂੰ ਕੀਤੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਵਰਕਰਾਂ ਦੀ ਡਿਊਟੀ ਲਾਈ ਗਈ ਇਸ ਤੋਂ ਇਲਾਵਾ 28-29 ਨਵੰਬਰ ਨੂੰ ਮਾਨਸਾ ਅਤੇ ਬੁਢਲਾਡਾ ਜਨਰਲ ਬਾਡੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਸਮੇਂ ਮੁਜਾਰਾ ਲਹਿਰ ਦੇ ਮੋਢੀ ਕਾਮਰੇਡ ਧਰਮ ਸਿੰਘ ਫੱਕਰ ਅਤੇ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਦੀ ਬਰਸੀ 5 ਦਸੰਬਰ ਨੂੰ ਦਲੇਲ ਸਿੰਘ ਵਾਲਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਮਨਪ੍ਰੀਤ ਫਰੀਦਕੇ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਵਿਸ਼ੇਸ਼ ਮਤਿਆਂ ਰਾਹੀਂ ਮੰਗ ਕੀਤੀ ਕਿ ਨਰਮਾ ਖਰਾਬੇ ਦਾ ਕਿਸਾਨਾਂ ਅਤੇ ਮਜਦੂਰਾਂ ਨੂੰ ਮੁਆਵਜ਼ਾ ਮੁਕੰਮਲ ਰੂਪ ਵਿੱਚ ਦਿੱਤਾ ਜਾਵੇ, ਦਿਨੋਂ-ਦਿਨ ਨਿਘਰ ਰਹੀ ਪੰਜਾਬ ਦੀ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਵਿੱਚ ਡਿੱਗ ਰਹੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਠੀਕ ਰੱਖਣ ਅਤੇ ਸ਼ਰਾਰਤੀ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ।

ਮਤੇ ਰਾਹੀਂ ਇਹ ਵੀ ਮੰਗ ਕੀਤੀ ਕਿ ਕਣਕ ਦੀ ਬਿਜਾਈ ਦੇ ਆਰੰਭ ਦੌਰਾਨ ਨਹਿਰਾਂ ਦੀ ਬੰਦੀ ਅਤੇ ਡੀਏਪੀ ਦੀ ਨਿਰਵਘਨ ਸਪਲਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ, ਇਸ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਗਈ। ਪ੍ਰੋਗਰਾਮ ਦੌਰਾਨ ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਮਨਜੀਤ ਗਾਮੀਵਾਲਾ, ਅਰਵਿੰਦਰ ਕੌਰ, ਕਾਕਾ ਸਿੰਘ, ਮਲਕੀਤ ਮੰਦਰਾਂ, ਸੁਖਰਾਜ ਜੋਗਾ, ਕਪੂਰ ਸਿੰਘ ਕੋਟ ਲੱਲੂ, ਬੰਬੂ ਸਿੰਘ ਅਤੇ ਕਿਰਨਾ ਰਾਣੀ ਸਾਬਕਾ ਕੌਂਸਲਰ ਤੋਂ ਇਲਾਵਾ ਸਾਥੀਆਂ ਨੇ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ