(ਕਾਲ਼ਾ ਸ਼ਰਮਾ) ਭਦੌੜ। ਇੱਕ ਪਾਸੇ ਜਿੱਥੇ ਧਰਮਾਂ ਦੇ ਨਾਂਅ ’ਤੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸਾਂ ਤੇ ਕਤਲੋਗਾਰਤ ਕੀਤੀ ਜਾ ਰਹੀ ਹੈ ਉਥੇ ਹੀ ਕਸਬਾ ਭਦੌੜ ’ਚ ਵਸਦੇ ਵੱਖ-ਵੱਖ ਧਰਮਾਂ ਦੇ ਲੋਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਏਕਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰ ਰਹੇ ਹਨ। ਜਿਸ ਤਹਿਤ ਕਸਬੇ ’ਚ ਇੱਕ ਬਜ਼ੁਰਗ ਮੁਸਲਿਮ ਦੀ ਅੰਤਿਮ ਅਰਦਾਸ ਮੌਕੇ ਹਿੰਦੂਆਂ ਵੱਲੋਂ ਦਿੱਤੀ ਜਗ੍ਹਾ ’ਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਰਤਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਮੁਸਲਿਮ ਭਾਈਚਾਰੇ ਦੇ ਮਿਹਰਦੀਨ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਲੰਘੇ ਕੱਲ੍ਹ ਮਿਹਰਦੀਨ ਦੇ ਹੱਕ ’ਚ ਕੁਰਾਨ ਸ਼ਰੀਫ ਦਾ ਖਤਮ (ਸ਼ਰਧਾਜ਼ਲੀ ਸਮਾਗਮ) ਹਿੰਦੂ ਧਰਮ ਨਾਲ ਸਬੰਧਿਤ ਸਥਾਨਕ ਵਿਧਾਤਾ ਰੋਡ ’ਤੇ ਸਥਿੱਤ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਦੇ ਸ਼ਾਂਤੀ ਹਾਲ ਵਿਖੇ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਗਮ ’ਚ ਰਸਮਾਂ ਮੌਲਵੀ ਮੀਆਂ ਅਕਰਮ ਵੱਲੋਂ ਪੂਰੀਆਂ ਕੀਤੀਆਂ ਗਈਆਂ। ਜਦੋਂਕਿ ਸਮਾਗਮ ਦੌਰਾਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਿੱਖ ਧਰਮ ਨਾਲ ਸਬੰਧਿਤ ਰਾਗੀ ਜਥੇ ਬਲਵੀਰ ਸਿੰਘ ਧੂਰਕੋਟ ਵਾਲਿਆਂ ਵੱਲੋਂ ਕੀਤਾ ਗਿਆ। ਮੁਸਲਿਮ ਧਰਮ ਦੇ ਮਿਹਰਦੀਨ ਦੀਆਂ ਅੰਤਿਮ ਰਸਮਾਂ ਮੌਕੇ ਵੱਖ-ਵੱਖ ਧਰਮਾਂ ਵੱਲੋਂ ਦਿਖਾਈ ਗਈ ਏਕਤਾ ਦੀਆਂ ਕਸਬੇ ਅੰਦਰ ਚਰਚਾਵਾਂ ਚੱਲ ਰਹੀਆਂ ਹਨ।
ਉਕਤ ਸਮਾਗਮ ਦੀ ਸਮਾਜ ਸੇਵੀ ਪਰਮਜੀਤ ਸਿੰਘ ਤਲਵਾੜ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੁਨੀਆਂ ਤੋਂ ਇੱਕ ਦਿਨ ਸਭ ਨੇ ਜਾਣਾ ਹੈ ਪ੍ਰੰਤੂ ਕੁੱਝ ਲੋਕਾਂ ਦਾ ਦੁਨੀਆਂ ਤੋਂ ਜਾਣਾ ਯਾਦਗਾਰੀ ਬਣ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਦੌੜ ਨਿਵਾਸੀ ਮਿੱਠੂ ਖਾਂ, ਕਾਲਾ ਖਾਂ ਅਤੇ ਲੈਕਚਰਾਰ ਨੀਲੂ ਖਾਨ ਦੇ ਪਿਤਾ ਮਿਹਰਦੀਨ ਜੋ ਲੰਘੀ 2 ਤਾਰੀਖ ਨੂੰ ਦੁਨੀਆਂ ਤੋਂ ਰੁਖ਼ਸਤ ਹੋਏ, ਦੀਆਂ ਅੰਤਿਮ ਰਸਮਾਂ ਮੌਕੇ ਮੁਸਲਿਮ ਭਾਈਚਾਰੇ ਨਾਲ ਖੜ੍ਹ ਕੇ ਹਿੰਦੂਆਂ ਤੇ ਸਿੱਖਾਂ ਵੱਲੋਂ ਦਿਖਾਈ ਏਕਤਾ ਕਾਬਿਲੇ ਤਾਰੀਫ਼ ਹੈ।
ਧਰਮਾਂ ਦੀ ਸਿੱਖਿਆ ਨੂੰ ਅਮਲੀ ਰੂਪ ’ਚ ਗ੍ਰਹਿਣ ਕਰੋ
ਪਰਮਜੀਤ ਸਿੰਘ ਤਲਵਾੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਰਮਾਂ ਦੇ ਨਾਮ ’ਤੇ ਝਗੜੇ ਅਤੇ ਨਫ਼ਰਤ ਕਰਨ ਨਾਲੋਂ ਧਰਮਾਂ ਦੀ ਸਿੱਖਿਆ ਨੂੰ ਅਮਲੀ ਰੂਪ ’ਚ ਗ੍ਰਹਿਣ ਕਰਕੇ ਹਰ ਨਾਗਰਿਕ ਨੂੰ ਸਿਰਫ਼ ਇਨਸਾਨ ਮੰਨ ਕੇ ਉਸ ਨਾਲ ਪ੍ਰੇਮ ਕਰੋ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੋ। ਉਨ੍ਹਾਂ ਕਸਬੇ ਦੇ ਵੱਖ-ਵੱਖ ਧਰਮਾਂ ਦੇ ਆਗੂਆਂ ਵੱਲੋਂ ਦਿਖਾਈ ਗਈ ਏਕਤਾ ਬਦਲੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ