ਝੌਂਪੜੀ ਵਿੱਚ ਰਹਿਣ ਵਾਲੇ 70 ਸਾਲਾ ਮਹੰਤ ਦਾ ਹੋਇਆ ਕਤਲ
ਮੋਹਾਲੀ/ਬਨੂੜ (ਐੱਮ ਕੇ ਸ਼ਾਇਨਾ)। ਮੁਹਾਲੀ ’ਚ ਪੈਂਦੇ ਪਿੰਡ ਬੁੱਢਣਪੁਰ ’ਚ ਇੱਕ ਮਹੰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਜ਼ਿਲ੍ਹੇ ਦੇ ਪਿੰਡ ਬੁੱਢਣਪੁਰ ਵਿੱਚ ਚਾਰ ਦਹਾਕਿਆਂ ਤੋਂ ਝੌਂਪੜੀ ਵਿੱਚ ਰਹਿਣ ਵਾਲੇ ਮਹੰਤ ਸ਼ੀਤਲ ਦਾਸ (70) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕਰੀਬ 10 ਵਜੇ ਮਹੰਤ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਇਸ ਤੋਂ ਬਾਅਦ ਪਿੰਡ ਵਿੱਚ ਸਨਸਨੀ ਫੈਲ ਗਈ ਅਤੇ ਪਿੰਡ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਥਾਣਾ ਬਨੂੜ ਦੀ ਪੁਲਿਸ ਨੂੰ ਸੂਚਿਤ ਕੀਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਪਿੰਡ ਵਿੱਚ ਮੱਝਾਂ ਚੋਰਾਂ ਦਾ ਇੱਕ ਗਰੋਹ ਘੁੰਮ ਰਿਹਾ ਸੀ। ਜਦੋਂ ਉਹ ਕਿਸਾਨ ਦੀ ਮੱਝ ਨੂੰ ਖੋਲ੍ਹਣ ਲੱਗਾ ਤਾਂ ਰੌਲਾ ਸੁਣ ਕੇ ਨੇੜਲੇ ਘਰ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਰੌਲਾ ਪਾਇਆ। ਵਾਰਦਾਤ ਤੋਂ ਬਾਅਦ ਉਹ ਵਿਹੜੇ ਦੀ ਕੰਧ ਟੱਪ ਕੇ ਫਰਾਰ ਹੋ ਗਏ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਮਹੰਤ ਸ਼ੀਤਲ ਦਾਸ ਦਾ ਕਤਲ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨੇ ਕੀਤਾ ਹੈ। ਥਾਣਾ ਬਨੂੜ ਦੇ ਮੁਖੀ ਕਰਮਜੀਤ ਸਿੰਘ ਰਾਜਪੁਰਾ ਦੇ ਡੀਐਸਪੀ ਸੁਰਿੰਦਰ ਮੋਹਨ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਮੌਕੇ ’ਤੇ ਪੁੱਜੇ ਬਸਪਾ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਸੂਬੇ ਵਿੱਚ ਨਿੱਤ ਦਿਨ ਕਤਲ ਹੋ ਰਹੇ ਹਨ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਿਮਾਚਲ ਅਤੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਬਨੂੜ ਇਲਾਕੇ ਵਿੱਚ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਤੋਂ ਪੁਲੀਸ ਪ੍ਰਸ਼ਾਸਨ ਦੀ ਅਣਗਹਿਲੀ ਸਾਬਤ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ