ਅੱਠ-ਅੱਠ ਕਿਲੋ ਹੈਰੋਇਨ ਦੇ ਦੋ ਪਰਚਿਆਂ ਸਮੇਤ 13 ਮਾਮਲੇ ਦਰਜ਼
- ਸਰਹੱਦੋਂ ਪਾਰ ਵੀ ਅਮਰੀਕ ਸਿੰਘ ਦੇ ਨਸ਼ੇ ਦੇ ਸੌਦਾਗਰਾਂ ਨਾਲ ਸਬੰਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਰਜਿੰਦਰਾ ਹਸਪਾਤਲ ’ਚੋਂ ਲਗਭਗ ਇੱਕ ਮਹੀਨਾ ਪਹਿਲਾ ਫਰਾਰ ਹੋਇਆ ਖਤਰਨਾਕ ਨਸ਼ਾ ਤਸਕਰ ਅਮਰੀਕ ਸਿੰਘ ਆਖਰ ਪੁਲਿਸ ਵੱਲੋਂ ਵਿਦੇਸ਼ੀ ਹਥਿਆਰਾਂ ਸਮੇਤ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਮਰੀਕ ਸਿੰਘ ’ਤੇ ਨਸ਼ਾ ਤਸਕਰੀ (Drug smuggler Amrik Singh) ਆਦਿ ਦੇ 13 ਪਰਚੇ ਦਰਜ਼ ਹਨ।
ਜਾਣਕਾਰੀ ਅਨੁਸਾਰ ਸਮਾਣਾ ਸੀਆਈਏ ਵੱਲੋਂ ਨਸ਼ਾ ਤਸਕਰ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਦੇਧਨਾ ਥਾਣਾ ਘੱਗਾ ਨੂੰ ਪਿੰਡ ਬੰਮਣਾ ਬਸਤੀ ਨੇੜਿਓ ਇੱਕ ਕਾਰ ਵਿੱਚੋਂ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ’ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ। ਪੁਲਿਸ ਵੱਲੋਂ ਇਸ ਥਾਂ ’ਤੇ ਗੁਪਤ ਇਤਲਾਹ ਮਿਲਣ ਤੋਂ ਬਾਅਦ ਆਪਣੀ ਨਾਕਾਬੰਦੀ ਕੀਤੀ ਹੋਈ ਸੀ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਲੰਘੀ 1 ਅਕਤੂਬਰ ਨੂੰ ਪਟਿਆਲਾ ਜੇਲ੍ਹ ਤੋਂ ਇਲਾਜ਼ ਲਈ ਲਿਆਂਦਾ ਅਮਰੀਕ ਸਿੰਘ (Drug smuggler Amrik Singh) ਸਮੇਤ ਹੱਥਕੜੀ ਆਪਣੇ ਸਾਥੀਆਂ ਦੀ ਮਦਦ ਨਾਲ ਫਰਾਰ ਹੋ ਗਿਆ ਸੀ।
ਇਸਦੇ ਫਰਾਰ ਹੋਣ ਸਮੇਂ ਉਸਦੇ ਸਾਥੀ ਦਿਲਪ੍ਰੀਤ ਸਿੰਘ ਨੇ ਹੀ ਭਜਾਉਣ ਵਾਲੇ ਮੁਲਜ਼ਮਾਂ ਨੂੰ ਨਜਾਇਜ਼ ਹਥਿਆਰ ਸਪਲਾਈ ਕੀਤੇ ਸਨ ਅਤੇ ਦਿਲਪ੍ਰੀਤ ਹਥਿਆਰਾਂ ਦਾ ਅਦਾਨ-ਪ੍ਰਦਾਨ ਵੀ ਅਮਰੀਕ ਸਿੰਘ ਦੇ ਕਹਿਣ ’ਤੇ ਹੀ ਕਰਦਾ ਹੈ। ਦਿਲਪ੍ਰੀਤ ਸਿੰਘ ਅਜੇ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ। ਸਮਾਣਾ ਸੀਆਈ ਦੇ ਇੰਚਾਰਜ਼ ਐੱਸਆਈ ਸੁਰਿੰਦਰ ਭੱਲਾ ਸਮੇਤ ਟੀਮ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਅਮਰੀਕ ਸਿੰਘ ਨੂੰ ਟੁਰਕੀ ਦੀ ਬਣੀ 9 ਐੱਮਐੱਮ ਪਿਸਟਲ, 3 ਮੈਗਜੀਨ ਅਤੇ 7 ਰੋਂਦਾਂ ਸਮੇਤ ਕਾਬੂ ਕੀਤਾ ਗਿਆ ਹੈ।
ਆਰਮਜ਼ ਐਕਟ ਦੇ 13 ਮਾਮਲੇ ਦਰਜ
ਦੱਸਣਯੋਗ ਹੈ ਕਿ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਦੇਧਨਾ ਥਾਣਾ ਘੱਗਾ ’ਤੇ 8-8 ਕਿਲੋਂ ਹੈਰੋਇਨ ਦੇ ਦੋ ਮਾਮਲਿਆਂ ਸਮੇਤ ਐਨਡੀਪੀਐਸ ਐਕਟ, ਆਰਮਜ਼ ਐਕਟ ਦੇ 13 ਮਾਮਲੇ ਦਰਜ਼ ਹਨ। ਇੱਕ ਮਾਮਲੇ ਵਿੱਚ ਇਸ ਨੂੰ 10 ਸਾਲਾਂ ਦੀ ਕੈਦ ਦੀ ਸਜ਼ਾ ਵੀ ਹੋਈ ਹੈ। ਸਰਹੱਦੋਂ ਪਾਰ ਵੀ ਅਮਰੀਕ ਸਿੰਘ ਦੇ ਸਬੰਧ ਦੱਸੇ ਜਾ ਰਹੇ ਹਨ। ਫਰਾਰ ਹੋਣ ਸਮੇਂ ਅਮਰੀਕ ਸਿੰਘ ਪਟਿਆਲਾ ਜ਼ੇਲ੍ਹ ’ਚ ਹੈਰੋਇਨ ਦੇ ਮਾਮਲੇ ’ਚ ਹੀ ਹਵਾਲਾਤੀ ਦੇ ਤੌਰ ’ਤੇ ਬੰਦ ਸੀ ਅਤੇ ਸਮਾਣਾ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਪਹਿਲਾਂ ਹੀ ਅਗਾਹ ਕੀਤਾ ਗਿਆ ਸੀ ਕਿ ਇਹ ਕੋਈ ਵੀ ਬਹਾਨਾ ਬਣਾ ਕੇ ਫਰਾਰ ਹੋ ਸਕਦਾ ਹੈ, ਇਸ ਲਈ ਕੋਰਟ ’ਚ ਪੇਸ਼ੀ ਜਾਂ ਹਸਪਤਾਲ ’ਚ ਦਾਖਲ ਦੌਰਾਨ ਇਸ ਨੂੰ ਪੂਰੀ ਪੁਲਿਸ ਸੁਰੱਖਿਆ ਹੇਠ ਹੀ ਰੱਖਣਾ ਹੈ। 1 ਅਕਤੂਬਰ ਨੂੰ ਅਮਰੀਕ ਸਿੰਘ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਰਜਿੰਦਰਾ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ ਅਤੇ ਜ਼ੇਲ੍ਹ ਮੰਤਰੀ ਵੱਲੋਂ ਜ਼ੇਲ੍ਹ ਦੇ ਕਈ ਮੁਲਾਜ਼ਮਾਂ ’ਤੇ ਕਾਰਵਾਈ ਵੀ ਕੀਤੀ ਗਈ ਸੀ।
ਭਜਾਉਣ ’ਚ ਮੱਦਦ ਕਰਨ ਵਾਲੇ 9 ਜਣੇ ਪਹਿਲਾਂ ਹੀ ਕੀਤੇ ਸਨ ਕਾਬੂ
ਰਜਿੰਦਰਾ ਹਸਪਤਾਲ ’ਚੋਂ ਅਮਰੀਕ ਸਿੰਘ ਨੂੰ ਭਜਾਉਣ ’ਚ ਮੱਦਦ ਕਰਨ ਵਾਲੇ 9 ਮੁਲਜ਼ਮਾਂ ਜਿਨ੍ਹਾਂ ਵਿੱਚ ਹਾਵਾਲਾਤੀ ਵੀ ਸ਼ਾਮਲ ਸਨ, ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਅਮਰੀਕ ਸਿੰਘ ਨੂੰ ਭਜਾਉਣ ਵਾਲਿਆਂ ਵਿੱਚ ਸੰਦੀਪ ਮਸੀਹ, ਅੰਕੂਸ ਮਸੀਹ ਵਾਸੀ ਕੱਕਾ ਕੰੜੀਆਲਾ ਤਰਨਤਾਰਨ, ਮਦਦ ਕਰਨ ਵਾਲੇ ਹਵਾਲਾਤੀ ਮਨਦੀਪ ਸਿੰਘ ਉਰਫ ਗੈਂਗਸਟਰ ਵਾਸੀ ਤਰਨਤਾਰਨ, ਹਵਾਲਾਤੀ ਮਲਕੀਤ ਸਿੰਘ , ਹਵਾਲਾਤੀ ਮਨਿੰਦਰ ਸਿੰਘ, ਹਵਾਲਾਤੀ ਬਲਵਿੰਦਰ ਸਿੰਘ ਉਰਫ ਬਿੱਲਾ ਉਰਫ ਸਰਪੰਚ ਵਾਸੀ ਹਵੇਲੀਆ ਤਰਨਤਾਰਨ, ਰਣਜੀਤ ਸਿੰਘ ਵਾਸੀ ਗੋਬਿੰਦਪੁਰਾ ਖਨੋਰੀ, ਰਾਕੇਸ ਕੁਮਾਰ ਉਰਫ ਬਚੀ ਵਾਸੀ ਪਟਿਆਲਾ, ਹੁਕਮ ਚੰਦ ਵਾਸੀ ਨਾਭਾ ਸ਼ਾਮਲ ਹਨ।
ਜੇਲ੍ਹ ਵਾਰਡਨ ਵੀ ਜ਼ੇਲ੍ਹ ’ਚ
ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜੇਲ੍ਹ ਮੰਤਰੀ ਵੱਲੋਂ ਐਕਸ਼ਨ ਲੈਂਦਿਆਂ ਲਾਪਰਵਾਹੀ ਵਰਤਣ ਵਾਲੇ ਜੇਲ੍ਹ ਵਾਰਡਨ ਜਸਪਾਲ ਸਿੰਘ ਅਤੇ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੋਹਾਂ ਨੂੰ ਵੀ ਪੁਲਿਸ ਵੱਲੋਂ ਗਿ੍ਰਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਅਮਰੀਕ ਸਿੰਘ ਨੂੰ ਫੜਨ ਲਈ ਕਾਫ਼ੀ ਜਦੋਂ ਜਹਿਦ ਕੀਤੀ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ