ਪੂਜਨੀਕ ਗੁਰੂ ਜੀ ਨੇ ਹਜ਼ਾਰਾਂ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਨਾਮ ਸ਼ਬਦ ਦੀ ਦਾਤ ਬਖਸ਼ੀ
ਮਾਨਸਾ, (ਸੁਖਜੀਤ ਮਾਨ)। ਇੱਥੋਂ ਦੇ ਸਰਸਾ ਰੋਡ ’ਤੇ ਸਥਿਤ ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ਵਿਖੇ ਵੱਡੀ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁਮਾ ਕੇ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ‘ਚ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕੀਤਾ। ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ਵਿਖੇ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਜਿਸ ਦੀਆਂ ਤਿਆਰੀਆਂ ਵਿਚ ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਜੁਟੇ ਹੋਏ ਸਨ। ਸਾਧ-ਸੰਗਤ ਦੇ ਬੈਠਣ ਲਈ ਕਈ ਪੰਡਾਲ ਤਿਆਰ ਕੀਤੇ ਗਏ ਸਨ। ਪ੍ਰਬੰਧਕਾਂ ਨੇ ਭਾਵੇਂ ਹੀ ਆਪਣੇ ਪੱਧਰ ’ਤੇ ਪ੍ਰਬੰਧਾਂ ’ਚ ਕੋਈ ਕਮੀਂ ਨਹੀਂ ਛੱਡੀ ਪਰ ਰੂਹਾਨੀਅਤ ਦੇ ਇਸ ਸਮਾਗਮ ਵਿੱਚ ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧ ਛੋਟੇ ਪੈ ਗਏ।
ਆਨਲਾਈਨ ਗੁਰੂਕੁਲ ਅਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰੇ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਾਧ ਸੰਗਤ ਦੇ ਭਾਰੀ ਇਕੱਠ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਮਾਨਸਾ ‘ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ।
ਉਥੇ ਸਤਿਸੰਗ ’ਚ ਸਾਧ-ਸੰਗਤ ਵੀ ਪੂਰੀ ਸੱਜ-ਧੱਜ ਪਹੁੰਚੀ ਹੋਈ ਸੀ। ਨੌਜਵਾਨਾਂ ਨੇ ਸਿਰਾਂ ’ਤੇ ਪੱਗਾਂ ਬੰਨੀਆਂ ਹੋਈਆ ਸਨ ਤੇ ਭੰਗੜੇ ਪਾ ਰਹੇ ਸਨ, ਦੂਜੇ ਪਾਸੇ ਮਾਤਾ ਭੈਣਾਂ ਨੇ ਵੀ ਰੰਗ-ਬਿਰੰਗੇ ਕੱਪੜੇ ਪਾਏ ਹੋਏ ਸਨ। ਇਸ ਦੌਰਾਨ ਪੰਜਾਬ ਦੇ ਅਮੀਰ ਪੁਰਾਤਨ ਸੱਭਿਆਚਾਰ ਦੀ ਝਲਕ ਵੀ ਵੇਖਣ ਨੂੰ ਮਿਲੀ।
ਦੱਸਣਯੋਗ ਹੈ ਕਿ ਆਨਲਾਈਨ ਗੁਰੂਕੁਲ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਪੂਜਨੀਕ ਗੁਰੂ ਜੀ ਵੱਲੋਂ ਸਮੁੱਚੇ ਦੇਸ਼ ’ਚੋਂ ਨਸ਼ਾ ਖਤਮ ਕਰਨ ਲਈ ਹਰ ਧਰਮ, ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਓ ਆਪਾਂ ਸਾਰੇ ਰਲਕੇ ਨਸ਼ਿਆਂ ਦੇ ਦੈਂਤ ਨੂੰ ਭਜਾਈਏ ਤਾਂ ਜੋ ਨਸ਼ਿਆਂ ਦੇ ਕਹਿਰ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ